ਨਵੀਂ ਦਿੱਲੀ :- ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਅਗਵਾਈ ਵਿੱਚ ਸਿੱਖ ਮੁੱਖੀਆਂ ਦੇ ਇੱਕ ਤਿੰਨ-ਮੈਂਬਰੀ ਪ੍ਰਤੀਨਿਧੀ ਮੰਡਲ, ਜਿਸ ਵਿੱਚ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਸ. ਹਰਵਿੰਦਰ ਸਿੰਘ ਸਰਨਾ ਅਤੇ ਗੁਰਦੁਆਰਾ ਕਮੇਟੀ ਦੇ ਸਕੱਤ੍ਰ ਸ. ਕਰਤਾਰ ਸਿੰਘ ਕੋਛੜ ਵੀ ਸ਼ਾਮਲ ਸਨ, ਨੇ ਬੀਤੇ ਦਿਨ ਇੱਥੇ ਉਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਬਹੁਗੁਣਾ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਸ. ਹਰਵਿੰਦਰ ਸਿੰਘ ਸਰਨਾ ਨੇ ਦਸਿਆ ਕਿ ਸ਼੍ਰੀ ਬਹੁਗੁਣਾਂ ਨਾਲ ਹੋਈ ਇਹ ਮੁਲਾਕਾਤ ਬਹੁਤ ਹੀ ਸਦਭਾਵਨਾਪੂਰਣ ਸੀ, ਜੋ ਬਹੁਤ ਹੀ ਲਾਹੇਵੰਦੀ ਰਹੀ।
ਸ. ਸਰਨਾ ਨੇ ਦਸਿਆ ਕਿ ਇਸ ਮੁਲਾਕਾਤ ਦੌਰਾਨ ਸਿੱਖ ਪੰਥ ਦੀਆਂ ਤਿੰਨ ਮਹਤਵਪੂਰਣ ਮੰਗਾਂ ਸ਼੍ਰੀ ਬਹੁਗੁਣਾ ਦੇ ਸਾਹਮਣੇ ਰਖੀਆਂ ਗਈਆਂ। ਜਿਨ੍ਹਾਂ ਵਿਚੋਂ ਪਹਿਲੀ ਰਾਹੀਂ ਹਰਿਦੁਆਰ ਸਥਿਤ ਗੁਰੂ ਨਾਨਕ ਦੇਵ ਜੀ ਦੀ ਚਰਨਛਹੁ ਪ੍ਰਾਪਤ ਇਤਿਹਾਸਿਕ ਸਥਾਨ, ਗੁਰਦਆਰਾ ਗਿਆਨ ਗੋਦੜੀ ਦਾ ਮੂਲ ਅਸਥਾਨ ਸਿੱਖਾਂ ਨੂੰ ਸੌਂਪੇ ਜਾਣ ਦੀ ਮੰਗ ਕੀਤੀ ਗਈ ਹੈ ਤਾਂ ਜੋ ਉਥੇ ਗੁਰੂ ਸਾਹਿਬ ਦੀ ਹਰਿਦੁਆਰਾ ਯਾਤ੍ਰਾ ਦੀ ਯਾਦ ਵਿੱਚ ਸ਼ਾਨਦਾਰ ਯਾਦਗਾਰ ਕਾਇਮ ਕੀਤੀ ਜਾ ਸਕੇ। ਸ. ਸਰਨਾ ਨੇ ਦਸਿਆ ਕਿ ਮੁੱਖ ਮੰਤਰੀ ਪਾਸੋਂ ਹੇਮਕੁੰਟ ਦੇ ਦਰਸ਼ਨਾਂ ਲਈ ਹੈਲੀਕਾਪਟਰ ਸੇਵਾ ਅਰੰਭ ਕੀਤੇ ਜਾਣ ਅਤੇ ਉਤਰਾਖੰਡ ਵਿੱਚ ਵਸਦੇ ਸਿੱਖਾਂ ਨੂੰ ਸਰਕਾਰ ਵਿੱਚ ਪ੍ਰਤੀਨਿਧਤਾ ਦਿੱਤੇ ਜਾਣ ਦੀ ਵੀ ਮੰਗ ਕੀਤੀ ਗਈ।
ਸ. ਹਰਵਿੰਦਰ ਸਿੰਘ ਸਰਨਾ ਨੇ ਦਸਿਆ ਕਿ ਸ਼੍ਰੀ ਵਿਜੈ ਬਹੁਗੁਣਾ ਨੇ ਇਨ੍ਹਾਂ ਮੰਗਾਂ ਅਤੇ ਇਨ੍ਹਾਂ ਨਾਲ ਜੁੜੀਆਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਸਮਝਿਆ। ਉਨ੍ਹਾਂ ਭਰੋਸਾ ਦੁਆਇਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਤਿਹਾਸਕ ਯਾਦਗਾਰ ਗੁਰਦੁਆਰਾ ਗਿਆਨ ਗੋਦੜੀ ਦਾ ਮੂਲ ਸਥਾਨ ਛੇਤੀ ਹੀ ਸਿੱਖਾਂ ਨੂੰ ਸੌਂਪ ਦਿੱਤਾ ਜਾਇਗਾ। ਇਸਦੇ ਨਾਲ ਹੀ ਉਨ੍ਹਾਂ ਇਸ ਸਥਾਨ ਤੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਗੁਰੂ ਸਾਹਿਬ ਦੀ ਸ਼ਾਨਦਾਰ ਯਾਦਗਾਰ ਕਾਇਮ ਕਰਨ ਦਾ ਅਧਿਕਾਰ ਦੇਣ ਦਾ ਵੀ ਭਰੋਸਾ ਦੁਆਇਆ। ਸ. ਸਰਨਾ ਨੇ ਦਸਿਆ ਕਿ ਸਿੱਖਾਂ ਨੂੰ ਉਤਰਾਖੰਡ ਦੀ ਸਰਕਾਰ ਵਿੱਚ ਪ੍ਰਤੀਨਿਧਤਾ ਦਿਤੇ ਜਾਣ ਦੀ ਕੀਤੀ ਗਈ ਮੰਗ ਦੇ ਸੰਬੰਧ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਾਜ ਵਿਚਲੇ ਕੁਝ ਪਤਵੰਤੇ ਸਿੱਖਾਂ ਦੇ ਨਾਂ ਸੁਝਾਏ ਜਾਣ ਤਾਂ ਉਹ ਉਨ੍ਹਾਂ ਵਿਚੋਂ ਚੋਣ ਕਰ ਉਨ੍ਹਾਂ ਦੀ ਇਹ ਮੰਗ ਪੂਰੀ ਕਰ ਸਕਣ।
ਸ. ਸਰਨਾ ਨੇ ਦਸਿਆ ਕਿ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਹੈਲੀਕਾਪਟਰ ਸੇਵਾ ਅਰੰਭ ਕਰਨ ਦੀ ਕੀਤੀ ਗਈ ਮੰਗ ਦੇ ਸੰਬੰਧ ਵਿੱਚ ਸ਼੍ਰੀ ਬਹੁਗੁਣਾਂ ਨੇ ਕਿਹਾ ਕਿ ਉਹ ਆਪ ਅਗਲੇ ਦੋ-ਚਾਰ ਦਿਨਾਂ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਦੇ ਦਰਸ਼ਨ ਕਰਨ ਅਤੇ ਗੁਰੂ ਚਰਨਾਂ ਵਿੱਚ ਆਪਣੀ ਅਕੀਦਤ ਦੇ ਫੁਲ ਭੇਂਟ ਕਰਨ ਆਉਣਗੇ, ਉਥੇ ਸਤਿਗੁਰਾਂ ਦੀ ਹਜ਼ੂਰੀ ਅਤੇ ਸੰਗਤ ਦੀ ਹਾਜ਼ਰੀ ਵਿੱਚ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਹੈਲੀਕਾਪਟਰ ਸੇਵਾ ਅਰੰਭ ਕਰਨ ਦਾ ਐਲਾਨ ਕਰ, ਗੁਰੂ ਮਹਾਰਾਜ ਅਤੇ ਸੰਗਤਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਖੁਸ਼ੀ ਲੈਣਾ ਚਾਹੁਣਗੇ।