ਦੱਸ ਵੇ ਪੁੱਤਰਾ ਦੱਸ ਤੂੰ ਮੇਰਾ ਘਰ ਕਿੱਥੇ ਹੈ?
ਜਿਥੇ ਬੈਠ ਆਰਾਮ ਕਰਾਂ ਉਹ ਦਰ ਕਿੱਥੇ ਹੈ।
ਦੂਰ ਦੇਸ ਪਰਦੇਸ ਗੁਆਚੀ ਛਾਂ ਪੁੱਛਦੀ।
ਪੁੱਤਰ ਦੇ ਘਰ ਬੇਘਰ ਹੋਈ ਮਾਂ ਪੁੱਛਦੀ।
ਵੇ ਪੁੱਤਰਾ ਤੈਨੂੰ ਲਾਡ ਲਡਾਇਆ।
ਚਾਈਂ ਪੜ੍ਹਨ ਸਕੂਲੇ ਪਾਇਆ।
ਕਦਮ ਕਦਮ ਤੇ ਜੋ ਸਮਝਾਇਆ,
ਏਥੇ ਆ ਕੇ ਭੁੱਲ ਗਿਐਂ ਮੈਂ ਤਾਂ ਪੁੱਛਦੀ।
ਪੁੱਤਰ ਦੇ ਘਰ ਬੇਘਰ ਹੋਈ ਮਾਂ ਪੁੱਛਦੀ।
ਪੁੱਤ ਵਿਆਹੇ ਨੂੰਹਾਂ ਆਈਆਂ।
ਉਨ੍ਹਾਂ ਆਣ ਨਕੇਲਾਂ ਪਾਈਆਂ।
ਭੁੱਲ ਗਏ ਮਾਪੇ, ਚਾਚੀਆਂ ਤਾਈਆਂ।
ਬਦਲ ਕੇ ਜਿਹੜਾ ਰੱਖਿਆ ਤੈਥੋਂ ਨਾਂ ਪੁੱਛਦੀ।
ਪੁੱਤਰ ਦੇ ਘਰ ਬੇਘਰ ਹੋਈ ਮਾਂ ਪੁੱਛਦੀ।
ਅਮਰੀਕਾ ਇੰਗਲੈਂਡ ਕੈਨੇਡਾ।
ਖਾ ਗਈ ਮੇਰਾ ਪੁੱਤਰ ਏਡਾ।
ਮੇਰੇ ਲਈ ਤਾਂ ਨਿਰਾ ਛਲੇਡਾ।
ਬੋਹੜਾਂ ਤੇ ਪਿੱਪਲਾਂ ਜਹੀ ਸੰਘਣੀ ਛਾਂ ਪੁੱਛਦੀ।
ਪੁੱਤਰ ਦੇ ਘਰ, ਬੇਘਰ ਹੋਈ ਮਾਂ ਪੁਛਦੀ।
ਪੁੱਤ ਪੋਤਰੇ ਬੜੇ ਖਿਡਾਏ।
ਪੋਤਰੀਆਂ ਦੇ ਲਾਡ ਲਡਾਏ।
ਕੋਈ ਨਾ ਬੀਬੀ ਆਖ ਬੁਲਾਏ।
ਬਿਨ ਸਿਰਨਾਵੇਂ ਆਪਣਾ ਸ਼ਹਿਰ ਗਿਰਾਂ ਪੁੱਛਦੀ।
ਪੁੱਤਰ ਦੇ ਘਰ ਬੇਘਰ ਹੋਈ ਮਾਂ ਪੁੱਛਦੀ।
ਜਿਥੇ ਵਾਧੂ ਹੋ ਗਏ ਮਾਪੇ।
ਮੈਨੂੰ ਇਹ ਜੱਗ ਕਬਰਾਂ ਜਾਪੇ।
ਪੁੱਛੀਂ ਤੂੰ ਵੀ ਖੁਦ ਨੂੰ ਆਪੇ।
ਤੇਰੀ ਅੰਮੜੀ ਤੈਥੋਂ ਅਸਲ ਨਿਆਂ ਪੁੱਛਦੀ।
ਪੁੱਤਰ ਦੇ ਘਰ ਬੇਘਰ ਹੋਈ ਮਾਂ ਪੁੱਛਦੀ।
punjabi radio