ਲੰਡਨ- ਸ਼ੂਟਰ ਵਿਜੈ ਕੁਮਾਰ ਨੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਨੂੰ ਸਿਲਵਰ ਮੈਡਲ ਦਿਵਾਇਆ। ਕਿਊਬਾ ਦੇ ਲਾਰਿਸ ਪੂਪੋ ਤੋਂ ਉਹ ਚਾਰ ਅੰਕਾਂ ਦੇ ਫਰਕ ਨਾਲ ਗੋਲਡ ਮੈਡਲ ਲੈਣ ਤੋਂ ਪਿੱਛੇ ਰਹਿ ਗਏ। ਪੂਪੋ ਨੇ 34 ਅਤੇ ਵਿਜੈ ਕੁਮਾਰ ਨੇ 30 ਅੰਕ ਪ੍ਰਾਪਤ ਕੀਤੇ। ਚੀਨ ਦੇ ਡਿੰਗ ਫੇਂਗ ਨੇ 27 ਅੰਕ ਹਾਸਿਲ ਕਰਕੇ ਕਾਂਸੇ ਦਾ ਮੈਡਲ ਪ੍ਰਾਪਤ ਕੀਤਾ। ਲੰਡਨ ਉਲੰਪਿਕ ਵਿੱਚ ਭਾਰਤ ਨੂੰ ਇਹ ਪਹਿਲਾ ਸਿਲਵਰ ਮੈਡਲ ਮਿਲਿਆ ਹੈ। ਵਿਜੈ ਦੀ ਇਸ ਕਾਮਯਾਬੀ ਤੇ ਹਿਮਾਚਲ ਦੇ ਮੁੱਖ ਮੰਤਰੀ ਪਰੇਮ ਕੁਮਾਰ ਧੂਮਲ ਨੇ ਰਾਜ ਸਰਕਾਰ ਵੱਲੋਂ ਉਸ ਨੂੰ ਇੱਕ ਕਰੋੜ ਰੁਪੈ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਵਿਜੈ ਕੁਮਾਰ ਹਿਮਾਚਲ ਦੇ ਹਮੀਰਪੁਰ ਜਿਲ੍ਹੇ ਦੇ ਹਰਸੌਰ ਪਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿੰਡ ਵਿੱਚ ਮੈਡਲ ਜਿੱਤਣ ਉਪਰੰਤ ਜਸ਼ਨ ਦਾ ਮਹੌਲ ਹੈ। 27 ਸਾਲਾ ਵਿਜੈ ਕੁਮਾਰ ਆਰਮੀ ਵਿੱਚ ਸੂਬੇਦਾਰ ਹਨ। ਉਨ੍ਹਾਂ ਨੇ ਆਰਮੀ ਵਿੱਚ ਭਰਤੀ ਹੋਣ ਤੋਂ ਬਾਅਦ ਹੀ ਨਿਸ਼ਾਨੇਬਾਜ਼ੀ ਸ਼ੁਰੂ ਕੀਤੀ ਸੀ। ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਰੱਖਿਆ ਮੰਤਰੀ ਐਂਟਨੀ ਨੇ ਵਿਜੈ ਕੁਮਾਰ ਨੂੰ ਇਸ ਜਿੱਤ ਲਈ ਵਧਾਈ ਦਿੱਤੀ ਹੈ।