ਗੁਰਬਚਨ ਸਿੰਘ ਭੁੱਲਰ
ਪੰਜਾਬ ਵਿਧਾਨ ਸਭਾ ਵਿਚ ਲੋਕ-ਪਿਆਰੇ ਗਾਇਕ ਮੁਹੰਮਦ ਸਦੀਕ ਵੱਲੋਂ ਆਧੁਨਿਕ ਪੰਜਾਬੀ ਕਵਿਤਾ ਦੇ ਉੱਚ-ਦੁਮਾਲੜੇ ਨਾਂ ਪ੍ਰੋ. ਮੋਹਨ ਸਿੰਘ ਦੀ ਇਕ ਬੇਹੱਦ ਖ਼ੂਬਸੂਰਤ ਅਤੇ ਅਰਥਭਰਪੂਰ ਰਚਨਾ ਪੇਸ਼ ਕੀਤੇ ਜਾਣ ਦੇ ਸੰਬੰਧ ਵਿਚ ਜੋ ਕੁਛ ਹੋਇਆ, ਉਹ ਪੰਜਾਬੀਆਂ ਦਾ, ਖਾਸ ਕਰਕੇ ਲੇਖਕਾਂ ਤੇ ਕਲਾਕਾਰਾਂ ਦਾ ਕਈ ਪੱਖਾਂ ਤੋਂ ਧਿਆਨ ਮੰਗਦਾ ਹੈ। ਇਹ ਘਟਨਾ ਵਾਪਰਨ ਤੋਂ ਤੁਰਤ ਮਗਰੋਂ ਚੰਡੀਗੜ੍ਹ ਤੋਂ ਇਕ ਪੱਤਰਕਾਰ ਮਿੱਤਰ ਨੇ ਫ਼ੋਨ ਕੀਤਾ ਤਾਂ ਮੈਂ ਸਮਝਿਆ, ਬਾਦਲ ਸਾਹਿਬ ਤੋਂ ਉਹਦਾ ਭਾਵ ਸੁਖਬੀਰ ਸਿੰਘ ਤੋਂ ਹੈ। ਮੈਂ ਗੱਲ ਆਈ-ਗਈ ਕਰਨ ਲੱਗਿਆ ਤਾਂ ਉਹਨੇ ਸਪੱਸ਼ਟ ਕੀਤਾ ਕਿ ਉਹ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਗੱਲ ਕਰ ਰਿਹਾ ਹੈ।
ਕਹਾਣੀ ਇਹ ਬਣੀ ਕਿ ਭਦੌੜ ਹਲਕੇ ਤੋਂ ਬਾਦਲ ਸਾਹਿਬ ਦੇ ਉਮੀਦਵਾਰ, ਉੱਚੀਆਂ ਪਦਵੀਆਂ ਉੱਤੇ ਰਹੇ ਆਈ ਏ ਐੱਸ ਅਧਿਕਾਰੀ ਦਰਬਾਰਾ ਸਿੰਘ ਗੁਰੂ ਨੂੰ ਹਰਾ ਕੇ ਕਾਂਗਰਸੀ ਵਿਧਾਇਕ ਬਣੇ ਗਾਇਕ ਮੁਹੰਮਦ ਸਦੀਕ ਨੇ ਵਿਧਾਨ ਸਭਾ ਵਿਚ ਆਪਣੇ ਹਲਕੇ ਦੀ ਕਿਸੇ ਵਿਦਿਅਕ ਸਮੱਸਿਆ ਬਾਰੇ ਸਰਕਾਰ ਤੋਂ ਸਵਾਲ ਪੁੱਛਿਆ। ਮੁੱਖ ਮੰਤਰੀ ਜੀ ਸ਼ਾਇਦ ਵਿੱਦਿਆ-ਸਿ਼ੱਦਿਆ ਬਾਰੇ ਐਵੇਂ ਵਾਧੂ ਮਹੱਤਵਹੀਣ ਗੱਲਾਂ ਉੱਤੇ ਸਦਨ ਦਾ ਕੀਮਤੀ ਸਮਾਂ ਨਹੀਂ ਸਨ ਗੁਆਉਣਾ ਚਾਹੁੰਦੇ। ਤੇ ਜਾਂ ਫੇਰ ਸ਼ਾਇਦ ਗੱਲ ਨੂੰ ਆਪਣੀ ਪਹਿਲਾਂ ਤੋਂ ਹੀ ਸੋਚੀ-ਮਿਥੀ ਸੇਧ ਵਿਚ ਲਿਜਾਣਾ ਚਾਹੁੰਦੇ ਸਨ ਕਿਉਂਕਿ ਸਦੀਕ ਨੇ ਅਖ਼ਬਾਰਾਂ ਨੂੰ ਦੱਸਿਆ ਕਿ ਸਦਨ ਸ਼ੁਰੂ ਹੋਣ ਦੇ ਸਮੇਂ ਤੋਂ ਹੀ ਬਾਦਲ ਸਾਹਿਬ ਉਹਨੂੰ ਵਾਰ ਵਾਰ ਗੀਤ ਸੁਣਾਉਣ ਲਈ ਆਖ ਰਹੇ ਸਨ। ਕੀ ਉਹ ਗੀਤ ਸੁਣਾਉਣ ਦੀ ਵਾਰ ਵਾਰ ਮੰਗ ਇਸੇ ਲਈ ਕਰ ਰਹੇ ਸਨ ਕਿ ਉਹ ਕੁਛ ਹੋਵੇ ਜੋ ਹੋਇਆ? ਖ਼ੈਰ, ਇਸ ਵਾਰ ਉਹ ਸਦਨ ਦੀ ਕਾਰਵਾਈ ਦੌਰਾਨ ਬੋਲੇ, ਸਦੀਕ ਛੱਡ ਇਹ ਗੱਲਾਂ, ਕੁਛ ਗਾ ਕੇ ਸੁਣਾ।
ਜਦੋਂ ਸਦੀਕ ਗਾਉਣ ਲਈ ਤਿਆਰ ਹੋਣ ਲੱਗਿਆ, ਉਹਨੂੰ ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਅਤੇ ਕੁਛ ਹੋਰ ਵਿਧਾਇਕਾਂ ਨੇ ਰੋਕਣਾ ਚਾਹਿਆ। ਪਰ ਉਹ ਕਹਿੰਦਾ, ਬਾਦਲ ਸਾਹਿਬ ਸਦਨ ਵਿਚ ਸਭ ਤੋਂ ਵੱਡੀ ਉਮਰ ਦੇ ਸਿਆਸਤਦਾਨ ਹਨ ਤੇ ਮੈਂ ਇਹਨਾਂ ਦੀ ਬਹੁਤ ਇੱਜ਼ਤ ਕਰਦਾ ਹਾਂ, ਇਸ ਕਰਕੇ ਮੈਂ ਇਹਨਾਂ ਦਾ ਕਿਹਾ ਨਹੀਂ ਮੋੜ ਸਕਦਾ। ਇਸ ਦੌਰਾਨ ਸਪੀਕਰ ਸਾਹਿਬ ਨੇ ਵੀ ਮੁੱਖ ਮੰਤਰੀ ਜੀ ਦੀ ਫ਼ਰਮਾਇਸ਼ ਦੀ ਪੁਸ਼ਟੀ ਕਰਦਿਆਂ ਗਾਉਣ ਦੀ ਆਗਿਆ ਦੇ ਦਿੱਤੀ। ਜਦੋਂ ਹੀ ਸਦੀਕ ਨੇ ਕਾਵਿ-ਸਮਰਾਟ ਮੋਹਨ ਸਿੰਘ ਦੀ ਗ਼ਜ਼ਲ ਸਮਾਪਤ ਕੀਤੀ, ਮੁੱਖ ਮੰਤਰੀ ਜੀ ਬੋਲੇ, ਸਦੀਕ ਹੁਣ ਕਾਂਗਰਸ ਦੀ ਹਾਰ ਦੇ ਵੈਣ ਵੀ ਪਾ ਦੇ। ਸਦੀਕ ਦਾ ਅਵਾਕ ਰਹਿ ਜਾਣਾ ਕੁਦਰਤੀ ਸੀ। ਮੁੱਖ ਮੰਤਰੀ ਬਾਦਲ ਜੀ ਦੀ ਸ਼ਤਰੰਜੀ ਚਾਲ ਤੋਂ ਉਹ ਮਾਤ ਖਾ ਚੁੱਕਿਆ ਸੀ ਅਤੇ ਉਹਨਾਂ ਦੇ ਇਹਨਾਂ ਬੋਲਾਂ ਨਾਲ ਦੂਜੇ ਅਕਾਲੀਆਂ ਨੂੰ ਉਸ ਉੱਤੇ ਅਤੇ ਨਾਲ ਹੀ ਕਾਂਗਰਸ ਉੱਤੇ ਹਮਲੇ ਕਰਨ ਵਾਸਤੇ ਲੋੜੀਂਦਾ ਸੰਕੇਤ ਮਿਲ ਚੁੱਕਿਆ ਸੀ।
ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਬਾਰੇ ਇਹ ਸਭ ਸੁਣ ਕੇ ਇਸ ਘਟਨਾ ਨੇ ਮੇਰੇ ਮਨ ਵਿਚ ਬਿਲਕੁਲ ਹੀ ਵੱਖਰਾ ਰੂਪ ਧਾਰਨ ਕਰ ਲਿਆ ਅਤੇ ਕਈ ਸਵਾਲ ਉੱਭਰ ਕੇ ਸਾਹਮਣੇ ਆ ਖਲੋਤੇ। ਕਲਾ ਤੇ ਸਿਆਸਤ ਦਾ ਆਪਸ ਵਿਚ ਕੀ ਨਾਤਾ ਹੈ? ਕਲਾ ਦਾ ਸਮਾਜਕ ਜਮਾਤਾਂ ਨਾਲ ਕੀ ਰਿਸ਼ਤਾ ਹੈ? ਕੀ ਖਰੀ ਕਲਾ ਅਪਵਿੱਤਰ, ਭਾਵ ਪਲੀਤ ਵੀ ਹੋ ਸਕਦੀ ਹੈ ਜੋ ਭਲੇ ਕਹਾਉਣ ਵਾਲੇ ਲੋਕਾਂ ਉੱਤੇ ਗੰਦੇ ਛਿੱਟੇ ਪਾਉਂਦੀ ਹੋਵੇ? ਕਲਾ ਨੂੰ ਹਰ ਕੋਈ ਮਾਣ ਸਕਦਾ ਹੈ ਕਿ ਇਹਨੂੰ ਮਾਣਨ ਵਾਸਤੇ ਕਿਸੇ ਖਾਸ ਸੁਚੱਜ ਤੇ ਸਲੀਕੇ ਦੀ ਲੋੜ ਪੈਂਦੀ ਹੈ? ਜਿਵੇਂ ਸਿਆਸਤਦਾਨਾਂ ਨੂੰ ਆਪਣੀ ਵੋਟ-ਆਧਾਰਿਤ ਮੰਗਵੀਂ ਹਉਂ ਪਿਆਰੀ ਹੁੰਦੀ ਹੈ ਜਿਸ ਕਰਕੇ ਉਹਨਾਂ ਦਾ ਰਾਹ ਉਲੰਘਣ ਵਾਲੇ ਅੱਖ ਦਾ ਤਿਣਕਾ ਬਣ ਜਾਂਦੇ ਹਨ, ਕੀ ਕਲਾਕਾਰ ਦਾ ਵੀ ਕੋਈ ਕਲਾ-ਆਧਾਰਿਤ ਸੁੱਚਾ ਸਵੈਮਾਣ ਹੁੰਦਾ ਹੈ ਜਿਸਦਾ ਆਦਰ ਕੀਤਾ ਜਾਣਾ ਚਾਹੀਦਾ ਹੈ ਜਾਂ ਉਸ ਉੱਤੇ ਝੂਠੇ ਦੂਸ਼ਣ ਲਾ ਕੇ ਤੇ ਹੋ-ਹੋ-ਹੋ ਕਰ ਕੇ ਮਨ ਦੀ ਮੌਜ ਅਨੁਸਾਰ ਉਹਦਾ ਮਖੌਲ ਉਡਾਇਆ ਤੇ ਨਿਰਾਦਰ ਕੀਤਾ ਜਾ ਸਕਦਾ ਹੈ?
ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਬਾਬੇ ਨਾਨਕ ਦਾ ਅਤੇ ਉਹਦੇ ਬੇਲੀ ਭਾਈ ਮਰਦਾਨੇ ਦਾ ਦੇਸ ਦੇ, ਖਾਸ ਕਰਕੇ ਪੰਜਾਬ ਦੇ ਇਤਿਹਾਸ ਵਿਚ ਕੀ ਸਥਾਨ ਹੈ। ਪੰਜਾਬ ਦਾ ਲੋਕ-ਮਨ ਸਰਬਸੰਮਤੀ ਨਾਲ ਆਖਦਾ ਹੈ: ਨਾਨਕ ਜੇਡ ਫ਼ਕੀਰ ਨਾ ਕੋਈ! … ਧੰਨ ਬਾਬਾ ਨਾਨਕ ਜੀਹਨੇ ਜੱਗ ਤਾਰਿਆ!… ਨਾਨਕ ਨਾਨਕ ਹੋਵੇ ਵੇਲੇ ਅੰਮ੍ਰਿਤ ਦੇ! ਵਿਆਹ ਦੇ ਨਿਰੋਲ ਸੰਸਾਰਿਕ-ਰੁਮਾਂਚਿਕ ਕਾਰਜ ਸਮੇਂ ਵੀ ਮਸਤੀ ਵਿਚ ਆਈਆਂ ਮੁਟਿਆਰ ਮੇਲਣਾਂ ਰਸਮਾਂ ਨਿਭਾਉਣ ਸਮੇਂ ਕਿਧਰੇ ਜਾਣ ਲੱਗਿਆਂ, ਮਗਰੋਂ ਜੋ ਮਰਜ਼ੀ ਗਾਉਂਦੀਆਂ ਫਿਰਨ, “ਆਉਂਦੀ ਕੁੜੀਏ…” ਲੜੀ ਦੇ ਗੀਤਾਂ ਦਾ ਆਰੰਭ ਇਹ ਦੋ ਨਾਂ ਧਿਆ ਕੇ ਹੀ ਕਰਦੀਆਂ ਹਨ: ਆਉਂਦੀ ਕੁੜੀਏ, ਜਾਂਦੀ ਕੁੜੀਏ, ਚੱਕ ਲੈ ਬਾਜ਼ਾਰ ਵਿਚੋਂ ਕਾਨਾ, ਨੀ ਭਗਤੀ ਦੋ ਕਰ ਗਏ, ਬਾਬਾ ਨਾਨਕ ਤੇ ਮਰਦਾਨਾ, ਭਗਤੀ ਦੋ ਕਰ ਗਏ! ਰਿਸ਼ੀ-ਕਵੀ ਪ੍ਰੋ. ਪੂਰਨ ਸਿੰਘ ਕਹਿੰਦੇ ਹਨ:ਪੰਜਾਬ ਜੀਂਦਾ ਗੁਰਾਂ ਦੇ ਨਾਂ ’ਤੇ! ਭਾਈ ਮਰਦਾਨੇ ਦਾ ਤਾਂ ਕਹਿਣਾ ਹੀ ਕੀ! ਸਾਡੇ ਇਤਿਹਾਸ ਵਿਚ ਉਹਦੇ ਨਾਲੋਂ ਸੁਭਾਗਾ ਕੌਣ ਹੋਵੇਗਾ ਜਿਸਨੂੰ ਬਾਬੇ ਨਾਨਕ ਦੀ ਸਾਂਝੀ ਬੁਰਕੀ ਵਾਲੀ ਦੋਸਤੀ ਤੇ ਭਰੱਪਣ ਦਾ ਮਾਣ ਹਾਸਲ ਹੋਵੇ ਅਤੇ ਜਿਸਦੀ ਰਬਾਬ ਨਾਨਕ-ਨਾਨਕ ਤੋਂ ਬਿਨਾਂ ਹੋਰ ਕੋਈ ਆਵਾਜ਼ਾ ਕੱਢਣ ਹੀ ਨਾ ਜਾਣਦੀ ਹੋਵੇ! ਲੋਕ ਆਖਦੇ ਹਨ: ਨਾਨਕ ਨਾਨਕ ਕਰਦੀ ਰਬਾਬ ਮਰਦਾਨੇ ਦੀ!
ਬਿਕਰਮ ਸਿੰਘ ਮਜੀਠੀਆ ਬਾਦਲ ਸਾਹਿਬ ਦੇ ਮੰਤਰੀ ਮੰਡਲ ਵਿਚ ਮੰਤਰੀ ਦੀ ਪਦਵੀ ਲਈ ਲੋੜੀਂਦੀ ਪੂਰੀ ਜੋਗਤਾ ਰੱਖਣ ਵਾਲੇ ਸੱਜਨ ਹਨ। ਉਹਨਾਂ ਦੀ ਇਸ ਇਕੋ-ਇਕ ਜੋਗਤਾ ਨੂੰ ਉਹ ਆਪ ਵੀ ਜਾਣਦੇ ਹਨ ਤੇ ਪੰਜਾਬ ਦੇ ਲੋਕ ਵੀ ਚੰਗੀ ਤਰ੍ਹਾਂ ਜਾਣਦੇ ਹਨ। ਉਹਨਾਂ ਦਾ ਮਨੋਹਰ ਵਿਚਾਰ ਹੈ ਕਿ ਸਦੀਕ ਨੇ“ਮਰਦਾਨੇ ਵਾਂਗ ਛੇੜੀਏ ਜੇ ਸੁਰ ਰਬਾਬ ਦਾ…ਮੁੜ ਕੇ ਪੰਜਾਬ ਸਾਜੀਏ ਨਾਨਕ ਦੇ ਖ਼ਾਬ ਦਾ” ਗਾਉਣ ਨਾਲ ਸਦਨ ਦੀ ਪਵਿੱਤਰਤਾ ਘਟਾ ਕੇ ਉਹਨੂੰ ਰਿਕਾਰਡਿੰਗ ਸਟੂਡੀਓ ਬਣਾ ਦਿੱਤਾ ਹੈ! ਬੋਲੋ ਜੀ ਵਾਹਿਗੁਰੂ! ਪਹਿਲੀ ਵਾਰ ਪਤਾ ਲੱਗਿਆ ਕਿ ਰਿਕਾਰਡਿੰਗ ਸਟੂਡੀਓ ਕੋਈ ਦਾਰੂ ਦੇ ਠੇਕੇ ਵਰਗੀ ਜਾਂ ਬਾਜ਼ਾਰੀ ਕੋਠੇ ਵਰਗੀ ਥਾਂ ਹੁੰਦੀ ਹੈ ਜਿਸਤੋਂ ਮਜੀਠੀਆ ਜੀ ਵਰਗੇ ਸਾਊ ਬੰਦਿਆਂ ਨੂੰ ਦੂਰ ਦੂਰ ਹੀ ਰਹਿਣਾ ਚਾਹੀਦਾ ਹੈ। ਬਾਬਾ ਕਿਹਾ ਕਰਦਾ ਸੀ, ਰਬਾਬ ਛੇੜ ਭਾਈ ਮਰਦਾਨਿਆ, ਬਾਣੀ ਆਈ ਐ! ਜੇ ਅੱਜ ਬਾਬਾ ਦੇਹਮਾਨ ਹੁੰਦਾ, ਉਹਨੇ ਰਬਾਬ ਛੇੜਨ ਦੀ ਥਾਂ ਕਹਿਣਾ ਸੀ, ਰਬਾਬ ਚੁੱਕ ਭਾਈ ਮਰਦਾਨਿਆ, ਕਿਸੇ ਹੋਰ ਦੇਸ ਚੱਲੀਏ ਜਿਥੇ ਸਾਡਾ ਨਾਂ ਲਿਆਂ ਉਸ ਥਾਂ ਦੀ ਪਵਿੱਤਰਤਾ ਭੰਗ ਨਾ ਹੁੰਦੀ ਹੋਵੇ!
ਸਦੀਕ ਦਾ ਮਖੌਲ ਉਡਾਉਣ ਵਾਲਿਆਂ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਦੁਨੀਆ ਦੇ ਅਨੇਕ ਦੇਸਾਂ ਦੀਆਂ ਪਾਰਲੀਮੈਂਟਾਂ ਵਿਚ, ਹੋਰ ਤਾਂ ਹੋਰ, ਸੰਸਾਰ ਦੀ ਮਹਾਂ-ਪਾਰਲੀਮੈਂਟ ਅਰਥਾਤ ਸੰਯੁਕਤ ਰਾਸ਼ਟਰ ਵਿਚ ਗਾਇਕੀ, ਸੰਗੀਤ ਤੇ ਨ੍ਰਿਤ ਆਦਿ ਦੀਆਂ ਪੇਸ਼ਕਾਰੀਆਂ ਕੋਈ ਅਲੋਕਾਰ ਗੱਲ ਨਹੀਂ। ਸਮੇਂ ਸਮੇਂ ਸਾਡੇ ਕਈ ਭਾਰਤੀ ਕਲਾਕਾਰਾਂ ਨੂੰ ਸੰਯੁਕਤ ਰਾਸ਼ਟਰ ਵੱਲੋਂ ਆਪਣੀ ਕਲਾ ਦੀ ਕਿਰਪਾ ਕਰਨ ਦੀ ਬੇਨਤੀ ਕੀਤੀ ਜਾਂਦੀ ਰਹੀ ਹੈ। ਏਨੀਂ ਦੂਰ ਕਿਉਂ ਜਾਣਾ, ਦਸਦੇ ਹਨ, ਅਕਾਲੀ ਸਾਂਸਦ ਕਿੱਕਰ ਸਿੰਘ ਨੇ ਇਕ ਵਾਰ ਆਪਣੀ ਸੰਸਦ ਵਿਚ ਕਵਿਤਾ ਪੜ੍ਹੀ ਸੀ। ਇਹ ਗੱਲ ਵੱਖਰੀ ਹੈ ਕਿ ਸ਼ਬਦਾਵਲੀ ਕਾਰਨ ਦੁਰਦੁਰ ਹੋਣ ਮਗਰੋਂ ਉਹ ਸਪੀਕਰ ਨੂੰ ਰਿਕਾਰਡ ਵਿਚੋਂ ਮੇਸਣੀ ਪੈ ਗਈ ਸੀ। ਉਸ ਕਵਿਤਾ ਦੀਆਂ ਦੋ ਸਤਰਾਂ ਅਜੇ ਵੀ ਮੈਨੂੰ ਚੇਤੇ ਹਨ: ਨਹਿਰੂ ਨੇ ਬਣਾਈਆਂ ਨਹਿਰਾਂ, ਪੁਟਾਏ ਕੂਪ ਜੀ/ ਇੰਦਰਾ ਨੇ ਕਟਵਾਈਆਂ ਇੰਦਰੀਆਂ, ਲਵਾਏ ਲੂਪ ਜੀ। ਕੁਛ ਸਮੇਂ ਮਗਰੋਂ ਕੁਛ ਪ੍ਰਮੁੱਖ ਅਕਾਲੀ ਆਗੂ ਮੰਗਾਂ ਦਾ ਲੰਮਾ-ਚੌੜਾ ਚਿੱਠਾ ਲੈ ਕੇ ਇੰਦਰਾ ਗਾਂਧੀ ਨੂੰ ਮਿਲਣ ਗਏ। (ਵੱਡੇ ਬਾਦਲ ਜੀ ਉਹਨਾਂ ਵਿਚ ਸ਼ਾਮਲ ਸਨ ਕਿ ਨਹੀਂ, ਮੈਨੂੰ ਇਹ ਜਾਣਕਾਰੀ ਨਹੀਂ)। ਕਹਿੰਦੇ ਹਨ, ਇੰਦਰਾ ਨੇ ਮੱਥੇ ਉੱਤੇ ਤਿਉੜੀ ਪਾ ਕੇ ਕਿਹਾ,“ਕੀਕਰ ਸਿੰਘ ਕੋ ਤੋ ਕਾ ਖਾ ਭੀ ਨਹੀਂ ਆਤਾ। ਸੁਨਾ ਹੈ, ਸੰਤ ਜੀ ਕਵਿਤਾ ਲਿਖਨੇ ਕਾ ਸ਼ੌਕ ਰਖਤੇ ਹੈਂ ਔਰ ਵੁਹ ਕਵਿਤਾ ਲਿਖਤੇ ਭੀ ਇਸੀ ਰੰਗ ਮੇਂ ਹੈਂ!” ਉਹਦਾ ਭਾਵ ਸੀ, ਇਹ ਕਵਿਤਾ ਕਿੱਕਰ ਸਿੰਘ ਤੋਂ ਸੰਤ ਫ਼ਤਿਹ ਸਿੰਘ ਨੇ ਲਿਖ ਕੇ ਬੁਲਵਾਈ ਹੈ। ਮੰਗ-ਪੱਤਰ ਅਕਾਲੀ ਆਗੂਆਂ ਦੇ ਹੱਥਾਂ ਵਿਚ ਕੰਬਣ ਲੱਗ ਗਿਆ। ਗ਼ਜ਼ਬ ਸਾਂਈਂ ਦਾ, ਅਜਿਹੇ ਇਤਿਹਾਸ ਵਾਲੀ ਅਕਾਲੀ ਪਾਰਟੀ ਆਖਦੀ ਹੈ ਕਿ ਪੰਜਾਬੀ ਕਵਿਤਾ ਦੇ ਗੌਰਵ ਪ੍ਰੋ. ਮੋਹਨ ਸਿੰਘ ਦੀ ਪਾਕ-ਪਵਿੱਤਰ ਗ਼ਜ਼ਲ ਨਿਰਛਲ ਗਾਇਕ ਮੁਹੰਮਦ ਸਦੀਕ ਵੱਲੋਂ ਗਾਏ ਜਾਣ ਨਾਲ ਸਾਡੀ ਵਿਧਾਨ ਸਭਾ ਅਪਵਿੱਤਰ ਹੋ ਗਈ!
ਇਤਿਹਾਸ ਗਵਾਹ ਹੈ, ਹਰ ਕਾਲ ਵਿਚ ਤੇ ਹਰ ਦੇਸ ਵਿਚ ਹਰ ਕਿਸਮ ਦੀ ਕਲਾ ਨੂੰ ਧਾਰਮਿਕ ਰਾਹਬਰਾਂ ਨੇ ਵੀ ਸਤਿਕਾਰਿਆ ਹੈ ਅਤੇ ਦੁਨਿਆਵੀ ਰਾਜਿਆਂ ਨੇ ਵੀ। ਦਸਮੇਸ਼ ਪਿਤਾ ਨੇ ਤਾਂ ਬਵੰਜਾ ਕਵੀ ਇਕੱਤਰ ਕਰ ਕੇ ਉਹਨਾਂ ਨੂੰ ਉੱਤਮ ਰਚਨਾ ਕਰਨ ਲਈ ਸੁਖਾਵਾਂ ਮਾਹੌਲ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਸਦੀਕ ਦੀ ਗਾਈ ਬਾਬੇ ਨਾਨਕ, ਮਰਦਾਨੇ ਤੇ ਪੰਜਾਬ ਦੀ ਸਿਫ਼ਤ ਨਾਲ ਵਿਧਾਨ ਸਭਾ ਪਲੀਤ ਹੋ ਗਈ ਹੋਣ ਦਾ ਰੌਲਾ ਪਾਉਣ ਵਾਲਿਆਂ ਨੂੰ ਕਲਗ਼ੀਆਂ ਵਾਲੇ ਦਾ ਹੀਰ ਸੁਣਨਾ ਅਤੇ ਰਚਣਾ ਜਾਂ ਤਾਂ ਪਤਾ ਨਹੀਂ ਜਾਂ ਫੇਰ ਉਹ ਯਾਦ ਕਰਨਾ ਨਹੀਂ ਚਾਹੁੰਦੇ। ਗੁਰੂ ਜੀ ਬਠਿੰਡੇ ਦੇ ਕਿਲ਼ੇ ਦੀ ਫ਼ਸੀਲ ਉੱਤੇ, ਜਿਥੇ ਹੁਣ ਗੁਰਦੁਆਰਾ ਬਣਿਆ ਹੋਇਆ ਹੈ, ਰਾਤਰੀ ਵਿਸਰਾਮ ਕਰ ਰਹੇ ਸਨ। ਟਿਕੀ ਰਾਤ ਤੋਂ ਕਿਲ਼ੇ ਦੀ ਕੰਧ ਕੋਲ ਉੱਤਰੇ ਹੋਏ ਊਠਾਂ ਵਾਲੇ ਵਪਾਰੀ ਬੜੀ ਮਿੱਠੀ ਆਵਾਜ਼ ਤੇ ਮਨਮੋਹਕ ਹੇਕ ਨਾਲ ਹੀਰ ਗਾਉਣ ਲੱਗੇ। ਗੁਰੂ ਜੀ ਨੇ ਉਹ ਅਗਲੀ ਸਵੇਰ ਬੁਲਾਏ ਤੇ ਰਾਤ ਵਾਂਗ ਗਾਉਣ ਲਈ ਆਖਿਆ। ਉਹਨਾਂ ਬਿਚਾਰਿਆਂ ਨੇ ਕੱਚੇ ਜਿਹੇ ਹੋ ਕੇ ਹੱਥ ਜੋੜੇ,“ਮਹਾਰਾਜ, ਤੁਸੀਂ ਤਾਂ ਕੋਈ ਪਹੁੰਚੇ ਹੋਏ ਬਲੀ-ਪੀਰ ਲਗਦੇ ਹੋ। ਉਹ ਤਾਂ ਸੰਸਾਰਕ ਇਸ਼ਕ-ਮੁਸ਼ਕ ਦੀਆਂ ਗੱਲਾਂ ਸਨ। ਅਸੀਂ ਤੁਹਾਡੇ ਸਾਹਮਣੇ ਕਿਵੇਂ ਗਾ ਸਕਦੇ ਹਾਂ!” ਗੁਰੂ ਜੀ ਨੇ ਕਲਾ ਦਾ ਮਹੱਤਵ ਸਮਝਾ ਕੇ, ਪ੍ਰੇਰ ਕੇ ਉਹਨਾਂ ਦੀ ਝਿਜਕ ਲਾਹੀ ਤੇ ਹੀਰ ਸੁਣੀ। ਕਹਿੰਦੇ ਹਨ, ਇਹੋ ਘਟਨਾ ਉਹਨਾਂ ਲਈ ਆਪ ਹੀਰ ਲਿਖਣ ਵਾਸਤੇ ਪ੍ਰੇਰਨਾ ਬਣੀ।
ਮਜੀਠੀਆ ਸਾਹਿਬ ਨੇ ਕੇਵਲ ਸਾਹਿਤ ਨੂੰ ਅਤੇ ਸੰਗੀਤ ਤੇ ਗਾਇਕੀ ਨੂੰ ਹੀ ਨਹੀਂ ਭੰਡਿਆ ਸਗੋਂ “ਉਹ ਦਿਨ ਦੂਰ ਨਹੀਂ ਜਦੋਂ ਕਾਂਗਰਸੀ ਸਦਨ ਵਿਚ ਨੱਚਣਾ ਵੀ ਸ਼ੁਰੂ ਕਰ ਦੇਣਗੇ” ਆਖ ਕੇ ਨ੍ਰਿਤ-ਕਲਾ ਨੂੰ ਵੀ ਟਿੱਚ ਜਾਣਿਆ ਹੈ। ਕਲਾਵਾਂ ਵੱਲ ਸਾਡੇ ਹਾਕਮਾਂ ਦਾ ਅਜਿਹਾ ਤ੍ਰਿਸਕਾਰੀ ਅਤੇ ਅਗਿਆਨੀ ਰਵਈਆ ਸਮਝੋਂ ਬਾਹਰ ਹੈ! ਜਾਂ ਤਾਂ ਇਹ ਉਹਨਾਂ ਦੇ ਕਲਾਵਾਂ ਨੂੰ ਸਮਝਣ-ਸਲਾਹੁਣ ਤੋਂ ਸੱਖਣੇ ਸਭਿਆਚਾਰਕ ਪੱਧਰ ਨੂੰ ਉਜਾਗਰ ਕਰਦਾ ਹੈ ਤੇ ਜਾਂ ਫੇਰ ਇਹ ਇਸ ਮਾਨਸਿਕਤਾ ਦਾ ਪਰਗਟਾਵਾ ਹੈ ਕਿ ਵਿਰੋਧੀਆਂ ਨੂੰ ਨੀਵਾਂ ਦਿਖਾਇਆ ਜਾਵੇ, ਭਾਵੇਂ ਇਸ ਜਤਨ ਵਿਚ ਕਲਾ ਨੂੰ ਵੀ ਸੱਤਾ ਦੀ ਸ਼ਮਸ਼ੀਰ ਨਾਲ ਝਟਕਾਉਣਾ ਕਿਉਂ ਨਾ ਪੈ ਜਾਵੇ! ਨ੍ਰਿਤ ਤਾਂ ਨਟਰਾਜ ਸਿ਼ਵ ਦੀ ਦੇਣ ਹੈ। ਸੰਗੀਤ ਦਾ ਉਦੈ ਵੀ ਉਸੇ ਦੇ ਹੀ ਨਾਂ ਹੈ। ਦੋਵਾਂ ਛਾਤੀਆਂ ਉੱਤੇ ਬਾਂਹ ਰੱਖ ਕੇ ਆਨੰਦ-ਅਵਸਥਾ ਵਿਚ ਪਈ ਨਿਰਵਸਤਰ ਸ਼ਕਤੀ ਨੂੰ ਦੇਖ ਕੇ ਮਹਾਂਦੇਵ ਨੇ ਨਵੇਂ ਸਾਜ਼ ਵੀਨਾ ਦੀ ਕਲਪਨਾ ਅਤੇ ਰਚਨਾ ਕੀਤੀ। ਇਸੇ ਵੀਨਾ ਦੀ ਅਰਧ-ਕਾਇਆ ਨੇ ਤੂੰਬੀ ਦਾ ਰੂਪ ਧਾਰਿਆ ਜੋ ਸਦੀਕ ਬਜਾਉਂਦਾ ਹੈ। ਸਾਹਿਤ ਨੂੰ ਤਾਂ ਜਨਮ ਹੀ ਸੰਸਾਰ ਦੀ ਪਲੇਠੀ ਪੁਸਤਕ, ਰਿਗਵੇਦ ਦੇ ਰੂਪ ਵਿਚ ਪੰਜਾਬ ਨੇ ਦਿੱਤਾ। ਨੇੜੇ ਦੀ ਗੱਲ ਲਉ। ਗੁਰੂ ਸਾਹਿਬਾਨ ਨੇ ਧੁਰ-ਕੀ-ਬਾਣੀ ਦੇ ਰੂਪ ਵਿਚ ਅਮਰ ਸਾਹਿਤ ਤਾਂ ਰਚਿਆ ਹੀ, ਰਾਗਾਂ ਵਿਚ ਢਾਲ ਕੇ ਸਾਨੂੰ ਗਾਇਕੀ ਦਾ ਮਹੱਤਵ ਵੀ ਦੱਸਿਆ। ਸੰਗੀਤ ਤਾਂ ਭਾਈ ਮਰਦਾਨੇ ਦੀ ਰਬਾਬ ਦੇ ਰੂਪ ਵਿਚ ਸਾਡੇ ਬਾਬੇ ਦੇ ਨਾਲ ਨਾਲ ਤੁਰਦਾ ਸੀ ਅਤੇ ਫੇਰ ਅਗਲੇ ਗੁਰੂਆਂ ਦੇ ਵੀ ਹਜ਼ੂਰ ਰਿਹਾ। ਕੇਵਲ ਸਦੀਕ ਨੂੰ ਤੇ ਉਸ ਦੇ ਬਹਾਨੇ ਕਾਂਗਰਸੀਆਂ ਨੂੰ ਨੀਵਾਂ ਦਿਖਾਉਣ ਲਈ ਸਾਹਿਤ, ਸੰਗੀਤ, ਗਾਇਕੀ, ਨ੍ਰਿਤ, ਆਦਿ ਸਭ ਕਲਾਵਾਂ ਦੀ ਏਨੀਂ ਘੋਰ ਬੇਅਦਬੀ! ਵਾਹਿਗੁਰੂ! ਵਾਹਿਗੁਰੂ!! ਸਿਆਸਤਦਾਨਾਂ ਹੱਥੋਂ ਕਲਾ ਅਤੇ ਕਲਾਕਾਰ ਨੂੰ ਇਉਂ ਨਿਰਾਦਰੀ, ਤ੍ਰਿਸਕਾਰ ਤੇ ਟਿੱਚਰਾਂ ਦਾ ਨਿਸ਼ਾਨਾ ਬਣਾ ਕੇ ਛੁਟਿਆਏ ਜਾਣਾ ਸਾਡੇ ਸਭਿਆਚਾਰ ਦਾ ਦੁਖਦਾਈ ਅਤੇ ਚਿੰਤਾਜਨਕ ਵਰਤਾਰਾ ਹੈ।
ਅਕਾਲੀ ਵਿਧਾਇਕਾਂ ਨੂੰ ਸਦਨ ਦੀ ਪਵਿੱਤਰਤਾ ਭੰਗ ਹੋ ਜਾਣ ਬਾਰੇ ਇਉਂ ਹਿੱਕਾਂ ਪਿੱਟਣ ਦੀ ਤਾਂ ਲੋੜ ਹੀ ਨਹੀਂ ਸੀ। ਵਿਧਾਨ ਸਭਾ ਦੇ ਨੇਮ ਨਿਰਸੰਦੇਹ ਅਜਿਹੀਆਂ ਹਾਲਤਾਂ ਨਾਲ ਨਿੱਬੜਨ ਵਾਸਤੇ ਕਾਫ਼ੀ ਹਨ। ਉਹ ਸਦੀਕ ਨੂੰ ਅਜਿਹੇ ਕਾਰੇ ਲਈ ਉਕਸਾਉਣ ਬਦਲੇ ਵਿਧਾਨ ਸਭਾ ਵਿਚ ਮੁੱਖ ਮੰਤਰੀ ਜੀ ਦੇ ਸੰਬੰਧ ਵਿਚ ਨਿੰਦਿਆ-ਪ੍ਰਸਤਾਵ ਨਹੀਂ ਤਾਂ ਘੱਟੋ-ਘੱਟ ਅਸਹਿਮਤੀ-ਪ੍ਰਸਤਾਵ ਲਿਆ ਸਕਦੇ ਹਨ। ਇਸੇ ਪਰਕਾਰ ਸਦੀਕ ਨੂੰ ਇਸ ਕਾਰੇ ਲਈ ਬਾਕਾਇਦਾ ਆਗਿਆ ਤੇ ਸਮਾਂ ਦੇਣ ਬਦਲੇ ਉਹ ਸਪੀਕਰ ਵਿਰੁੱਧ ਅਵਿਸ਼ਵਾਸ-ਪ੍ਰਸਤਾਵ ਪਾਸ ਕਰ ਕੇ ਉਹਦੀ ਥਾਂ ਨਵਾਂ ਸਪੀਕਰ ਚੁਣ ਸਕਦੇ ਹਨ। ਜਿਥੋਂ ਤੱਕ ਸਦੀਕ ਦਾ ਸੰਬੰਧ ਹੈ, ਸੰਵਿਧਾਨਕ ਮਾਹਿਰਾਂ ਦਾ ਕਹਿਣਾ ਹੈ ਕਿ ਸਪੀਕਰ ਵੱਲੋਂ ਗਾਉਣ ਦੀ ਬਾਕਾਇਦਾ ਆਗਿਆ ਹੋਣ ਕਾਰਨ ਅਤੇ ਇਕ ਵੀ ਅਜੋਗ ਸ਼ਬਦ ਨਾ ਬੋਲੇ-ਗਾਏ ਜਾਣ ਕਾਰਨ ਉਹਨੇ ਜੋ ਕੁਝ ਵੀ ਕੀਤਾ, ਉਹ ਪੂਰੀ ਤਰ੍ਹਾਂ ਨੇਮਾਂ ਦੇ ਅਨੁਸਾਰ ਹੈ ਅਤੇ ਵਿਧਾਨ ਸਭਾ ਦੀ ਮਰਯਾਦਾ ਦੀ ਕੋਈ ਉਲੰਘਣਾ ਨਹੀਂ ਬਣਦੀ।
ਫੇਰ ਵੀ ਜੇ ਹਾਕਮ ਧਿਰ ਦਿਲੋਂ ਸਮਝਦੀ ਹੈ ਕਿ ਸਦੀਕ ਦੇ ਗਾਉਣ ਨਾਲ ਸਦਨ ਅਪਵਿੱਤਰ ਹੋ ਗਿਆ, ਪਰ ਉਹ ਮੁੱਖ ਮੰਤਰੀ ਜੀ ਤੇ ਸਪੀਕਰ ਦੇ ਵਿਰੁੱਧ ਕੋਈ ਮਤਾ ਨਹੀਂ ਲਿਆਉਣਾ ਚਾਹੁੰਦੀ, ਇਹ ਵੀ ਕੋਈ ਬਹੁਤ ਵੱਡਾ ਮਸਲਾ ਨਹੀਂ। ਹਕੂਮਤ ਵਿਚ ਭਾਈਵਾਲ ਭਾਰਤੀ ਜਨਤਾ ਪਾਰਟੀ ਕਿਸ ਦਿਨ ਕੰਮ ਆਵੇਗੀ। ਵਿਧਾਨ ਸਭਾ ਵਿਚ ਪੰਜਾਬੀ ਦੀ ਥਾਂ ਸੰਸਕ੍ਰਿਤ ਵਿਚ ਸਹੁੰ ਚੁੱਕਣ ਵਾਲੀ ਮਾਨਸਿਕਤਾ ਦੀ ਮਾਲਕ ਇਸ ਪਾਰਟੀ ਨੂੰ ਪੰਜਾਬ ਵਿਚ ਵਧਣ-ਫੁੱਲਣ ਦਾ ਏਨਾਂ ਵੱਡਾ ਮੌਕਾ ਦਿੱਤਾ ਹੈ, ਉਹ ਏਨਾਂ ਕੰਮ ਵੀ ਨਹੀਂ ਕਰੇਗੀ ਕਿ ਹਰਦੁਆਰੋਂ ਪੰਜ ਪੰਡੇ ਬੁਲਾ ਕੇ ਹਵਨ ਤੇ ਮੰਤਰਜਾਪ ਨਾਲ ਸਦਨ ਨੂੰ ਪਵਿੱਤਰ ਕਰਵਾ ਦੇਵੇ ਅਤੇ ਜਿਹੜੇ ਜਿਹੜੇ ਵਿਧਾਇਕ ਸਦੀਕ ਦੀ ਕਰਤੂਤ ਨਾਲ ਆਪਣੇ ਆਪ ਨੂੰ ਭਿੱਟਿਆ ਗਿਆ ਸਮਝਦੇ ਹਨ, ਪਵਿੱਤਰ ਗੋ-ਮੂਤਰ ਵਿਚ ਘੋਲੇ ਹੋਏ ਪਵਿੱਤਰ ਗੋ-ਗੋਬਰ ਦੇ ਛਿੱਟਿਆਂ ਨਾਲ ਉਹਨਾਂ ਦੀ ਸ਼ੁੱਧੀ ਕਰਵਾ ਦੇਵੇ!
ਕਲਾ ਅਤੇ ਸਿਆਸਤ ਦੇ ਸੰਬੰਧਾਂ ਦੀਆਂ ਇਸ ਵਕੂਏ ਵਰਗੀਆਂ ਮਿਸਾਲਾਂ ਇਤਿਹਾਸ ਵਿਚ ਵੀ ਮਿਲਦੀਆਂ ਹਨ। ਔਰੰਗਜ਼ੇਬ ਨੇ ਆਪਣੇ ਰਾਜ ਵਿਚ ਮੌਸੀਕੀ, ਭਾਵ ਸੰਗੀਤ ਉੱਤੇ ਪਾਬੰਦੀ ਲਾ ਦਿੱਤੀ। ਤਾਨਾਂ ਕੱਢਣ ਖ਼ਾਤਰ ਬਿਹਬਲ ਕਲਾਕਾਰ ਰੋਸ ਪਰਗਟ ਕਰਨ ਲਈ ਅਤੇ ਬਾਦਸ਼ਾਹ ਦੀ ਜ਼ਮੀਰ ਨੂੰ ਝੰਜੋੜਨ ਲਈ ਲਾਲ ਕਿਲ੍ਹੇ ਦੇ ਅੱਗੋਂ ਦੀ ਅਰਥੀ ਲੈ ਤੁਰੇ। ਔਰੰਗਜ਼ੇਬ, ਜਿਸਨੂੰ ਸੂਹੀਆਂ ਨੇ ਪਹਿਲਾਂ ਹੀ ਖ਼ਬਰ ਦੇ ਦਿੱਤੀ ਸੀ, ਟਿੱਚਰੀ ਰਉਂ ਵਿਚ ਕਿਲ੍ਹੇ ਦੀ ਫ਼ਸੀਲ ਉੱਤੇ ਟਹਿਲ ਰਿਹਾ ਸੀ। ਅਰਥੀ ਨੇੜੇ ਆਈ ਤੋਂ ਉਹਨੇ ਮੂਹਰਲੇ ਕਾਨ੍ਹੀਆਂ ਦਾ ਨਾਂ ਲੈ ਕੇ ਪੁੱਛਿਆ, ਮੀਆਂ, ਕੌਣ ਵਫ਼ਾਤ ਪਾ ਗਿਆ? ਉਹ ਰੋਣਹਾਕੇ ਹੋ ਕੇ ਬੋਲੇ, ਜਹਾਂਪਨਾਹ, ਮੌਸੀਕੀ ਚੱਲ ਵਸੀ! ਔਰੰਗਜ਼ੇਬ ਕਹਿੰਦਾ, ਕਬਰ ਡੂੰਘੀ ਪੱਟਿਉ! ਜ਼ਰੂਰੀ ਨਹੀਂ ਕਿ ਕਲਾ ਹਰ ਕਿਸੇ ਦੇ ਮਨ ਨੂੰ ਹੀ ਹੁਲਾਰੇ ਵਿਚ ਲੈ ਆਵੇ। ਬਹੁਤ ਲੋਕ ਕਲਾ ਲਈ ਥਿੰਧੇ ਘੜੇ ਹੁੰਦੇ ਹਨ। ਦੋ ਜਣੇ ਗੁਲਾਬ ਦੇ ਖੇਤ ਦੇ ਵਿਚਕਾਰੋਂ ਲੰਘਦੀ ਪਗਡੰਡੀ ਉੱਤੇ ਤੁਰੇ ਜਾ ਰਹੇ ਸਨ। ਦੋਵੇਂ ਪਾਸੀਂ ਲਾਲ ਸੂਹੇ ਫੁੱਲ ਹੀ ਫੁੱਲ। ਸੱਜੇ ਵੀ, ਖੱਬੇ ਵੀ, ਅੱਗੇ ਵੀ, ਪਿੱਛੇ ਵੀ, ਨਜ਼ਰ ਦੀ ਹੱਦ ਤੱਕ ਗੁਲਾਬ ਦੇ ਫੁੱਲਾਂ ਦੀ ਸੂਹੀ ਮਖ਼ਮਲੀ ਚਾਦਰ ਵਿਛੀ ਹੋਈ। ਇਕ ਜਣਾ ਸਭ ਤੋਂ ਮਹਾਨ ਕਲਾਕਾਰ, ਭਾਵ ਕੁਦਰਤ ਦੀ ਇਸ ਰਚਨਾ ਤੋਂ ਗਦਗਦ ਹੋ ਕੇ ਬੋਲਿਆ, ਯਿਹ ਖ਼ੁਸ਼ਬੂ, ਰੰਗ ਯਿਹ, ਔਰ ਯਿਹ ਨਜ਼ਾਰਾ, ਜੀਅ ਮੇਂ ਆਤਾ ਹੈ ਯਹੀਂ ਮਰ ਜਾਈਏ! ਦੂਜਾ ਬੋਲਿਆ, ਯਾਰ ਜੇ ਏਨੇਂ ਫੁੱਲਾਂ ਦੀ ਗੁਲਕੰਦ ਬਣਾ ਕੇ ਵੇਚਣੀ ਹੋਵੇ, ਬੰਦਾ ਲੱਖਾਂ ਖੱਟ ਲਵੇ!
ਪੁਸ਼ਪ-ਸੁਹਜ ਅਤੇ ਗੁਲਕੰਦ ਤੱਕ ਪੁੱਜ ਕੇ ਇਹ ਸਵਾਲ ਵੀ ਖੜ੍ਹਾ ਹੋ ਜਾਂਦਾ ਹੈ ਕਿ ਕਲਾ ਹੁੰਦੀ ਕੀ ਹੈ? ਕੀ ਕਲਾ ਸਦੀਕ ਦੇ ਆਖਣ ਵਾਂਗ ਮਾਣਨ ਤੇ ਪੂਜਣ ਵਾਲੀ ਸ਼ੈਅ ਹੈ ਜਾਂ ਅਕਾਲੀਆਂ ਦੇ ਸੋਚਣ-ਕਹਿਣ ਵਾਂਗ ਇਹਨੂੰ ਮਸਲ-ਮਿੱਧ ਕੇ ਗੁਲਕੰਦ ਬਣਾ ਲੈਣੀ ਚਾਹੀਦੀ ਹੈ? ਮਿਸਾਲ ਵਜੋਂ, ਕੀ ਲੋਕਰਾਜ ਦੇ ਮੰਦਰ, ਵਿਧਾਨ ਸਭਾ ਵਿਚ ਮੋਹਨ ਸਿੰਘ ਦੀ ਲਿਖੀ ਤੇ ਸਦੀਕ ਦੀ ਗਾਈ ਪੰਜਾਬ, ਬਾਬੇ ਨਾਨਕ ਤੇ ਮਰਦਾਨੇ ਦੀ ਉਸਤਤ ਕਲਾ ਹੈ ਜਾਂ ਸਰਕਾਰ ਦੇ ਹੱਥ ਲੱਗੀ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਦੀ ਗਾੜ੍ਹੇ ਪਸੀਨੇ ਦੀ ਕਮਾਈ ਵਿਚੋਂ ਕਰੋੜਾਂ ਰੁਪਏ ਰੋੜ੍ਹ ਕੇ ਅਧਨੰਗੀਆਂ ਕੁੜੀਆਂ ਦੀ ਡਾਰ ਵਿਚਕਾਰ ਸ਼ਾਹਰੁਖ ਖਾਂ ਨਾਂ ਦੇ ਬਾਜ਼ਾਰੂ ਨਚਾਰ ਦਾ 1984 ਦੇ ਸਿੱਖ ਕਤਲਾਮ ਦੀ ਬਰਸੀ ਵਾਲੇ ਦਿਨ ਲੱਕ ਹਿਲਾਉਣਾ ਅਤੇ ਛੱਮਕਛੱਲੋ ਗਾਉਣਾ ਕਲਾ ਹੈ? ਸਦੀਕ ਜਿਹੇ ਨਿਰਛਲ ਮਨੁੱਖ ਅਤੇ ਵਧੀਆ ਗਾਇਕ ਦੀ ਨਿਰਾਦਰੀ ਤੋਂ ਖਰੀ ਕਲਾ ਦੀ ਸ਼ਕਤੀ ਅਤੇ ਕਲਾਕਾਰ ਦੇ ਸਵੈਮਾਣ ਦੀ ਇਕ ਬੜੀ ਡੂੰਘੀ ਗੱਲ ਚੇਤੇ ਆ ਗਈ। ਮੈਨੂੰ ਇਹ ਕਮਾਲ ਦੀ ਘਟਨਾ ਬਜ਼ੁਰਗ ਮਿੱਤਰ ਅਤੇ ਪ੍ਰਸਿੱਧ ਸਭਿਆਚਾਰ-ਗਿਆਤਾ ਬਠਿੰਡੇ ਵਾਲੇ ਪ੍ਰੋ. ਕਰਮ ਸਿੰਘ ਨੇ ਸੁਣਾਈ ਸੀ।
ਬਠਿੰਡੇ ਦੂਰ ਦੂਰ ਤੱਕ ਮੰਨਿਆ ਹੋਇਆ ਇਕ ਗਮੰਤਰੀ ਹੁੰਦਾ ਸੀ, ਨਗੀਨਾ ਮਰਾਸੀ, ਆਪਣੀ ਕਲਾ ਦੇ ਸੁਹਜ, ਸ਼ਕਤੀ ਤੇ ਪ੍ਰਭਾਵ ਬਾਰੇ ਪੂਰਾ ਸਚੇਤ। ਰੱਜ ਕੇ ਸਵੈਮਾਨੀ ਪਰ ਅਭਿਮਾਨ ਤੋਂ ਉੱਕਾ ਹੀ ਮੁਕਤ! ਪਟਿਆਲੀਏ ਮਹਾਰਾਜਾ ਭੂਪਿੰਦਰ ਸਿੰਘ ਕੁਛ ਦਿਨਾਂ ਵਾਸਤੇ ਬਠਿੰਡੇ ਦੇ ਕਿਲ਼ੇ ਵਿਚ ਟਿਕੇ ਹੋਏ ਸਨ। ਇਕ ਦਿਨ ਉਹਨਾਂ ਦਾ ਦਿਲ ਕੀਤਾ, ਕੁਛ ਗਾਉਣ-ਬਜਾਉਣ ਹੀ ਸੁਣਿਆ ਜਾਵੇ! ਓਦੋਂ ਰਾਜਿਆਂ ਵਾਸਤੇ ਸਥਾਨਕਤਾ ਨਾਲ ਵਾਹ ਦੀ ਅਹਿਮ ਕੜੀ ਨੰਬਰਦਾਰ-ਜ਼ੈਲਦਾਰ ਹੀ ਹੁੰਦੇ ਸਨ। ਮਹਾਰਾਜਾ ਸਾਹਿਬ ਨੇ ਜ਼ੈਲਦਾਰ ਦਸੌਂਧਾ ਸਿੰਘ ਨੂੰ ਕਿਹਾ, ਅੱਜ ਸ਼ਾਮ ਕੋਈ ਵਧੀਆ ਗਵਈਆ ਤਾਂ ਬੁਲਾਓ। ਨਗੀਨੇ ਦੇ ਸੁਭਾਅ ਤੋਂ ਜਾਣੂ ਜ਼ੈਲਦਾਰ ਨੂੰ ਪਤਾ ਸੀ ਕਿ ਕਿਸੇ ਹੱਥ ਸੁਨੇਹਾ ਭੇਜਿਆਂ ਉਹਨੇ ਆਉਣਾ ਨਹੀਂ। ਕੋਈ ਲਾਗੀ-ਤੱਥਾ ਭੇਜਣ ਦੀ ਥਾਂ ਉਹਨੇ ਆਪ ਚੱਲ ਕੇ ਜਾਣਾ ਹੀ ਮੁਨਾਸਿਬ ਸਮਝਿਆ। ਉਹਨੇ ਆਖਿਆ, ਨਗੀਨਿਆ, ਮਹਾਰਾਜਾ ਸਾਹਿਬ ਨੇ ਗੌਣ ਸੁਣਨ ਦੀ ਇੱਛਾ ਦੱਸੀ ਹੈ, ਅੱਜ ਆਥਣੇ ਕਿਲ਼ੇ ਵਿਚ ਪਹੁੰਚ ਜਾਈਂ। ਨਗੀਨੇ ਨੇ ਝੱਟ ਸਵਾਲ ਕੀਤਾ, ਜ਼ੈਲਦਾਰਾ, ਮਹਾਰਾਜ ਗੌਣ ਸੁਣਨਾ ਜਾਣਦੇ ਵੀ ਨੇ? ਉਹਦੀ ਗੱਲ ਸੁਣ ਕੇ ਜ਼ੈਲਦਾਰ ਹੈਰਾਨ ਰਹਿ ਗਿਆ ਤੇ ਬੋਲਿਆ, ਕੀ ਕਮਲੀਆਂ ਮਾਰਦਾ ਹੈਂ, ਨਗੀਨਿਆ, ਮਹਾਰਾਜਾ ਸਾਹਿਬ ਗੌਣ ਸੁਣਨ ਵੀ ਨਹੀਂ ਜਾਣਦੇ? ਨਗੀਨਾ ਕਹਿੰਦਾ, ਚੰਗਾ, ਜ਼ੈਲਦਾਰ ਸਾਹਿਬ, ਜੇ ਇਹ ਗੱਲ ਹੈ, ਕਿਲ਼ੇ ਵਿਚ ਕੱਕਾ ਰੇਤਾ ਵਿਛਵਾ ਲੈਣਾ; ਮੇਰਾ ਗੌਣ ਸੁਣਨ ਆਈ ਮਾਈ ਹੀਰ ਦੀਆਂ ਸੱਜਰੀਆਂ ਪੈੜਾਂ ਦਿਖਾਵਾਂਗੇ!
ਸਦੀਕ ਬੱਸ ਇਥੇ ਹੀ ਮਾਰ ਖਾ ਗਿਆ! ਗਾਉਣ ਤੋਂ ਪਹਿਲਾਂ ਉਹਨੂੰ ਚਾਹੀਦਾ ਸੀ, ਗਾ ਕੇ ਸੁਣਾਉਣ ਦੀ ਫ਼ਰਮਾਇਸ਼ ਕਰਨ ਵਾਲਿਆਂ ਨੂੰ ਪੁਛਦਾ, ਮੋਤੀਆਂ ਵਾਲਿਓ, ਗਾਇਆ ਹੋਇਆ ਸੁਣਨਾ ਵੀ ਆਉਂਦਾ ਹੈ? ਜੇ ਉਹ ਹਾਂ ਆਖਣ ਦੀ ਹਿੰਮਤ ਕਰਦੇ, ਫੇਰ ਉਹਨੂੰ ਕਹਿਣਾ ਚਾਹੀਦਾ ਸੀ, ਚੰਗਾ, ਜਨਾਬ, ਪੰਜਾਬ ਦਾ ਨਕਸ਼ਾ ਮੰਗਵਾ ਕੇ ਵਿਧਾਨ ਸਭਾ ਦੀ ਕੰਧ ਉੱਤੇ ਟੰਗ ਲਵੋ। ਜਦੋਂ ਮੈਂ ਮੋਹਨ ਸਿੰਘ ਦੀ ਵਜਦ ਵਿਚ ਆ ਕੇ ਲਿਖੀ ਹੋਈ ਪੰਜਾਬ ਦੀ, ਸੰਸਾਰ-ਤਾਰਕ ਬਾਬੇ ਨਾਨਕ ਦੀ ਤਾਬ ਦੀ, ਸਾਡੇ ਪੁਰਖੇ ਮਰਦਾਨੇ ਦੀ ਰਬਾਬ ਦੀ, ਪੰਜਾਬੀਆਂ ਦੇ ਸ਼ਬਾਬ ਦੀ, ਆਸ਼ਕ ਬਣਾਉਣ ਵਾਲੇ ਚਨਾਬ ਦੀ ਸਿਫ਼ਤ ਨੂੰ ਮਸਤ ਹੋ ਕੇ ਮੂੰਹ ਦੀ ਥਾਂ ਐਥੋਂ, ਹਿੱਕ ਦੇ ਵਿਚਕਾਰੋਂ, ਡੂੰਘੇ ਦਿਲ ਤੋਂ ਗਾਇਆ, ਪੰਜਾਬ ਦੇ ਨਕਸ਼ੇ ਵਿਚੋਂ ਇਲਾਹੀ ਨੂਰ ਝਰਦਾ ਦਿਖਾਵਾਂਗੇ!
ਸਦੀਕ ਹੰਢੇ-ਵਰਤੇ ਸਿਆਸੀ ਅਨੁਭਵੀਆਂ ਵਿਚ ਨਵਾਂ ਨਵਾਂ ਵਿਚਰਨ ਲੱਗਿਆ ਹੈ। ਚੰਗਾ ਹੋਵੇ, ਉਹ ਕੁਛ ਗੱਲਾਂ ਯਾਦ ਰੱਖੇ। ਜਿਸ ਮਰਦਾਨੇ ਬਿਨਾਂ ਆਪਣਾ ਬਾਬਾ ਸਾਹ ਨਹੀਂ ਸੀ ਲੈਂਦਾ ਤੇ ਜਿਸਦੀਆਂ ਔਲਾਦਾਂ ਦਰਬਾਰ ਸਾਹਿਬ ਵਿਚ ਜੁਗੜਿਆਂ ਤੱਕ ਕੀਰਤਨ ਕਰਦੀਆਂ ਰਹੀਆਂ ਸਨ, ਉਸ ਕੁਲ ਦੇ ਰਬਾਬੀਆਂ ਤੇ ਕੀਰਤਨੀਆਂ ਨੂੰ ਹੁਣ ਕੀਰਤਨ-ਸਥਾਨ ਦੇ ਨੇੜੇ ਨਹੀਂ ਢੁੱਕਣ ਦਿੱਤਾ ਜਾਂਦਾ। ਸਦੀਕ ਨੂੰ ਕੌੜੀ ਲੱਗ ਸਕਦੀ ਹੈ, ਪਰ ਉਹਨੂੰ ਮੇਰੀ ਇਕ ਸਲਾਹ ਸਦਾ ਯਾਦ ਰੱਖਣੀ ਚਾਹੀਦੀ ਹੈ ਕਿ “ਵੱਡੇ ਬੰਦਿਆਂ” ਵਿਚ ਉਠਦਿਆਂ-ਬੈਠਦਿਆਂ ਆਪਣੇ ਵਰਗੇ ਸਾਧਾਰਨ ਬੰਦਿਆਂ ਨੂੰ ਆਪਣਾ ਮੂਲ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ। ਇਹ ਤਾਂ ਲੋਕਰਾਜ ਦੀਆਂ ਮਜਬੂਰੀਆਂ ਹਨ ਕਿ ਵਿਧਾਨ ਸਭਾ ਵਿਚ ਨਵੇਂ-ਪੁਰਾਣੇ ਰਾਜੇ ਅਤੇ ਹਮਾ-ਤੁਮਾ ਰੰਕ ਬਰਾਬਰ ਬੈਠਦੇ ਹਨ। ਜੇ ਸੁਖੀ ਰਹਿਣਾ ਹੈ, ਇਹਦਾ ਇਹ ਅਰਥ ਕਦੇ ਨਾ ਲੈਣਾ ਕਿ ਉਥੇ ਬੈਠੇ ਸਭ ਸੱਚਮੁੱਚ ਬਰਾਬਰ ਹੋ ਗਏ ਹਨ! ਮੇਰਾ ਦਾਅਵਾ ਹੈ ਕਿ ਜੇ ਸਦੀਕ ਦੀ ਗਾਈ ਇਸ ਉੱਚ-ਪਾਏ ਦੀ ਗ਼ਜ਼ਲ ਦੀ ਥਾਂ ਮਜੀਠੀਆ ਸਾਹਿਬ ਨੇ ਵਿਧਾਨ ਸਭਾ ਵਿਚ “ਕਰ ਦੇ ਬੁੜ੍ਹੇ ਦਾ ਚਿੱਤ ਰਾਜੀ, ਉੱਤੇ ਲੈ ਕੇ ਅੰਬ-ਰਸੀਆ” ਗੀਤ ਵੀ ਗਾਇਆ ਹੁੰਦਾ, ਸਦਨ ਦੀ ਪਵਿੱਤਰਤਾ ਭੰਗ ਹੋਣ ਦੀ ਥਾਂ ਦੂਣ-ਸਵਾਈ ਹੋ ਜਾਂਦੀ। ਇਥੇ ਮੈਨੂੰ ਫਿ਼ਲਮ ਪਾਕੀਜ਼ਾ ਦਾ ਇਕ ਦ੍ਰਿਸ਼ ਯਾਦ ਆ ਗਿਆ। ਸਾਹਿਬ ਜਾਨ ਦਾ ਮੁਜਰਾ ਦੇਖਣ ਆਏ ਨਵਾਬਾਂ-ਰਈਸਾਂ ਨੂੰ ਪਾਨ ਦੇ ਬੀੜੇ ਦੇ ਰਹੀ ਅੰਮੀ ਜਾਨ ਇਕ ਸਰੋਤੇ ਨੂੰ ਪੰਜ-ਸੱਤ ਪੌੜੀਆਂ ਉੱਚੇ ਮੰਚ-ਰੂਪੀ ਵਿਸ਼ਾਲ ਹਾਲ ਦੀ ਆਖ਼ਰੀ ਪੌੜੀ ਕੋਲ ਥੰਮ੍ਹ ਨਾਲ ਢੋ ਲਾ ਕੇ ਬੈਠਦਿਆਂ ਦੇਖ ਆਖਦੀ ਹੈ, ਇਥੇ ਕਿਉਂ ਬੈਠ ਗਏ ਠੇਕੇਦਾਰ ਸਾਹਿਬ, ਐਧਰ ਆ ਕੇ ਬੈਠੋ। ਉਹ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਕਹਿੰਦਾ ਹੈ, ਨਹੀਂ ਅੰਮੀ ਜਾਨ, ਮੈਂ ਇਥੇ ਹੀ ਠੀਕ ਹਾਂ, ਮੈਨੂੰ ਆਪਣੀ ਥਾਂ ਦਾ ਅਹਿਸਾਸ ਹੈ!
ਇਕ ਗੱਲ ਹੋਰ ਵੀ ਹੈ। ਲੋਕ-ਸੂਝ ਦਾ ਚੰਗਾ ਗਿਆਤਾ ਹੋਣ ਦੇ ਬਾਵਜੂਦ ਸਦੀਕ ਇਹ ਲਲਕਾਰਾ ਕਿਵੇਂ ਭੁੱਲ ਗਿਆ: ਕਿਥੇ ਜਾਏਂ ਗਾ ਬੂਬਣਿਆ ਸਾਧਾ, ਛੇੜ ਕੇ ਭਰਿੰਡ-ਰੰਗੀਆਂ! ਸਦੀਕ ਸਾਹਿਬ, ਸੱਤਾਧਾਰੀਆਂ ਦੇ ਚਹੇਤੇ ਅਤੇ ਖ਼ੁਦ ਸਾਰੀ ਉਮਰ ਆਮ ਲੋਕਾਂ ਤੋਂ ਚਾਰ ਹੱਥ ਉੱਚੀ ਕੁਰਸੀ ਉੱਤੇ ਬੈਠ ਕੇ ਰਾਜ ਚਲਾਉਂਦੇ ਰਹੇ ਦਰਬਾਰਾ ਸਿੰਘ ਗੁਰੂ ਦੀਆਂ ਗੋਡਣੀਆਂ ਲੁਆ ਕੇ ਜਾਉਂਗੇ ਕਿਥੇ? ਦੇਖੋ ਜੀ, ਖ਼ਸਮਾਂ ਨੂੰ ਖਾਂਦੀ ਜਮਹੂਰੀਅਤ, ਕੋਈ ਸਦੀਕ ਕਿਸੇ ਗੁਰੂ ਨੂੰ ਹਰਾ ਦੇਵੇ, ਸੱਚੀ ਗੱਲ ਹੈ, ਬੁਰਾ ਤਾਂ ਲੱਗਣਾ ਹੀ ਹੋਇਆ!
ਪਰਕਾਸ਼ ਸਿੰਘ ਬਾਦਲ ਵਰਗੇ ਸਾਊ, ਮਿੱਠ-ਬੋਲੜੇ ਅਤੇ ਪਚਾਸੀ ਸਾਲ ਦੀ ਗਹਿਰ-ਗੰਭੀਰ ਆਯੂ ਨੂੰ ਪੁੱਜੇ ਆਗੂ ਨੇ ਆਪਣੇ ਜਨਤਕ ਅਕਸ ਦੇ ਪੂਰੀ ਤਰ੍ਹਾਂ ਉਲਟ ਅਜਿਹਾ ਕਿਉਂ ਕੀਤਾ, ਹਰ ਕਿਸੇ ਦੀ ਸਮਝ ਤੋਂ ਬਾਹਰ ਹੈ। ਸਦੀਕ ਦੀ ਤੇ ਉਸ ਰਾਹੀਂ ਕਾਂਗਰਸ ਦੀ ਹੱਤਕ ਤਾਂ ਉਹ ਕਿਸੇ ਵੀ ਅਕਾਲੀ ਵਿਧਾਇਕ ਤੋਂ ਕਰਵਾ ਸਕਦੇ ਸਨ। ਸੰਸਦ ਸਮੇਤ ਪੂਰੇ ਦੇਸ ਦੀਆਂ ਵਿਧਾਨ ਸਭਾਵਾਂ ਵਿਚ ਪਸੂਆਂ ਤੋਂ ਗਿਆ-ਗੁਜ਼ਰਿਆ ਨਰਕੀ ਜੀਵਨ ਜਿਉਣ ਲਈ ਮਜਬੂਰ ਤੇ ਬੇਵੱਸ ਕਰੋੜਾਂ ਮੰਦਭਾਗਿਆਂ ਦੇ ਗੰਭੀਰ ਮੁੱਦਿਆਂ ਬਾਰੇ ਗੰਭੀਰ ਗੱਲ ਛੇੜਨ ਤੇ ਗੰਭੀਰ ਬਹਿਸ ਕਰਨ ਵਾਲੇ ਲੋਕ-ਪ੍ਰਤੀਨਿਧਾਂ ਦੀ ਤਾਂ ਘਾਟ ਹੋ ਸਕਦੀ ਹੈ, ਕਿਸੇ ਦੀ ਚਿੱਟੀ ਪੱਗ ਲਾਹੁਣ ਤੇ ਉਛਾਲਣ ਵਾਲਿਆਂ ਦੀ ਥੋੜ ਮਹਿਸੂਸ ਹੋਣ ਦਾ ਤਾਂ ਸਵਾਲ ਹੀ ਨਹੀਂ। ਮੀਆਂ ਗ਼ਾਲਿਬ ਡੇਢ ਸਦੀਆਂ ਪਹਿਲਾਂ ਇਹਨਾਂ ਬਾਰੇ ਹੀ ਤਾਂ ਭਵਿੱਖਬਾਣੀ ਕਰ ਗਏ ਸਨ: ….ਕਮੀ ਨਹੀਂ ਗ਼ਾਲਿਬ, ਏਕ ਡੂੰਢੋ ਹਜ਼ਾਰ ਮਿਲਤੇ ਹੈਂ! ਬਾਦਲ ਸਾਹਿਬ ਨੂੰ ਗਾਰੇ ਦਾ ਬੁੱਕ ਭਰ ਕੇ ਸਦੀਕ ਵੱਲ ਆਪ ਵਗਾਹੁਣ ਦੀ ਕੀ ਲੋੜ ਪੈ ਗਈ! ਕੀ ਸਦੀਕ ਦਾ ਉਹਨਾਂ ਦੇ ਖਾਸੋ-ਖਾਸ ਉਮੀਦਵਾਰ ਨੂੰ ਹਰਾ ਕੇ ਜਿੱਤਣਾ ਵੋਟਾਂ ਵਾਲੇ ਲੋਕਰਾਜ ਵਿਚ ਏਡਾ ਵੱਡਾ ਗੁਨਾਹ ਹੈ ਕਿ ਉਹ ਉਹਨੂੰ ਅਗਲੀ, ਅਗਲੇਰੀ ਜਾਂ ਉਸ ਤੋਂ ਵੀ ਪਰੇਰੀ ਕਿਸੇ ਚੋਣ ਵਿਚ ਹਰਾ ਲੈਣ ਤੱਕ ਬਖ਼ਸ਼ਣਗੇ ਹੀ ਨਹੀਂ?
ਮੈਂ ਇਸ ਮੁੱਦੇ ਬਾਰੇ ਅਨੇਕ ਲੇਖਕਾਂ, ਵਿਦਵਾਨਾਂ ਤੇ ਕਲਾਕਾਰਾਂ ਨਾਲ ਗੱਲ ਕੀਤੀ ਹੈ ਅਤੇ ਮੇਰੇ ਹੋਰ ਲੇਖਾਂ ਦੇ ਸੰਬੰਧ ਵਿਚ ਫ਼ੋਨ ਕਰਨ ਵਾਲੇ ਅਨਗਿਣਤ ਪਾਠਕਾਂ ਦੀ ਇਸ ਸੰਬੰਧੀ ਰਾਇ ਲਈ ਹੈ। ਸ਼ਾਇਦ ਬਾਦਲ ਸਾਹਿਬ ਨੂੰ ਇਹ ਗੱਲ ਸੁਣਨੀ ਚੰਗੀ ਨਾ ਲੱਗੇ, ਸਭ ਦਾ ਇਕੋ ਮੱਤ ਹੈ ਕਿ ਇਸ ਘਟਨਾ ਨਾਲ ਉਹਨਾਂ ਸਭ ਦੀ ਨਜ਼ਰ ਵਿਚ ਬਾਦਲ ਜੀ ਦਾ ਕੱਦ ਘਟਿਆ ਹੈ ਤੇ ਸਦੀਕ ਦਾ ਉੱਚਾ ਹੋਇਆ ਹੈ! ਮੈਂ ਕਲਮ ਦੀ ਸਹੁੰ ਖਾ ਕੇ ਪੂਰੀ ਈਮਾਨਦਾਰੀ ਨਾਲ ਆਖਦਾ ਹਾਂ ਕਿ ਜੇ ਇਸ ਕਿੱਸੇ ਦਾ ਕਰਤਾ ਮੈਂ ਹੋਵਾਂ, ਵਿਧਾਨ ਸਭਾ ਦੇ ਅਗਲੇ ਸਮਾਗਮ ਵਿਚ ਸਦੀਕ ਤੋਂ ਅਤੇ ਉਸ ਰਾਹੀਂ ਸਮੂਹ ਲੇਖਕਾਂ ਤੇ ਕਲਾਕਾਰਾਂ ਅਤੇ ਆਮ ਪੰਜਾਬੀਆਂ ਤੋਂ ਮਾਫ਼ੀ ਮੰਗ ਲਵਾਂ। ਜੇ ਮਾਫ਼ੀ ਮੰਗਣ ਦਾ ਜੇਰਾ ਨਾ ਵੀ ਕਰ ਸਕਾਂ, ਇਹ ਜ਼ਰੂਰ ਕਹਿ ਦੇਵਾਂ, ਸਦੀਕ, ਭਾਈ, ਜੋ ਕੁਛ ਹੋਇਆ, ਉਸਦਾ ਮੈਨੂੰ ਬਹੁਤ ਅਫ਼ਸੋਸ ਹੈ, ਤੂੰ ਵੀ ਭੁੱਲ ਜਾ!
ਅੰਤ ਵਿਚ ਇਹ ਸਵਾਲ ਮਨ ਵਿਚ ਆਉਂਦਾ ਹੈ ਕਿ ਜੇ ਅੱਜ ਸਾਡੀ ਕਵਿਤਾ ਦੇ ਉੱਚੇ ਝੂਲਦੇ ਪਰਚਮ ਮੋਹਨ ਸਿੰਘ ਹੁੰਦੇ, ਉਹ ਇਸ ਘਟਨਾ ਮਗਰੋਂ ਆਪਣੀ ਇਸ ਗ਼ਜ਼ਲ ਵਿਚ ਹੋਰ ਕਿਹੜੇ ਸਿ਼ਅਰ ਜੋੜ ਕੇ ਇਸ ਨੂੰ ਮੁਕੰਮਲ ਕਰਦੇ! ਸ਼ਬਦ ਦੇ ਗਹਿਰੇ ਸਾਗਰ ਦੇ ਥੱਲੇ ਤੋਂ ਅਜਿਹੇ ਅਨਮੋਲ ਮੋਤੀ ਤਾਂ ਉਸਤਾਦ ਸ਼ਾਇਰ ਮੋਹਨ ਸਿੰਘ ਹੀ ਕੱਢ ਕੇ ਲਿਆ ਸਕਦਾ ਸੀ:
ਭਾਰਤ ਹੈ ਵਾਂਗ ਮੁੰਦਰੀ, ਵਿਚ ਨਗ ਪੰਜਾਬ ਦਾ,
ਭਾਰਤ ਹੈ ਜੇ ਸ਼ਰਾਬ, ਇਹ ਨਸ਼ਾ ਸ਼ਰਾਬ ਦਾ।
ਆਉਣ ਨੂੰ ਤਾਂ ਜਵਾਨੀਆਂ ਹਰ ਇਕ ’ਤੇ ਆਉਂਦੀਆਂ,
ਪਰ ਹੋਰ ਹੀ ਹਿਸਾਬ ਹੈ ਸਾਡੇ ਸ਼ਬਾਬ ਦਾ।
ਗੰਗਾ ਬਣਾਵੇ ਦੇਵਤੇ ਤੇ ਜਮੁਨਾ ਦੇਵੀਆਂ,
ਆਸਿ਼ਕ ਮਗਰ ਬਣਾ ਸਕੇ ਪਾਣੀ ਚਨਾਬ ਦਾ।
ਪੰਜਾਬੀਉ ਨਾ ਨੀਂਵੀਂਆਂ ਗੱਲਾਂ ਦੀ ਤੱਕ ਰੱਖੋ,
ਹੁੰਦਾ ਕਦੀ ਨਾ ਆਲ੍ਹਣਾ ਝਿੱਕਾ ਉਕਾਬ ਦਾ।
ਭਾਈਆਂ ਤੇ ਪੰਡਿਤਾਂ ਦੀਆਂ ਗੱਲਾਂ ’ਤੇ ਨਾ ਖਪੋ,
ਕੀਤਾ ਇਹਨਾਂ ਨੇ ਕੰਮ ਕਦੋਂ ਹੈ ਸਵਾਬ ਦਾ।
ਮਿਟ ਜਾਣ ਆਪੇ ਬੋਲੀਆਂ ਵਰਣਾਂ ਦੇ ਵਿਤਕਰੇ,
ਮਰਦਾਨੇ ਵਾਂਗ ਛੇੜੀਏ ਜੇ ਸੁਰ ਰਬਾਬ ਦਾ।
ਉੱਠੋ ਕਿ ਉੱਠ ਕੇ ਦੇਸ ਦਾ ਮੂੰਹ-ਮੱਥਾ ਡੌਲੀਏ,
ਮੁੜ ਕੇ ਪੰਜਾਬ ਸਾਜੀਏ ਨਾਨਕ ਦੇ ਖ਼ਾਬ ਦਾ।
ਪਤਾਲਾਂ ਤੋਂ ਲਿਆਈਏ ਮੁੜ ਕੱਢ ਕੇ ਮਨੀ,
ਅਸਮਾਨ ਉੱਤੋਂ ਲਾਹੀਏ ਰਤਨ ਆਫ਼ਤਾਬ ਦਾ।
ਪੱਤਝੜ ਤੋਂ ਬਚਾਈਏ ਧਰਤੀ ਪੰਜਾਬ ਦੀ,
ਖੇੜੇ ਦੇ ਵਿਚ ਲਿਆਈਏ ਮੁੜ ਫੁੱਲ ਗੁਲਾਬ ਦਾ!
ਵਰਤਮਾਨ ਦੌਰ ਦੀ ਪੰਜਾਬੀ ਕਵਿਤਾ ਦਾ ਮੋਹਨ ਸਿੰਘ ਨਾਂ ਦਾ ਉਹ ਸੂਰਜ ਤਾਂ ਦੁਮੇਲ ਦੇ ਓਹਲੇ ਹੋ ਗਿਆ। ਸੂਰਜ ਦੀ ਗ਼ੈਰਹਾਜ਼ਰੀ ਵਿਚ ਦੀਵੇ ਵਿਤ ਅਨੁਸਾਰ ਚਾਨਣ ਦਾ ਜਤਨ ਕਰਦੇ ਰਹਿਣ ਦਾ ਉਸ ਨੂੰ ਦਿੱਤਾ ਆਪਣਾ ਵਚਨ ਸਦਾ ਤੋਂ ਨਿਭਾਉਂਦੇ ਆਏ ਹਨ। ਗ਼ਜ਼ਲ ਦੀ ਸੰਪੂਰਨਤਾ ਦਾ ਮੇਰਾ ਨਿਮਾਣਾ ਜਿਹਾ ਜਤਨ ਹਾਜ਼ਰ ਹੈ:
ਅੱਖਰਾਂ ਨੂੰ ਪੂਜਦਾ ਸੀ, ਹੇਕ ਸੁਣ ਕੇ ਝੂਮਦਾ,
ਹਸ਼ਰ ਕੀ ਪੰਜਾਬ ਹੁਣ ਖਾਨਾ-ਖ਼ਰਾਬ ਦਾ।
ਕਲਾ ਦੀਆਂ ਕੀਮਤਾਂ ਤੇ ਮੁੱਲ ਸਭਿਆਚਾਰ ਦਾ,
ਉਣਿਆਂ ਨੂੰ ਕੀ ਪਤਾ ਪੂਰੇ ਹਿਸਾਬ ਦਾ।
ਬੋਲ ਬਾਬੇ ਦੇ ਇਥੇ ਹੁਣ ਕੌਣ ਪੂਜਦਾ,
ਮਰਦਾਨਿਆ ਕੋਈ ਸਰੋਤਾ ਰਿਹਾ ਨਾ ਰਬਾਬ ਦਾ।
ਹੱਤਕ ਗ਼ਜ਼ਲਕਾਰ ਦੀ, ਅਪਮਾਨ ਗਾਇਕ ਦਾ,
ਕਿਥੇ ਗਿਆ ਸੁਚੱਜ ਉਹ ਅਦਬ-ਅਦਾਬ ਦਾ।
ਹਰ ਅੱਖਰ ਮੋਹਨ ਦਾ ਹੀਰਾ ਪੰਨਾ ਲਾਲ ਮੋਤੀ,
ਜੌਹਰੀਆਂ ਤੋਂ ਬਾਝ ਹੋਇਆ ਕੌਡੀਆਂ ਦੀ ਬਾਬ ਦਾ।
ਦੁੱਧ ਸੀ ਦਸਤਾਰ ਸ਼੍ਹਮਲੇਦਾਰ ਗੁਣੀ ਗਾਇਕ ਦੀ,
ਬੁੱਕ ਗਾਰਾ ਪੈ ਗਿਆ ਸਿਆਸੀ ਅਜ਼ਾਬ ਦਾ!
ਸਦੀਕ ਦੇ ਮੂੰਹੋਂ ਮੋਹਨ ਸਿੰਘ ਦੀ ਗ਼ਜ਼ਲ ਪੂਰੀ ਹੋਣ ਪਿੱਛੋਂ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਜੀ ਨੇ ਵੈਣ ਪਾਉਣ ਦੀ ਵੀ ਫ਼ਰਮਾਇਸ਼ ਕੀਤੀ ਸੀ। ਸ਼ਾਇਦ ਸ਼ਬਦ-ਕਲਾ ਅਤੇ ਗਾਇਣ-ਕਲਾ ਨੂੰ ਆਸ ਅਨੁਸਾਰ ਸਤਿਕਾਰ ਮਿਲਣ ਦੀ ਥਾਂ ਅਚਾਨਕ ਤ੍ਰਿਸਕਾਰੇ ਤੇ ਦੁਰਕਾਰੇ ਜਾਣ ਕਾਰਨ ਬੌਂਦਲਿਆ ਤੇ ਭਮੱਤਰਿਆ ਸਦੀਕ ਇਹ ਫ਼ਰਮਾਇਸ਼ ਪੂਰੀ ਨਹੀਂ ਸੀ ਕਰ ਸਕਿਆ। ਇਸ ਕਰਕੇ ਇਹ ਅੰਤਲਾ ਸ਼ਿਅਰ ਤੂੰਬੀ ਵਾਲੇ ਸਦੀਕ ਅਤੇ ਕਿਤਾਬ ਵਾਲੇ ਮੋਹਨ ਸਿੰਘ ਦਾ ਧਿਆਨ ਧਰਦਿਆਂ ਮੇਰੇ ਵੱਲੋਂ ਉਚੇਚੇ ਤੌਰ ਉੱਤੇ ਬਾਦਲ ਸਾਹਿਬ ਦੇ ਬਜ਼ੁਰਗ ਚਰਨਾਂ ਵਿਚ ਭੇਟ ਹੈ:
ਬਹਿ ਕੇ ਆਓ ਵੈਣ ਪਾਈਏ, ਕਲਾ ਵਾਲੇ ਦੋਸਤੋ,
ਸਰਕਾਰੀ ਸੱਥਰ ਵਿਛ ਗਿਆ ਤੂੰਬੀ, ਕਿਤਾਬ ਦਾ!
Veer ji ny bhut he sunder lekh lekha ha ji