ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਸਥਾਪਨਾ ਤੋਂ ਪਹਿਲਾਂ ਗੌਰਮਿੰਟ ਐਗਰੀਕਲਚਰਲ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਅਤੇ ਯੂਨੀਵਰਸਿਟੀ ਬਣਨ ਉਪਰੰਤ ਖੇਤੀਬਾੜੀ ਕਾਲਜ ਦੇ ਪਹਿਲੇ ਡੀਨ ਡਾ: ਗੁਰਸ਼ਾਮ ਸਿੰਘ ਗਰੇਵਾਲ ਜੀ ਦਾ ਪਿਛਲੇ ਦਿਨੀਂ ਪਟਿਆਲਾ ਵਿਖੇ ਦੇਹਾਂਤ ਹੋ ਗਿਆ ਹੈ। ਡਾ: ਗੁਰਸ਼ਾਮ ਸਿੰਘ 1962 ਤੋਂ 1966 ਤੀਕ ਖੇਤੀਬਾੜੀ ਕਾਲਜ ਦੇ ਡੀਨ ਰਹੇ । ਅਮਰੀਕਾ ਦੀ ਪ੍ਰਸਿੱਧ ਕਾਰਨਲ ਯੂਨੀਵਰਸਿਟੀ ਤੋਂ ਪੀ ਐੱਚ ਡੀ ਪ੍ਰਾਪਤ ਡਾ: ਗੁਰਸ਼ਾਮ ਸਿੰਘ ਗਰੇਵਾਲ ਦੇਸ਼ ਦੀ ਵੰਡ ਮਗਰੋਂ ਪੰਜਾਬ ਦੇ ਖੇਤੀਬਾੜੀ ਵਿਕਾਸ ਵਿ¤ਚ ਪਹਿਲਾਂ ਡਿਪਟੀ ਡਾਇਰੈਕਟਰ ਖੇਤੀਬਾੜੀ ਅਤੇ ਬਾਅਦ ਵਿੱਚ ਡਾਇਰੈਕਟਰ ਖੇਤੀਬਾੜੀ ਵਜੋਂ ਕਾਰਜਸ਼ੀਲ ਰਹੇ। ਵਿਸ਼ਵ ਖੁਰਾਕ ਸੰਸਥਾ ਵਿੱਚ ਸੀਨੀਅਰ ਖੇਤੀਬਾੜੀ ਸਲਾਹਕਾਰ ਵਜੋਂ ਉਨ੍ਹਾਂ ਦੀਆਂ ਸੇਵਾਵਾਂ ਤੋਂ ਪੂਰੇ ਵਿਸ਼ਵ ਨੇ ਲਾਭ ਉਠਾਇਆ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਡਾ: ਗੁਰਸ਼ਾਮ ਸਿੰਘ ਗਰੇਵਾਲ ਦੀਆਂ ਖੇਤੀਬਾੜੀ ਅਧਿਆਪਨ, ਖੋਜ ਅਤੇ ਸਖਸ਼ੀਅਤ ਉਸਾਰੀ ਦੇ ਖੇਤਰ ਵਿੱਚ ਦਿੱਤੀਆਂ ਸੇਵਾਵਾਂ ਨੂੰ ਚੇਤੇ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪਾਈਆਂ ਪੈੜਾਂ ਅਤੇ ਪੂਰਨਿਆਂ ਸਦਕਾ ਹੀ ਯੂਨੀਵਰਸਿਟੀ ਵਿਕਾਸ ਦੀਆਂ ਬੁਲੰਦੀਆਂ ਤੇ ਪਹੁੰਚੀ ਹੈ। ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਤੇ ਸਾਬਕਾ ਵਾਈਸ ਚਾਂਸਲਰ ਡਾ: ਗੁਰਚਰਨ ਸਿੰਘ ਕਾਲਕਟ, ਖੇਤੀਬਾੜੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ, ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਤੋਂ ਇਲਾਵਾ ਸਮੂਹ ਡੀਨ ਡਾਇਰੈਕਟਰ ਸਾਹਿਬਾਨ ਨੇ ਵੀ ਡਾ: ਗੁਰਸ਼ਾਮ ਸਿੰਘ ਜੀ ਦੇ ਅਕਾਲ ਚਲਾਣੇ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਪੀ ਏ ਯੂ ਦੇ ਪੁਰਾਣੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਜਥੇਬੰਦੀ ਵੱਲੋਂ ਡਾ: ਲਖਵੀਰ ਸਿੰਘ ਬਰਾੜ, ਸਾਬਕਾ ਨਿਰਦੇਸ਼ਕ ਬਾਗਬਾਨੀ, ਡਾ: ਗੁਰਦੇਵ ਸਿੰਘ ਸੰਧੂ ਸਾਬਕਾ ਪ੍ਰਧਾਨ ਪੀ ਏ ਯੂ ਟੀਚਰਜ ਐਸੋਸੀਏਸ਼ਨ ਤੋਂ ਇਲਾਵਾ ਡਾ: ਗਰੇਵਾਲ ਦੇ ਅਨੇਕਾਂ ਪੁਰਾਣੇ ਵਿਦਿਆਰਥੀਆਂ ਨੇ ਉਨ੍ਹਾਂ ਦੀ ਯਾਦ ਵਿੱਚ ਸ਼ੋਕ ਪ੍ਰਗਟਾਇਆ ਹੈ। ਪਰਿਵਾਰਕ ਸੂਤਰਾਂ ਅਨੁਸਾਰ ਡਾ: ਗੁਰਸ਼ਾਮ ਨਮਿਤ ਅੰਤਿਮ ਅਰਦਾਸ 25 ਜੁਲਾਈ ਦਿਨ ਬੁੱਧਵਾਰ ਨੂੰ ਬਾਅਦ 12 30 ਵਜੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਨੇੜੇ 23 ਨੰਬਰ ਫਾਟਕ, ਪਟਿਆਲਾ ਵਿਖੇ ਹੋਵੇਗੀ।