ਨੈਲੋਰ- ਨਵੀਂ ਦਿੱਲੀ ਤੋਂ ਨੈਲੋਰ ਜਾ ਰਹੀ ਤਾਮਿਲ ਨਾਡੂ ਐਕਸਪ੍ਰੈਸ ਦੇ ਯਾਤਰੀਆਂ ਲਈ ਸੋਮਵਾਰ ਦਾ ਦਿਨ ਕਾਲ ਬਣ ਕੇ ਆਇਆ। ਨੈਲੋਰ ਦੇ ਨਜ਼ਦੀਕ ਗੱਡੀ ਦੀ ਇੱਕ ਬੋਗੀ ਵਿੱਚ ਅੱਗ ਲਗ ਜਾਣ ਨਾਲ 32 ਲੋਕਾਂ ਦੀ ਮੌਤ ਹੋ ਗਈ ਅਤੇ 25 ਜਖਮੀ ਹੋ ਗਏ।ਇਸ ਹਾਦਸੇ ਨੂੰ ਅੱਖੀਂ ਵੇਖਣ ਵਾਲਿਆਂ ਅਨੁਸਾਰ ਮਰਨ ਵਾਲਿਆਂ ਦੀ ਸੰਖਿਆ 50 ਦੇ ਕਰੀਬ ਦਸੀ ਗਈ ਹੈ।
ਟਰੇਨ ਵਿੱਚ ਲਗੀ ਅੱਗ ਦੇ ਕਾਰਣਾਂ ਸਬੰਧੀ ਅਜੇ ਸਪੱਸ਼ਟ ਤੌਰ ਤੇ ਕੁਝ ਨਹੀਂ ਕਿਹਾ ਜਾ ਰਿਹਾ। ਖਦਸ਼ਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਣ ਲਗੀ ਹੈ। ਰੇਲਮੰਤਰੀ ਮੁਕੁਲ ਰਾਇ ਨੇ ਕਿਹਾ ਹੈ ਕਿ ਇਸ ਦੁਰਘਟਨਾ ਪਿੱਛੇ ਸਾਜਿਸ਼ ਵੀ ਹੋ ਸਕਦੀ ਹੈ। ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਰੇਲ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਹਰ ਤਰ੍ਹਾਂ ਦੀ ਸਹਾਇਤਾ ਮੁਹਈਆ ਕਰਵਾਈ ਜਾਵੇ। ਤੜਕੇ 4:15 ਤੇ ਨੈਲੋਰ ਦੇ ਸਟੇਸ਼ਨ ਮਾਸਟਰ ਨੇ ਅੱਗ ਦੀ ਜਾਣਕਾਰੀ ਮਿਲਣ ਤੇ ਰੇਲਵੇ ਅਧਿਕਾਰੀਆਂ ਨੂੰ ਸੂਚਿਤ ਕੀਤਾ। 5:30 ਤੇ ਅੱਗ ਤੇ ਕਾਬੂ ਪਾ ਲਿਆ ਗਿਆ ਸੀ। ਜਖਮੀਆਂ ਨੂੰ ਨਜ਼ਦੀਕ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।
ਰੇਲੰਮਤਰੀ ਨੇ ਮਰਨ ਵਾਲਿਆਂ ਦੇ ਪਰੀਵਾਰਾਂ ਨੂੰ ਪੰਜ ਲੱਖ ਰੁਪੈ ਮੁਆਵਜ਼ਾ ਅਤੇ ਪਰੀਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਗੰਭੀਰ ਰੂਪ ਵਿੱਚ ਜਖਮੀਆਂ ਨੂੰ ਇੱਕ ਲੱਖ ਅਤੇ ਥੋੜੇ ਜਖਮਾਂ ਵਾਲਿਆਂ ਨੂੰ 25 ਹਜ਼ਾਰ ਰੁਪੈ ਦੇਣ ਦਾ ਐਲਾਨ ਕੀਤਾ ਗਿਆ ਹੈ। ਤਾਮਿਲ ਨਾਡੂ ਦੀ ਮੁੱਖਮੰਤਰੀ ਜੈਲਲਿਤਾ ਨੇ ਵੀ ਮਰਨ ਵਾਲਿਆਂ ਦੇ ਪਰੀਵਾਰਾਂ ਨੂੰ ਇੱਕ-ਇੱਕ ਲੱਖ ਅਤੇ ਜਖਮੀਆਂ ਨੂੰ 25-25 ਹਜ਼ਾਰ ਰੁਪੈ ਦੀ ਨਕਦ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।