ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਬਾ ਮੇਜਰ ਸਿੰਘ ਨਾਲ ਵਾਂ ਬਾਬਾ ਤਾਰਾ ਸਿੰਘ ਦੀ ਜਮੀਨ ਤਬਾਦਲੇ ਸਬੰਧੀ ਕੁਝ ਸ਼ੋਹਰਤ ਦੇ ਭੁੱਖੇ ਲੋਕਾਂ ਵੱਲੋਂ ਸ਼੍ਰੋਮਣੀ ਕਮੇਟੀ ਵਿਰੁੱਧ ਪ੍ਰਕਾਸ਼ਿਤ ਕਰਵਾਈਆਂ ਜਾ ਰਹੀਆਂ ਖਬਰਾਂ ਦਾ ਗੰਭੀਰ ਨੋਟਿਸ ਲਿਆ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਖਿਲਾਫ ਕੂੜ ਪ੍ਰਚਾਰ ਕਰਨਾ ਤੇ ਫੋਕੀ ਸ਼ੋਹਰਤ ਹਾਸਲ ਕਰਨ ਵਾਲੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਪਿਛਲੇ ਛੇ ਸਾਲਾਂ ਦੇ ਅਰਸੇ ਦੌਰਾਨ ਗੁਰੂ ਘਰਾਂ ਦੀਆਂ ਬਹੁਤ ਸਾਰੀਆਂ ਜਾਇਦਾਦਾਂ ਨਜਾਇਜ ਕਾਬਜ ਧਾਰੀਆਂ ਦੇ ਕਬਜੇ ਹੇਠੋਂ ਛੁਡਾਈਆਂ ਗਈਆਂ ਹਨ ਤੇ ਜਮੀਨਾਂ ਦੇ ਠੇਕੇਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਥੋਂ ਤੀਕ ਬਾਬਾ ਮੇਜਰ ਸਿੰਘ ਨਾਲ ਬੁੰਗੇ ਵਾਲੀ ਜਗ੍ਹਾ ਦੇ ਤਬਾਦਲੇ ਦਾ ਸਵਾਲ ਹੈ ਉਹ ਜਗ੍ਹਾ ਤ੍ਰੈ-ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਾਸਤੇ ਅਤਿਅੰਤ ਜਰੂਰੀ ਹੈ।
ਉਹਨਾਂ ਕਿਹਾ ਕਿ ਕੁਝ ਪੰਥ ਵਿਰੋਧੀ ਤਾਕਤਾਂ ਇਸ ਮੁੱਦੇ ਨੂੰ ਬਿਨਾਂ ਵਜ੍ਹਾ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਵਾਂ ਬਾਬਾ ਤਾਰਾ ਸਿੰਘ ਦੀ ਕੇਵਲ 10 ਕਿਲੇ ਜਮੀਨ ਨਾਲ ਤਬਾਦਲੇ ਸਬੰਧੀ ਪਿਛਲੀ ਮੀਟਿੰਗ ‘ਚ ਚਰਚਾ ਹੋਈ ਸੀ। ਇਸ ਤਬਾਦਲੇ ਪ੍ਰਤੀ ਉਹਨਾਂ ਸਪਸ਼ਟ ਕੀਤਾ ਹੈ ਕਿ ਕਾਗਜ ਪੱਤਰ ਦੇਖਣ ਉਪਰੰਤ ਹੀ ਅਗਲੇਰੀ ਕਾਰਵਾਈ ਹੋਵੇਗੀ। ਜੇਕਰ ਕਾਗਜ ਪੱਤਰ ਸਹੀ ਹੋਣਗੇ ਤਾਂ ਹੀ ਤਬਾਦਲਾ ਕਰਨ ਬਾਰੇ ਅਗਲੇਰੀ ਕਾਰਵਾਈ ਬਾਰੇ ਸੋਚਿਆ ਜਾਵੇਗਾ। ਜਿਥੋਂ ਤੀਕ ਬਾਜਾਰੀ ਕੀਮਤ ਦਾ ਸੁਆਲ ਹੈ ਵਾਂ ਬਾਬਾ ਤਾਰਾ ਸਿੰਘ ਪਿੰਡ ਦੀ 10 ਕਿਲੇ ਜਮੀਨ ਦੀ ਬਾਜਾਰੀ ਕੀਮਤ ਸ਼ਹਿਰ ਨਾਲੋਂ ਘੱਟ ਹੀ ਬਣਦੀ ਹੈ।
ਉਹਨਾਂ ਕਿਹਾ ਕਿ ਸਿੱਖ ਸੰਸਥਾ ਨੂੰ ਬਦਨਾਮ ਕਰਨ ਦੀ ਖਾਤਰ ਹੀ ਕੁਝ ਵਿਰੋਧੀ ਤਾਕਤਾਂ ਨੇ ਗਿਣੀ ਮਿਥੀ ਸਾਜਿਸ਼ ਤਹਿਤ 10 ਕਿਲੇ ਜਮੀਨ ਦੀ ਬਜਾਏ 22 ਕਿਲੇ ਜਮੀਨ ਦੇ ਤਬਾਦਲੇ ਦਾ ਰੌਲਾ ਪਾ ਦਿੱਤਾ ਹੈ ਉਹਨਾਂ ਕਿਹਾ ਕਿ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਦਾ ਮਤਲਬ ਹੀ ਮੁਦਿਆਂ ਤੇ ਵਿਚਾਰ ਚਰਚਾ ਕਰਨਾ ਹੁੰਦਾ ਹੈ, ਪ੍ਰੰਤੂ ਉਸ ਮੁੱਦੇ ਨੂੰ ਅਮਲ ਵਿੱਚ ਲਿਆਉਣ ਲਈ ਸਭ ਤੋਂ ਪਹਿਲਾਂ ਕਾਨੂੰਨੀ ਪ੍ਰਕ੍ਰਿਆ ਵੇਖੀ ਜਾਂਦੀ ਹੈ। ਉਹਨਾਂ ਸਿੱਖ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਪੰਥ ਵਿਰੋਧੀ ਲੋਕਾਂ ਤੋਂ ਸੁਚੇਤ ਰਹਿਣ ਤੇ ਕਿਸੇ ਪ੍ਰਕਾਰ ਦੀ ਗਲਤ ਅਫਵਾਹ ਤੇ ਅਮਲ ਨਾ ਕਰਨ।