ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਤ ਮਾਝਾ ਸਿੰਘ ਕਰਮਜੋਤ ਸੀ:ਸੈ: ਸਕੂਲ ਦੀਆਂ 4 ਬੱਚੀਆਂ ਦੀ ਸਕੂਲ ਬਸ ਤੇ ਰੇਲ ਹਾਦਸੇ ‘ਚ ਹੋਈ ਦਰਦਨਾਕ ਮੌਤ ਤੇ ਮ੍ਰਿਤਕ ਬੱਚੀਆਂ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਜਿਹੜੇ ਬੱਚੇ ਫੱਟੜ ਹੋਏ ਹਨ ਉਨ੍ਹਾਂ ਦੇ ਜਲਦੀ ਤੋਂ ਜਲਦੀ ਤੰਦਰੁਸਤੀ ਦੀ ਕਾਮਨਾ ਕੀਤੀ ਹੈ।
ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈਸ ਰਲੀਜ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਬੱਚਿਆਂ ਦੇ ਮਾਪੇ ਸਭ ਤੋਂ ਵੱਧ ਸੁਰੱਖਿਅਤ ਸਕੂਲ ਬਸ ਨੂੰ ਹੀ ਸਮਝਦੇ ਹਨ ਪਰ ਬਦਕਿਸਮਤੀ ਨਾਲ ਸਕੂਲ ਬਸ ਦੇ ਡਰਾਈਵਰ ਦੀ ਜਰਾ ਜਿੰਨੀ ਗਲਤੀ ਵੀ ਬਹੁਤ ਵੱਡਾ ਨੁਕਸਾਨ ਕਰ ਦਿੰਦੀ ਹੈ ਜੋ ਸਹਾਰਨਯੋਗ ਨਹੀਂ ਹੁੰਦੀ।
ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਸਕੂਲ ਲਈ ਵੈਨਾਂ, ਬਸਾਂ ਲਗਾਉਣ ਵੇਲੇ ਡਰਾਈਵਰ ਦਾ ਡਰਾਈਵਿੰਗ ਲਾਇਸੈਂਸ ਤੇ ਤਜਰਬੇ ਨੂੰ ਵੇਖ ਹੀ ਲਗਵਾਇਆ ਜਾਣਾ ਚਾਹੀਦਾ ਹੈ ਤਾਂ ਜੋ ਅਜਿਹੀਆਂ ਦਰਦਨਾਕ ਘਟਨਾ ਤੋਂ ਬੱਚਿਆ ਜਾ ਸਕੇ ਤੇ ਕਿਸੇ ਵੀ ਮਾਂ ਦੀ ਗੋਦ ਨਾ ਸੁੰਝੀ ਹੋਵੇ ਤੇ ਭੈਣ ਦਾ ਪਿਆਰ ਨਾ ਵਿੱਛੜੇ।
ਉਨ੍ਹਾਂ ਕਿਹਾ ਕਿ ਅਕਾਲ ਪੁਰਖ ਦਾ ਭਾਣਾ ਹੈ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਬਾਣੀ ਦਾ ਫ਼ੁਰਮਾਨ ਹੈ ਜਿਸ ਕੀ ਵਸਤੁ ਸੋਈ ਲੈ ਜਾਇਗਾ ਰੋਸੁ ਕਿਸੈ ਸਿਉ ਕੀਜੈ॥ ਖੇਤੀ ਉਸ ਮਾਲਕ ਦੀ ਹੈ ਕੱਚੀ ਵੱਢ ਲਏ ਭਾਵੇਂ ਪੱਕੀ, ਮ੍ਰਿਤਕ ਬੱਚੀਆਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਸਤਿਗੁਰੂ ਦੇ ਚਰਨਾਂ ਵਿਚ ਅਰਦਾਸ ਹੈ ਮ੍ਰਿਤਕ ਬੱਚੀਆਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਪਿੱਛੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਤੇ ਜਿਹੜੇ ਬੱਚੇ ਫੱਟੜ ਹੋਏ ਹਨ ਉਨ੍ਹਾਂ ਤੇ ਸਤਿਗੁਰੂ ਕ੍ਰਿਪਾ ਕਰਨ ਉਹ ਜਲਦੀ ਤੋਂ ਜਲਦੀ ਤੰਦਰੁਸਤ ਹੋਣ।