ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਖੋਜ (ਕੁਦਰਤੀ ਸੋਮੇ ਅਤੇ ਪੌਦ ਸੁਰੱਖਿਆ ਪ੍ਰਬੰਧ) ਡਾ: ਟੀ ਐਸ ਥਿੰਦ ਦੇ ਅੱਜ ਸੇਵਾ ਮੁਕਤ ਹੋਣ ਤੇ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਪਾਰਟੀ ਵਿੱਚ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ, ਯੂਨੀਵਰਸਿਟੀ ਦੇ ਸਮੂਹ ਡੀਨਜ, ਡਾਇਰੈਕਟਰਾਂ ਤੋਂ ਇਲਾਵਾ ਯੂਨੀਵਰਸਿਟੀ ਦੇ ਵਿਗਿਆਨੀ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਡਾ: ਢਿੱਲੋਂ ਨੇ ਬੋਲਦਿਆਂ ਕਿਹਾ ਕਿ ਡਾ:ਥਿੰਦ ਇਕ ਕੁਸ਼ਲ ਪ੍ਰਬੰਧਕ ਅਤੇ ਖੋਜ ਵਿਗਿਆਨੀ ਰਹੇ ਹਨ। ਉਨ੍ਹਾਂ ਕਿਹਾ ਕਿ ਨਿਵੇਕਲੇ ਉਪਰਾਲਿਆਂ ਨੂੰ ਸਿਰੇ ਚੜਾਉਣ ਲਈ ਡਾ: ਥਿੰਦ ਹਮੇਸ਼ਾਂ ਮੋਢੀ ਰਹੇ ਹਨ। ਡਾ: ਥਿੰਦ ਵੱਲੋਂ ਆਪਣੇ ਸੇਵਾ ਕਾਲ ਦੌਰਾਨ ਨਿਭਾਈਆਂ ਗਈਆਂ ਜ਼ਿੰਮੇਂਵਾਰੀਆਂ ਦਾ ਲੇਖਾ ਦੱਸਿਆ ਗਿਆ।
ਇਸ ਮੌਕੇ ਵਿਸ਼ੇਸ ਤੌਰ ਤੇ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ: ਜੰਗ ਬਹਾਦਰ ਸਿੰਘ ਸੰਘਾ, ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਅਤੇ ਡੀਨ ਖੇਤੀਬਾੜੀ ਕਾਲਜ ਡਾ: ਦਵਿੰਦਰ ਸਿੰਘ ਚੀਮਾ ਨੇ ਵੀ ਸੰਬੋਧਨ ਕੀਤਾ। ਪੌਦ ਸੁਰੱਖਿਆ ਵਿਭਾਗ ਦੇ ਸਾਬਕਾ ਮੁਖੀ ਡਾ: ਸੰਤੋਖ ਸਿੰਘ ਸੋਖੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਡਾ: ਥਿੰਦ ਵੱਲੋਂ ਕੀਤੇ ਖੋਜ ਕਾਰਜ ਅਤੇ ਪ੍ਰਬੰਧਕੀ ਕਾਰਜਾਂ ਤੋਂ ਨਵੇਂ ਵਿਗਿਆਨੀਆਂ ਨੂੰ ਸੇਧ ਲੈਣੀ ਚਾਹੀਦੀ ਹੈ। ਸ: ਸੰਘਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਡਾ: ਥਿੰਦ ਵੱਲੋਂ ਆਲੂ ਦੇ ਪਿਛੇਤੇ ਝੁਲਸ ਰੋਗ ਨੂੰ ਕਾਬੂ ਕਰਨ ਲਈ ਤਿਆਰ ਕੀਤਾ ਡਿਸੀਜ਼ਨ ਸਪੋਰਟ ਸਿਸਟਮ ਆਲੂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਬਹੁਤ ਮਦਦਗਾਰ ਸਿੱਧ ਹੋਇਆ ਹੈ ਅਤੇ ਹੁੰਦਾ ਰਹੇਗਾ। ਡਾ: ਥਿੰਦ ਨੇ ਇਸ ਮੌਕੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਸਖਤ ਮਿਹਨਤ, ਅਨੁਸ਼ਾਸਨ ਦਾ ਲੜ ਫੜਨਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਕਿਰਸਾਨੀ ਦੀ ਸੇਵਾ ਵਿੱਚ ਸਮਰਪਿਤ ਕਰ ਦੇਣਾ ਚਾਹੀਦਾ ਹੈ। ਇਸ ਪਾਰਟੀ ਮੌਕੇ ਡਾ: ਥਿੰਦ ਅਤੇ ਉਨ੍ਹਾਂ ਦੀ ਧਰਮ ਪਤਨੀ ਡਾ: ਸ਼੍ਰੀਮਤੀ ਸੰਜੀਵ ਕੌਰ ਥਿੰਦ ਨੂੰ ਯਾਦਗਾਰੀ ਚਿੰਨ੍ਹ ਅਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ।