ਸੰਯੁਕਤ ਰਾਸ਼ਟਰ- ਸੀਰੀਆ ਦੇ ਖਿਲਾਫ਼ ਪੇਸ਼ ਕੀਤੇ ਗਏ ਪ੍ਰਸਤਾਵ ਨੂੰ ਸੰਯੁਕਤ ਰਾਸ਼ਟਰ ਦੀ ਮਹਾਂਸੱਭਾ ਨੇ ਪਾਸ ਕਰ ਦਿੱਤਾ ਹੈ। ਇਹ ਪ੍ਰਸਤਾਵ ਸਾਊਦੀ ਅਰਬ ਨੇ ਪੇਸ਼ ਕੀਤਾ ਸੀ। ਭਾਰਤ ਸਮੇਤ 31 ਦੇਸ਼ਾਂ ਨੇ ਇਸ ਮੱਤਦਾਨ ਵਿੱਚ ਹਿੱਸਾ ਹੀ ਨਹੀਂ ਸੀ ਲਿਆ ਅਤੇ 12 ਦੇਸ਼ਾਂ ਨੇ ਇਸ ਦੇ ਵਿਰੋਧ ਵਿੱਚ ਵੋਟ ਦਿੱਤਾ। ਅਸਦ ਵਿਰੋਧੀ ਪ੍ਰਸਤਾਵ ਦੇ ਪੱਖ ਵਿੱਚ 133 ਵੋਟ ਪਏ। ਇਸ ਪ੍ਰਸਤਾਵ ਵਿੱਚ ਅਸਦ ਸਰਕਾਰ ਦੁਆਰਾ ਸੀਰੀਆਈ ਲੋਕਾਂ ਦੇ ਖਿਲਾਫ਼ ਕੀਤੀ ਜਾ ਰਹੀ ਹਿੰਸਾ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ।
ਅਸਦ ਸਰਕਾਰ ਨੂੰ ਮਹਾਂਸੱਭਾ ਵੱਲੋਂ ਕਿਹਾ ਗਿਆ ਹੈ ਕਿ ਉਹ ਆਪਣੇ ਰਸਾਇਣਕ ਅਤੇ ਜੈਵਿਕ ਹੱਥਿਆਰਾਂ ਦੇ ਟਿਕਾਣਿਆਂ ਨੂੰ ਬਂਦ ਕਰ ਦੇਵੇ ਅਤੇ ਵਿਰੋਧ ਕਰ ਰਹੀ ਜਨਤਾ ਤੇ ਹਮਲੇ ਕਰਨ ਤੋਂ ਬਾਜ ਆਵੇ।ਪ੍ਰਸਤਾਵ ਵਿੱਚ ਸੀਰੀਆ ਸੰਕਟ ਨੂੰ ਹਲ ਕਰਨ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਅਸਫਲਤਾ ਤੇ ਵੀ ਨਰਾਜਗੀ ਜਾਹਿਰ ਕੀਤੀ ਗਈ। ਇਹ ਵੀ ਕਿਹਾ ਗਿਆ ਹੈ ਕਿ ਸੁਰੱਖਿਆ ਪ੍ਰੀਸ਼ਦ ਦੇ ਪੰਜ ਸਥਾਈ ਮੈਂਬਰਾਂ ਦੇ ਨਿਜੀ ਏਜੰਡੇ ਦੀ ਵਜ੍ਹਾ ਕਰਕੇ ਸੀਰੀਆ ਵਿੱਚ ਸ਼ਾਂਤੀ ਸਥਾਪਿਤ ਨਹੀਂ ਹੋ ਸਕੀ। ਇਸ ਤੋਂ ਪਹਿਲਾਂ ਪੇਸ਼ ਕੀਤੇ ਗਏ ਪ੍ਰਸਤਾਵਾਂ ਦੇ ਮਸੌਦਿਆਂ ਵਿੱਚ ਪੇਸ਼ ਕਰਨ ਤੋਂ ਪਹਿਲਾਂ ਹੀ ਬਦਲਾਅ ਕੀਤੇ ਗਏ।ਚੀਨ, ਰੂਸ, ਭਾਰਤ ਅਤੇ ਈਰਾਨ ਵਰਗੇ ਦੇਸ਼ਾਂ ਦੇ ਦਬਾਅ ਕਰਕੇ ਬਸ਼ਰ ਅਲ ਅਸਦ ਦੇ ਅਹੁਦਾ ਛੱਡਣ ਅਤੇ ਸੀਰੀਆ ਤੇ ਆਰਥਿਕ ਬੰਦਸ਼ਾਂ ਲਗਾਉਣ ਵਰਗੀਆਂ ਮੰਗਾਂ ਨੂੰ ਪ੍ਰਸਤਾਵ ਵਿੱਚੋਂ ਹਟਾ ਲਿਆ ਗਿਆ।ਰੂਸ, ਚੀਨ, ਸਾਊਦੀ ਅਰਬ , ਭਾਰਤ ਅਤੇ ਕਤਰ ਦੇ ਨਾਲ ਕਈ ਦੌਰ ਦੀ ਵਾਰਤਾ ਕਰਨ ਤੋਂ ਬਾਅਦ ਅਸਦ ਨੂੰ ਸਤਾ ਤੋਂ ਪਾਸੇ ਕਰਨ ਦੀ ਮੰਗ ਵਾਲੇ ਹਿੱਸੇ ਨੂੰ ਪ੍ਰਸਤਾਵ ਵਿੱਚੋਂ ਹਟਾਇਆ। ਬਰਾਜ਼ੀਲ ਅਤੇ ਦੱਖਣੀ ਅਫ਼ਰੀਕਾ ਵੀ ਇਸ ਦੇ ਪੱਖ ਵਿੱਚ ਸਨ।