ਕੈਨੇਡਾ ਵਿੱਚ ਘਰੋਂ ਨਿੱਕਲਣ ਵੇਲੇ ਲੋਕ ਅਕਸਰ,ਕੰਪਿਊਟਰ ਤੇ ਦੋ ਚੀਜਾਂ ਵੇਖਦੇ ਹਨ ।ਪਹਿਲੀ, ਜਿਸ ਥਾਂ ਜਾਣਾ ਹੈ ਉੱਥੋਂ ਦਾ ਨਕਸ਼ਾ,ਦੂਜਾ ਮੌਸਮ। ਪਤਾ ਹੀ ਨਹੀਂ ਚੱਲਦਾ ਕਿ ਕਦੋਂ ਧੁੱਪ ਨਿੱਕਲੀ ਹੋਵੇ ਅਤੇ ਕਦੋਂ ਬਰਫ ਪੈਣ ਲੱਗ ਜਾਵੇ। ਕੱਲ੍ਹ ਤਾਪਮਾਣ ਇੱਕ ਡਿਗਰੀ ਸੀ ਪਰ ਅੱਜ ਮਨੱਫੀ ਪੰਦਰਾਂ ਡਿਗਰੀ ਹੋ ਗਿਆ। ਮੈਂ ਟੋਰਾਂਟੋ ਡਾਊਨ ਟਾਊਨ ਵਿੱਚ,ਜ਼ਮੀਨ ਦੋਜ਼ ਰੇਲ ਦੇ ਕਿੰਗ ਸਟੇਸ਼ਨ ਤੋਂ ਉੱਤਰਕੇ ਕਿੰਗ ਸਟਰੀਟ ਤੇ ਜਾ ਰਿਹਾ ਸੀ । ਜਨਵਰੀ ਦੇ ਪਹਿਲੇ ਹਫਤੇ ਰੂੰ ਦੇ ਫੰਬਿਆਂ ਵਾਂਗ ਬਰਫ ਡਿੱਗ ਰਹੀ ਸੀ।ਚਾਰੋਂ ਪਾਸੇ ਬਰਫ ਹੀ ਬਰਫ ਉੱਡ ਰਹੀ ਸੀ।ਇਮਾਰਤਾਂ,ਸੜਕਾਂ, ਖੰਭਿਆਂ ਉੱਤੇ ਬਰਫ ਜੰਮ ਰਹੀ ਸੀ।ਤੇਜ ਹਵਾ ਨਾਲ ਜਦੋਂ ਬਰਫ ਮੂੰਹ ‘ਤੇ ਵੱਜਦੀ ਤਾਂ ਸੂਈਆਂ ਵਾਂਗ ਚੁੱਭਦੀ।ਐਨਕ ਉੱਤੇ ਬਰਫ ਨਾਲ ਧੁੰਦ ਜੰਮਦੀ ਵੇਖਕੇ ਮੈਂ ਐਣਕ ਲਾਹ ਕੇ ਕੋਟ ਦੀ ਜੇਬ ਵਿੱਚ ਪਾ ਲਈ।ਮੈਨੂੰ ਕਦੀ ਕਦੀ ਕਾਂਬੇ ਦੀ ਧੁੱੜਤੜੀ ਆਉਂਦੀ ।ਚਰਚ ਸਟਰੀਟ ਉੱਤੇ ਸੇਂਟ ਜ਼ੇਮਜ਼ ਪਾਰਕ ਵਿੱਚ ਸਰਦੀਆਂ ਵਿੱਚ ਸੁੱਕ ਚੁੱਕੇ ਦਰਖਤਾਂ ਦੀਆਂ ਟਾਹਣੀਆਂ ਬਰਫ ਨਾਲ ਸਫੈਦ ਹੋ ਗਈਆਂ ਸਨ। ਪਰ ਦਰਜ਼ਨ ਕੁ ਪੰਛੀ ਚੋਗਾ ਚੁਗ ਰਹੇ ਸਨ।ਮੈਂ ਸਧਾਰਣ ਜਿਹੀ ਨਿਗਾਹ ਮਾਰਦਾ ਤੁਰਿਆ ਗਿਆ।ਵਾਪਸੀ ‘ਤੇ ਜਦੋਂ ਫਿਰ ਮੈਂ ਉਸੇ ਪਾਰਕ ਕੋਲੋਂ ਲੰਘਿਆ ਤਾਂ ਮੈਂ ਗਹੁ ਨਾਲ ਵੇਖਿਆ ਕਿ ਚੋਗਾ ਚੁਗਣ ਵਾਲੇ ਪੰਛੀਆਂ ਵਿੱਚ ਬਹੁਤੇ ਕਬੂਤਰ ਸਨ।ਵੇਖਣ ਲਈ ਮੈਂ ਪਾਰਕ ਵਿੱਚ ਚਲਾ ਗਿਆ।ਮੈਨੂੰ ਇਹ ਵੇਖ ਕੇ ਹੈਰਾਂਨੀ ਹੋਈ ਕਿ ਇਨ੍ਹਾਂ ਕੈਨੇਡੀਅਨ ਪੰਛੀਆਂ ਵਿੱਚ ਦੋ ਗੋਲੇ ਕਬੂਤਰ ਵੀ ਸਨ। “ਬੱਲੇ ਓ ਥੋਡੇ, ਦੇਸੀ ਮਿੱਤਰੋ! ਤੁਸੀਂ ਕਦੋਂ ਪਹੁੰਚੇ?” ਮੇਰੇ ਪੁੱਛਣ ਤੇ ਉਨ੍ਹਾਂ ਕੋਈ ਪ੍ਰਤੀਕਰਮ ਨਾ ਕੀਤਾ।ਨਾ ਤਾਂ ਮੇਰੇ ਵੱਲ ਵੇਖਿਆ ਅਤੇ ਨਾ ਹੀ ਪੰਜਾਬ ਦੇ ਕਬੂਤਰਾਂ ਵਾਂਗ ਡਰ ਕੇ ਉੱਡੇ।ਦੋਨੋਂ ਕਬੂਤਰ ਕਿੱਲੋ-ਕਿੱਲੋ ਤੋਂ ਵੱਧ ਹੋਣਗੇ। ਗੋਲੇ ਕਬੂਤਰਾਂ ਦੀ ਤਾਂ ਉੱਡਾਰੀ ਵੀ ਤਿੱਤਰਾਂ ਜਿੰਨੀ ਹੀ ਹੁੰਦੀ ਹੈ।ਇੰਨਾ ਭਾਰਾ ਪੰਛੀ ਭਾਰਤ ਤੋਂ ਕੈਨੇਡਾ ਕਿਵੇਂ ਪਹੁੰਚ ਗਿਆ?ਸ਼ਾਇਦ ਇਨ੍ਹਾਂ ਦੇ ਵੱਡੇ ਵਡੇਰੇ ਸੌ ਸਾਲ ਪਹਿਲਾਂ ਕਾਮਾਂ ਗਾਟਾ ਮਾਰੂ ਸਮੁੰਦਰੀ ਜਹਾਜ ਵਾਲੇ ਬਾਬਿਆਂ ਨਾਲ ਆਏ ਹੋਣ। ਮੈਂ ਵੇਖਣ ਲਈ ਬੈਂਚ ਤੇ ਬੈਠ ਗਿਆ।ਤੇਜ ਬਰਫ ਹੁਣ ਰੁੱਕਦੀ ਜਾ ਰਹੀ ਸੀ। ਸਾਹਮਣੇ ਬੈਂਚ ਤੇ ਦੋ ਗੋਰੀਆਂ ਕੁੜੀਆਂ ਬੈਠੀਆਂ ਸਨ। ਉਹ ਪੈ ਰਹੀ ਬਰਫ ਵਿੱਚ ਵੀ ਅਈਸ ਕਰੀਂਮ ਖਾ ਰਹੀਆਂ ਸਨ। ਮੈਂ ਕਬੂਤਰਾਂ ਵੱਲ ਵੇਖ ਕੇ ਕਿਹਾ, “ ਮਿੱਤਰੋ ਇੰਨੀ ਬਰਫ ਵਿੱਚ ਚੋਗਾ ਚੁਗਣ ਆਉਣ ਦੀ ਤੁਹਾਡੀ ਮਜਬੂਰੀ ਮੇਰੀ ਸਮਝ ਆਉੰਂਦੀ ਹੈ।ਜਦੋਂ ਆਪਣੇ ਮੁਲਕ ਵਿੱਚ ਕਾਂ ਅਤੇ ਘੋਗੜ ਸਾਰਾ ਆਸਮਾਂਨ ਮੱਲ ਲੈਣ, ਫਿਰ ਕਬੂਤਰਾਂ ਅਤੇ ਘੁੱਗੀਆਂ ਲਈ ਹੋਰ ਕੋਈ ਚਾਰਾ ਵੀ ਤਾਂ ਨਹੀਂ ਰਹਿ ਜਾਂਦਾ।” ਚੰਗੀ ਜਿੰਦਗੀ ਜੀਣ ਦੀ ਲਾਲਸਾ ਕਦੀ ਮਰਦੀ ਨਹੀਂ,ਬੇ ਮੌਸਮੀਂ ਧੁੱਪ ਨਾਲ ਮੁਰਝਾ ਜਰੂੁਰ ਜਾਂਦੀ ਹੈ। ‘ਸਭ ਕੀ ਨਜਰੋਂ ਮੇਂ ਹੋ ਸਾਕੀ, ਯਿਹ ਜਰੁਰੀ ਹੈ; ਮਗਰ ਸਭ ਪੇ ਸਾਕੀ ਕੀ ਨਜਰ ਹੋ, ਯਿਹ ਜਰੂਰੀ ਤੋ ਨਹੀਂ।’ਤੁਹਾਡੇ ਨਾਲ ਵੀ ਇੰਜ ਹੀ ਹੋਈ ਹੈ।ਜਿਸ ਪੰਜਾਬ ਦੇ ਸਾਢੇ ਬਾਰਾਂ ਹਜਾਰ ਪਿੰਡਾਂ ਵਿੱਚ ਸਕੂਲਾਂ ਨਾਲੋਂ ਚੌਗੁਣੀ ਗਿਣਤੀ ਡੇਰਿਆਂ ਅਤੇ ਗੁਰੂਦਵਾਰਿਆਂ ਦੀ ਹੋਵੇ।ਉੱਥੇ ਨਿਊਟਨ,ਅਇਨਸਟਾਈਨ ਅਤੇ ਟਾਲਸਟਾਏ ਨਹੀਂ ਪੈਦਾ ਹੋਇਆ ਕਰਦੇ।ਕਾਲੇ ਪਾਣੀ ਜਾਣ ਵਾਲੀ ਨਰਸਰੀ ਹੀ ਤਿਆਰ ਹੁੰਦੀ ਹੈ। ਬਰਫ ਪੈਣੀ ਹੁਣ ਰੁੱਕ ਗਈ ਸੀ ।ਮੈਂ ਮੁੱਛਾਂ ਤੇ ਜੰਮੀ ਬਰਫ ਝਾੜੀ। ਬਰੀਕ ਬਰਫ ਨੇ ਤਾਂ ਦਾੜ੍ਹੀ ਵੀ ਗਿੱਲੀ ਕਰ ਦਿੱਤੀ ਸੀ। ਬਰਫ ਨਾਲ ਚਿੱਟੀ ਹੋਈ ਧਰਤੀ ‘ਤੇ ਬੈਂਚ ਉੱਤੇ ਬੈਠਣਾ ਚੰਗਾ ਲੱਗਿਆ। ਦੋਨੋਂ ਗੋਲੇ ਕਬੂਤਰ ਬਾਕੀਆਂ ਨਾਲੋਂ ਕਾਹਲੀ ਕਾਹਲੀ ਚੁੱਗ ਰਹੇ ਸਨ।ਸਾਡੇ ਦੇਸ਼ ਦਾ ਪਾਣੀ ਹੀ ਅਜਿਹਾ ਹੈ ਕਿ ਕਾਹਲ ਅਤੇ ਹੱਫੜਾ ਦਫੜੀ ਸਾਡੇ ਖੂੰਨ ਵਿੱਚ ਰਚੀ ਹੋਈ ਹੈ।ਸਾਡੇ ਤਾਂ ਅਵਾਰਾ ਗਊਆਂ ਵੀ ਕਦੀ ਸਿੱਧੀਆਂ ਨਹੀਂ ਚੱਲਦੀਆਂ।ਤੁਰਦੇ ਹੋਏ ਆਸੇ ਪਾਸੇ ਮੂੰਹ ਮਾਰਦੀਆਂ ਜਾਂਦੀਆਂ ਹਨ।ਪਰ ਅਮਰੀਕਨ ਗਊਆਂ ਅਤੇ ਢੱਠੇ ਸਾਡੇ ਦੇਸ਼ ਵਿੱਚ ਆ ਕੇ ਵੀ, ਸਿਰ ਸੁੱਟੀ, ਸਿੱਧੇ ਤੁਰੇ ਜਾਂਦੇ ਹਨ। ਸਾਡੇ ਸਾਸ਼ਤਰਾਂ ਵਿਚਲੇ ਰਿਸ਼ੀ ਮੁਨੀਂ ਵੀ ਪਲ ਵਿੱਚ ਹੀ ਕ੍ਰੋਧਿਤ ਹੋ ਕੇ ਸਰਾਫ ਦੇਣ ਦੀ ਧਮਕੀ ਦੇ ਦਿੰਦੇ ਸਨ।ਪਰ ਗੋਰਿਆਂ ਵਿੱਚ ਠਰੰਮਾਂ ਹੈ।ਉਹ ਦੂਸਰਿਆਂ ਨੂੰ ਮੁਸਕਰਾਕੇ,“ਪਹਿਲੇ ਆਪ” ਕਹਿੰਦੇ ਹਨ।ਕੁੱਝ ਦੇਰ ਪੰਛੀਆਂ ਨੂੰ ਚੋਗ ਚੁੱਗਦੇ ਵੇਖਕੇ ਮੈਂ ਸੱਬ-ਵੇਅ ਰੇਲ ਲਈ ਚੱਲ ਪਿਆ। ਗਿੱਲੇ ਹੋਏ ਫੁੱਟਪਾਥ ਤੇ ਹੌਲੇ ਕਦਮੀਂ ਟਹਿਲਦਾ, ਮੈਂ ਦਿੱਲੀ ਤੋਂ ਟੋਰੌਂਟੋ ਜਾ ਰਹੀ ਫਲਾਈਟ ਨੂੰ ਯਾਦ ਕਰਨ ਲੱਗਾ। ਉਸ ਸ਼ਾਂਮ ਡਰਾਇਵਰ ਨੂੰ ਵਾਪਸ ਚੰਡੀਗੜ੍ਹ ਮੋੜਕੇ ਮੈਂ ਦਸੰਬਰ ਮਹੀਨੇ ਦੀ ਸੱਭ ਤੋਂ ਲੰਮੀਂ ਰਾਤ ਦੇ ਗਿਆਰਾਂ ਵੱਜੇ ਇੰਦਰਾ ਗਾਂਧੀ ਅੰਤਰਰਾਜੀ ਹਵਾਈ ਅੱਡੇ ‘ਤੇ ਬੈਠਾ ਏਅਰ ਇੰਡੀਆ ਏਅਰਲਾਈਨ ਦੀ ਖਿੜਕੀ ਖੁੱਲ੍ਹਣ ਦੀ ਉੱਡੀਕ ਕਰ ਰਿਹਾ ਸੀ। ਹਵਾਈ ਜਹਾਜ ਨੇ ਤਿੰਨ ਘੰਟੇ ਬਾਅਦ ਉੱਡਣਾ ਸੀ।ਏਅਰ ਇੰਡੀਆ ਦੀ ਇਹ ਫਲਾਈਟ ਦਿੱਲੀ ਤੋੰ ਟੋਰਾਂਟੌ ਜਾ ਰਹੀ ਸੀ।ਥੋੜ੍ਹੀ ਦੇਰ ਬਾਅਦ ਹਾਲ ਵਿੱਚ ਲੱਗੇ ਵੱਡੇ ਸਕਰੀਂਨਾਂ ‘ਤੇ ਏਅਰ ਇੰਡੀਆ ਦਾ ਕਾਊਂਟਰ ਖੁੱਲ੍ਹਣ ਦਾ ਸਿਗਨਲ ਫਲੈਸ਼ ਹੋਇਆ।ਮੈਂ ਆਪਣਾ ਸੂਟਕੇਸ ਜਮ੍ਹਾਂ ਕਰਵਾਕੇ ਬੋਰਡਿੰਗ ਪਾਸ ਲੈ ਲਿਆ।ਪਾਸ ਦੇਣ ਵਾਲੀ ਕੁੜੀ ਨੂੰ ਮੈਂ ਬੇਨਤੀ ਕਰਕੇ ਵਿੰਡੋ ਸੀਟ ਦੇਣ ਲਈ ਕਿਹਾ ਤਾਂ ਉਸਨੇ ਤਾਕੀ ਨਾਲ ਦੀ ਸੀਟ ਦੇ ਦਿੱਤੀ।ਪਰ ਨਾਲ ਹੀ ਉਸ ਕਿਹਾ ਕਿ “ਜਹਾਜ ਨੇ ਤਾਂ ਸਾਰੇ ਰਾਹ ਰਾਤ ਨੂੰ ਹੀ ਉੱਡਣਾ ਹੈ।ਬਾਹਰ ਹਨੇਰੇ ਵਿੱਚ ਕੁੱਝ ਨਹੀਂ ਦਿੱਸੇਗਾ।”ਮੈਂ ਮੋੜਵੀਂ ਮੁਸਕਰਾਹਟ ਨਾਲ ਜਵਾਬ ਦਿੱਤਾ, “ਕੋਈ ਗੱਲ ਨਹੀਂ ਮੈਡਮ !ਬਾਹਰ ਦੇ ਹਨੇਰਿਆਂ ਨੂੰ ਵੇਖਣਾ ਵੀ ਚੰਗਾ ਲੱਗਦਾ ਹੈ।” ਇੰਮੀਗਰੇਸਨ਼ ਫਾਰਮ ਭਰਕੇ ਮੈਂ ਇੰਮੀਗਰੇਸ਼ਨ ਅਧਿਕਾਰੀ ਤੋਂ ਪਾਸਪੋਰਟ ੳੱਤੇ ਦੇਸ਼ ਛੱਡਣ ਦੀ ਮੋਹਰ ਲਗਵਾਈ ਅਤੇ ਸਕਿਉਰਿਟੀ ਚੈੱਕ ਵਿੱਚੋਂ ਲੰਘਕੇ ਵੱਡੇ ਹਾਲ ਵਿੱਚ ਜਾ ਬੈਠਾ। ਹੁਣ ਦਿੱਲੀ ਹਵਾਈ ਅੱਡਾ ਅੱਤਿ ਆਧੁਨਿਕ ਹੈ ਜੋ ਵਿਸ਼ਵ ਦੇ ਵੱਡੇ ਏਅਰਪੋਰਟਾਂ ਵਰਗਾ ਹੈ।ਇਸ ਤਰਾਂ ਦਾ ਹਵਾਈ ਅੱਡਾ ਮੈਂ ਸਾਂਨਫਰਾਂਸਿਸਕੋ ਦਾ ਵੇਖਿਆ ਸੀ।ਇਹ ਵੇਖਕੇ ਮੰਨਣਾ ਪੈਵੇਗਾ ਕਿ ਪਿਛਲੇ ਵੀਹ ਸਾਲਾਂ ਦੌਰਾਂਨ ਡਾ. ਮਨਮੋਹਨ ਸਿੰਘ ਦੀਆਂ ਨੀਤੀਆਂ ਕਾਰਣ ਬਹੁਤ ਵਿਕਾਸ ਹੋਇਆ ਹੈ। ਸਮਾਂ ਜਿਵੇਂ ਰੁੱਕ ਗਿਆ ਸੀ। ਕੁੱਝ ਦੇਰ ਬਾਅਦ ਜਹਾਜ ਦਾ ਦਰਵਾਜਾ ਖੁੱਲ੍ਹਿਆ ਅਤੇ ਸਵਾਰੀਆਂ ਵਾਰੀ ਵਾਰੀ ਸਰਕਦੀਆਂ ਹੋਈਆਂ ਅੰਦਰ ਜਾਣ ਲੱਗੀਆਂ ।ਜਦੋਂ ਸਾਰੇ ਆਪੋ ਆਪਣੀਆਂ ਸੀਟਾਂ ਤੇ ਬੈਠ ਗਏ ਤਾਂ ਦਰਵਾਜਾ ਬੰਦ ਹੋ ਗਿਆ। ਇੱਕ ਏਅਰ ਹੋਸਟੈੱਸ ਸਵਾਰੀਆਂ ਨੂੰ ਦਿੱਲੀ ਵਾਲੀ ਬੋਲੀ ‘ਚ ਸੀਟ ਬੈੱਲਟ ਲਾਉਣੀ ਅਤੇ ਖੋਹਲਣੀ ਸਿਖਾਉਣ ਲੱਗੀ। ਉਸ ਦੱਸਿਆ ਕਿ, “ਜੇ ਜਹਾਜ ਨੂੰ ਐਂਮਰਜੈਂਸੀ ਸਮੇਂ ਸਮੁੰਦਰ ਪਰ ਉਤਾਰਣਾ ਪਵੇ ਤੋ ਸਵਾਰੀਆਂ ਆਪਣੀ ਸੀਟਾਂ ਕੇ ਨੀਚੇ ਪਈਆਂ ਪਾਣੀ ਪਰ ਤੈਰਣੇ ਵਾਲੀਆਂ ਜੈਕਟਾਂ ਪਹਿਣ ਲੈਣ। ਖਤਰਾ ਹੋਣ ਤੇ ਜਹਾਜ ਦੇ ਹੰਗਾਂਮੀਂ ਹਾਲਤ ਵਿੱਚ ਖੁੱਲ੍ਹਣ ਵਾਲੇ ਛੇ ਦਰਵਾਜੇ ਤਰੰਤ ਖੁੱਲ੍ਹ ਜਾਣਗੇ ਅਤੇ ਮੁਸਾਫਰਾਂ ਨੇ ਜਹਾਜ ਵਿੱਚੋਂ ਬਾਹਰ ਕੁੱਦਣਾ ਹੈ।ਬਾਹਰ ਛਲਾਂਗ ਲਗਾਉਣ ਵੇਲੇ ਕੋਈ ਸਮਾਂਨ ਵਗੈਰਾ ਨਹੀਂ ਚੁੱਕਣਾ।ਸਿਰਫ ਆਪਣੀ ਜਾਂਨ ਬਚਾਣੀ ਹੈ।ਆਪ ਕੀ ਸੀਟ ਕੇ ਉਪਰ ਲਗੀ ਹੂਈ ਅਕਸੀਜਨ ਕਿੱਟ ਨੀਚੇ ਆ ਜਾਏਗੀ।ਆਪ ਨੇ ਅਪਣੇ ਮੂੰਹ ਪਰ ਮਾਸਕ ਪਹਿਣ ਲੇਨਾ ਹੈ ਔਰ ਲੰਬੀ ਲੰਬੀ ਸਾਂਸ ਲੇਨੀ ਹੈ।” ਦੱਸਣ ਵਾਲੀ ਦਾ ਲਹਿਜਾ ਸਮਝਾਉਣ ਨਾਲੋਂ ਵੱਧ ਡਰਾਉਣ ਵਾਲਾ ਸੀ। ਇਹ ਸੁਣਦਿਆਂ ਹੀ ਪਹਿਲੀ ਵਾਰੀ ਜਹਾਜ ਚੜ੍ਹੇ ਇੱਕ ਜਵਾਕ ਦਾ ਮੂੰਹ ਨਿੱਕਾ ਜਿਹਾ ਹੋ ਗਿਆ।ਇੱਕ ਹੋਰ ਕੁੜੀ ਘਬਰਾ ਗਈ ਤੇ ਰੋਣ ਲੱਗੀ। ਅਖੀਰ ਰਾਤੀਂ ਦੋ ਵਜੇ ਦਿਉ ਜਿੱਡਾ ਜਹਾਜ ਹਿੱਲਿਆ।ਮੈਂ ਸੀਟ ਤੋਂ ਅਗਾਂਹ ਅਤੇ ਪਿਛਾਂਹ ਸਿਰ ਘੁਮਾ ਕੇ ਵੇਖਿਆ। ਜਹਾਜ ਮੈਂਨੂੰ ਕੋਟਫੱਤੇ ਦੇ ਸੇਂਮ ਨਾਲੇ ਦੇ ਪੁੱਲ ਜਿੱਡਾ ਲੱਗਿਆ।ਏਅਰ ਹੋਸਟੈੱਸ ਨੇ ਸਾਰੀਆਂ ਸਵਾਰੀਆਂ ਨੂੰ ਸੀਟ ਬੈੱਲਟਾਂ ਲਾਉਣ ਲਈ ਕਿਹਾ।ਪੁਰਾਣੇ ਫਰਗੂਸਨ ਟਰੈਕਟਰ ਵਰਗਾ ਇੱਕ ਪਿੱਦਾ ਜਿਹਾ ਟਰੈਕਟਰ ਇਸ ਭਾਰੀ ਭਰਕੰਮ ਜਹਾਜ ਨੂੰ ਪਿਛਾਂਹ ਨੂੰ ਧੱਕੀ ਜਾ ਰਿਹਾ ਸੀ।ਜਹਾਜ ਦੇ ਬੈਕ ਗੇਅਰ ਨਹੀਂ ਹੁੰਦਾ।ਇੱਕ ਮੁਲਾਜਮ ਜਹਾਜ ਦੇ ਨਾਲ ਨਾਲ ਤੁਰਦਾ ਉਸ ਪਿੱਦੇ ਟਰੈਕਟਰ ਨੂੰ ਹਰੀ ਝੰਡੀ ਦਿਖਾ ਰਿਹਾ ਸੀ।ਮੈਨੂੰ ਲੱਗਾ ਜਿਵੇਂ ਦੋ ਜਮੂਰੇ, ਹਾਥੀ ਨੂੰ ਧੱਕ ਕੇ ਪਿਛਾਂਹ ਕਰ ਰਹੇ ਹੋਣ।ਮਲਕੜੇ ਜਿਹੇ ਜਹਾਜ ਨੂੰ ਹਵਾਈ ਪੱਟੀ ‘ਤੇ ਛੱਡਕੇ ਟਰੈਕਟਰ ਹਨੇਰੇ ਵਿੱਚ ਭੰਬੀਰੀ ਬਣ ਗਿਆ।ਜਿਵੇਂ ਸਰਕਸ ਵਿੱਚ ਬੌਣਾਂ ਜੌਕਰ ਹਾਥੀ ਦੀ ਸੁੰਡ ਤੇ ਹੱਥ ਮਾਰ ਕੇ ਭੱਜ ਗਿਆ ਹੋਵੇ। ਹੁਣ ਜਹਾਜ ਹਲਕੀ ਜਿਹੀ ਸੀਟੀ ਮਾਰਦਾ,ਹੌਲੀ-ਹੌਲੀ ਹਵਾਈ ਪੱਟੀ ‘ਤੇ ਸਿੱਧਾ ਚੱਲਣ ਲੱਗਾ।ਦਸ ਕੁ ਮਿਨਟਾਂ ਵਿੱਚ ਇਹ ਮਿੰਨ੍ਹੀ ਬੱਸ ਦੇ, ਲਿੰਕ ਰੋਡ ਤੋਂ ਮੁੱਖ ਸੜਕ ਤੇ ਚੜ੍ਹਣ ਵਾਂਗ ਤਿੰਨ ਚਾਰ ਮੋੜ ਕੱਟਦਾ ਹੋਇਆ ਮੁੱਖ ਹਵਾਈ ਪੱਟੀ ‘ਤੇ ਚੜ੍ਹ ਗਿਆ।ਇੱਥੇ ਰੁੱਕ ਕੇ ਜਹਾਜ ਦੇ ਪਾਇਲਟ, ਕੰਟਰੋਲ ਟਾਵਰ ਤੋਂ ਸਿਗਨਲ ਦੀ ਉੱਡੀਕ ਕਰਨ ਲੱਗੇ।ਸਵਾਰੀਆਂ ਸਾਹ ਰੋਕੀ ਖਾਮੋਸ਼ ਝੁੱਲਣ ਵਾਲੇ ਝੱਖੜ ਨੂੰ ਉਡੀਕ ਰਹੀਆਂ ਸਨ।ਪਹਿਲੀ ਵਾਰੀ ਹਵਾਈ ਸਫਰ ਕਰਨ ਵਾਲੇ ਤਨਾਅ ਵਿੱਚ ਸਨ।ਦਸ ਕੁ ਮਿਨਟ ਦੀ ਉਡੀਕ ਪਿੱਛੋਂ ਅਚਾਣਕ ਇੰਜਣ ਦੀ ਆਵਾਜ ਤੇਜ ਹੋਈ ਅਤੇ ਜਹਾਜ ਨੇ ਬੱਬਰ ਸ਼ੇਰ ਵਾਗ ਦਹਾੜ ਮਾਰੀ।ਫਿਰ ਤਿੱਖੀ ਸੀਟੀ ਮਾਰਦਾ ਜਹਾਜ ਪੈਰ ਤੋਂ ਹੀ ਹਨੇਰੀ ਬਣ ਗਿਆ।ਮੈਂ ਤਾਕੀ ਵਿੱਚੋਂ ਬਾਹਰ ਵੇਖ ਰਿਹਾ ਸੀ। ਦਿੱਲੀ ਦੀਆਂ ਜਗਦੀਆਂ ਲਾਈਟਾਂ ਹਨੇਰੀ ਵਿੱਚ ਉੱਡਦੇ ਸੁੱਕੇ ਪੱਤਿਆਂ ਵਾਂਗ ਪਿਛਾਂਹ ਨੂੰ ਦੌੜ ਰਹੀਆਂ ਸਨ।ਮੈਂ ਸਾਹਮਣੇ ਟੀ.ਵੀ.ਸਕਰੀਂਨ ਤੇ ਪੜਿਆ,ਗਰਾਊਂਡ ਸਪੀਡ 350 ਕਿਲੋ ਮੀਟਰ।ਇੰਨਾ ਤੇਜ!ਫਿਰ ਮਲਕੜੇ ਜਿਹੇ ਜਹਾਜ ਨੇ ਪਹਿਲਾਂ ਅਗਲਾ ਪਹੀਆ ਚੁੱਕਿਆ ਫਿਰ ਪਿਛਲੇ ਪਹੀਏ ਚੁੱਕੇ ਅਤੇ ਧਰਤੀ ਤੋਂ ਉਤਾਂਹ ਉੱਠ ਗਿਆ।ਹੁਣ ਸਿੱਧਾ ਅਸਮਾਂਨ ਵੱਲ ਜਾਣ ਲੱਗਾ। ਉੱਪਰ ਚੜ੍ਹ ਰਹੇ ਜਹਾਜ ਦਾ ਅਗਲਾ ਹਿੱਸਾ ਉੱਚਾ ਸੀ। ਦਿੱਲੀ ਦੀਆਂ ਲਾਈਟਾਂ ਦੂਰ ਹੁੰਦੀਆਂ ਹੁੰਦੀਆਂ ਅਖੀਰ ਦਿੱਸਣੋ ਹਟ ਗਈਆਂ।ਥੋੜੀ ਦੇਰ ਬਾਅਦ ਜਹਾਜ ਆਪਣੀ ਗਿਆਰਾਂ ਹਜਾਰ ਮੀਟਰ ਦੀ ਨਿਰਧਾਰਤ ਉੱਚਾਈ ਤੇ ਪਹੁੰਚਕੇ ਸਿੱਧਾ ਉੱਡਣ ਲੱਗਾ।ਓਦੋਂ ਹੀ ਏਅਰ ਹੋਸਟੈੱਸਾਂ ਨੇ ਸਵਾਰੀਆਂ ਨੂਂੰ ਸੀਟ ਬੈੱਲਟਾਂ ਖੋਹਲਕੇ ਆਰਾਂਮ ਨਾਲ ਬੈਠਣ ਲਈ ਕਿਹਾ ਅਤੇ ਨਾਲ ਹੀ ਟਰਾਲੀਆਂ ਵਿੱਚ ਜੂਸ,ਕੋਕ,ਬੀਅਰ ਅਤੇ ਵਿੱਸਕੀ ਵਰਤਾਉਣ ਲੱਗੀਆਂ । ਅੰਦਰ ਬੈਠਿਆਂ ਨੂੰ ਜਹਾਜ ਖਲੋਤਾ ਹੋਇਆ ਲੱਗ ਰਿਹਾ ਸੀ।ਠੰਡਾ ਗਰਮ ਪੀਣ ਪਿੱਛੋਂ ਖਾਣੇ ਦੀਆਂ ਟਰਾਲੀਆਂ ਆ ਗਈਆਂ। ਸਵਾਰੀਆਂ ਖਾਣਾ ਖਾਂਦਿਆਂ ਹੀ ਸੌਣ ਦੀ ਤਿਆਰੀ ਕਰਨ ਲੱਗੀਆਂ।ਕਈ ਆਪਣੇ ਅੱਗੇ ਵਾਲੀਆਂ ਸੀਟਾਂ ਦੇ ਪਿੱਛੇ ਲੱਗੇ ਟੀ.ਵੀ. ਵੇਖ ਰਹੇ ਸਨ। ਕੋਈ ਕੋਈ ਲੈਪ ਟਾਪ ਤੇ ਉਂਗਲਾਂ ਮਾਰ ਰਿਹਾ ਸੀ।ਬਾਹਰ ਕਾਲੀ ਬੋਲੀ ਰਾਤ ਦਾ ਘੁੱਪ ਹਨੇਰਾ ਸੀ।ਬੱਸਾਂ ਵਿੱਚ ਪੈਂਦੇ ਰੌਲੇ ਤੋਂ ਉਲਟ ਇੱਥੇ ਕਬਰਾਂ ਵਰਗੀ ਖਾਮੋਸ਼ੀ ਸੀ।ਮੈਨੂੰ ਪਤਾ ਹੀ ਨਹੀਂ ਚੱਲਿਆ ਕਦੋਂ ਨੀਂਦ ਆ ਗਈ।ਕਾਫੀ ਦੇਰ ਸੌਣ ਤੋਂ ਬਾਅਦ ਏਅਰ ਹੋਸਟੈੱਸ ਦੀ “ਚਾਏ,ਕੌਫੀ” ਦੀ ਕੋਇਲ ਵਰਗੀ ਆਵਾਜ ਨਾਲ ਮੈਂ ਜਾਗਿਆ।ਜਹਾਜ ਰੂਸ ਉੱਪਰੋਂ ਲੰਘਕੇ ਹੁਣ ਯੌਰਪ ਦੇ ਆਸਮਾਂਨ ੳੱੰਤੇ ਉੱਡ ਰਿਹਾ ਸੀ। ਮੈਂ ਪਹਿਲਾਂ ਅਲਾਇਚੀ ਦੇ ਜੂਸ ਦਾ ਇੱਕ ਗਲਾਸ ਪੀਤਾ। ਫਿਰ ਚਾਹ ਨਾਲ ਦੋ ਕੁ ਬਿਸਕੁੱਟ ਅਤੇ ਨਮਕੀਂਨ ਮੂੰਗਫਲੀ ਖਾਧੀ ਅਤੇ ਆਪਣੇ ਸਾਹਮਣੇ ਛੋਟੇ ਟੀ.ਵੀ. ਤੇ ‘ਟਾਇਟੈਨਿਕ’ ਫਿਲਮ ਲਗਾ ਲਈ। ਜਹਾਜ ਸਾਰਾ ਹੀ ਮੁੰਡੇ ਕੁੜੀਆਂ ਨਾਲ ਭਰਿਆ ਹੋਇਆ ਸੀ।ਮੁਸ਼ਕਿਲ ਨਾਲ ਪੰਜਾਹ ਸੱਠ ਆਦਮੀਂ ਅਤੇ ਔਰਤਾਂ ਸਨ।ਕੈਨੇਡਾ ਵਿੱਚ ਜਨਵਰੀ ਮਹੀਨੇ ਵਿੱਚ ਕਲਾਸਾਂ ਸ਼ੁਰੂ ਹੋ ਰਹੀਆਂ ਸਨ। ਇਸ ਲਈ ਪੜ੍ਹਾਈ ਵਾਲੇ ਵੀਜ਼ੇ ਤੇ ਇਹ ਪਾੜ੍ਹੇ ਜਾ ਰਹੇ ਸਨ।ਕਿਉਂਕੇ ਬਹੁਤੇ ਵਿਦਿਆਰਥੀ ਪੰਜਾਬ ਅਤੇ ਦਿੱਲੀ ਦੇ ਸਨ ਇਸ ਲਈ ਇਹ ਅਕਸਰ ਏਅਰ ਇੰਡੀਆ ਦੀ ਫਲਾਈਟ ਤੇ ਹੀ ਜਾਂਦੇ ਹਨ।ਕਹਿਣ ਨੂੰ ਇਹ ਪੜ੍ਹਣ ਜਾਦੇ ਹਨ, ਪਰ ਅਸਲ ਵਿੱਚ ਕੋਈ ਵਿਰਲੇ ਟਾਂਵੇਂ ਹੀ ਵਾਪਸ ਮੁੜਦੇ ਹਨ।ਬਾਕੀ ਸੱਭ ਕੈਨੇਡਾ ਪੱਕੇ ਹੋਣ ਨੂੰ ਹੀ ਤਰਜੀਹ ਦਿੰਦੇ ਹਨ।ਅੱਧ ਦਸੰਬਰ ਤੋਂ ਨਵੇਂ ਸਾਲ ਤੱਕ ਇੰਜ ਸਾਡੀ ਨੌਜਵਾਂਨ ਪੀਹੜੀ ਦੇ ਭਰੇ ਜਹਾਜ ਵਿਦੇਸ਼ਾਂ ਨੂੰ ਜਾਂਦੇ ਹਨ।ਇੰਜ ਲੱਗਦਾ ਸੀ ਜਿਵੇਂ ਸਾਰਾ ਪੰਜਾਬ ਹੀ ਵਿਦੇਸ਼ ਜਾ ਰਿਹਾ ਹੋਵੇ।ਬੇਸ਼ੱਕ ਪਰਵਾਸ ਕੁਦਰਤੀ ਵਰਤਾਰਾ ਹੈ।ਜਾਨਵਰ ਤੇ ਪੰਛੀ ਵੀ ਚੰਗੇਰੀਆਂ ਚਰਾਗਾਹਾਂ ਤੇ ਚੋਗ ਲਈ ਦੂਰ ਦੁਰਾਡੇ ਚੋਗ ਚੁਗਣ ਜਾਂਦੇ ਹਨ। ਪਰ ਅੱਜ ਦੇ ਪੰਜਾਬ ਵਿੱਚ ਤਾਂ ਕੋਈ ਰਹਿਣਾ ਹੀ ਨਹੀਂ ਚਾਹੁੰਦਾ।ਅਕਸਰ ਕਿਹਾ ਜਾਂਦਾ ਹੈ ਕਿ ਪੰਜਾਬੀ ਰੋਟੀ ਰੋਜ਼ੀ ਲਈ ਵਿਦੇਸ਼ਾਂ ਨੂੰ ਜਾਂਦੇ ਹਨ ।ਪਰ ਇਹ ਸੱਚ ਨਹੀਂ ਹੈ।ਜਿਸ ਵਿਅਕਤੀ ਕੋਲ ਰੋਟੀ ਖਾਣ ਲਈ ਪੈਸੇ ਨਹੀਂ ਹਨ,ਉਹ ਤਾਂ ਦਿੱਲੀ ਲਾਲ ਕਿਲਾ ਵੇਖਣ ਨਹੀਂ ਜਾ ਸਕਦਾ। ਹਵਾਈ ਜਹਾਜ ਦਾ ਕਿਰਾਇਆ ਕਿੱਥੋਂ ਲਿਆਵੇਗਾ?ਇਹ ਸਾਰੇ ਮੁੰਡੇ ਕੁੜੀਆਂ ਖਾਂਦੇ ਪੀਂਦੇ ਘਰਾਂ ਦੇ ਹਨ।ਵਿਦਿਆਰਥੀ ਵੀਜੇ ਲਈ ਪਹਿਲਾਂ ਬੱਚਾ ਸ਼ਹਿਰੀ ਸਕੂਲਾਂ ਦਾ ਪੜ੍ਹਿਆ ਹੋਵੇ। ਯਾਨੀਂ ਖਰਚਾ ਕਰਨ ਦੇ ਸਮਰੱਥ ਹੋਵੇ।ਫਿਰ ਵੀਜ਼ੇ ਲਈ ਬਾਰਾਂ ਤੋਂ ਵੀਹ ਲੱਖ ਤੱਕ ਨਕਦ ਰੁਪਿਆ ਇਕੱਠਾ ਕਰ ਸਕਦਾ ਹੋਵੇ । ਇੰਨੀਆਂ ਤਾਂ ਗਰੀਬ ਆਦਮੀਂ ਠੀਕਰੀਆਂ ਨਹੀਂ ਇਕੱਠੀਆਂ ਕਰ ਸਕਦਾ।ਸੋ ਰੋਟੀ ਤੋਂ ਮੁਥਾਜ ਲੋਕਾਂ ਨੂੰ ਵਿਦੇਸ਼ ਕੌਣ ਲਿਜਾਂਦਾ ਹੈ?ੳਹ ਵਿਚਾਰੇ ਤਾਂ ਦਸ ਵੀਹ ਮੀਲ ਦੇ ਘੇਰੇ ਵਿੱਚ ਸਾਰੀ ਉਮਰ ਘੱਟਾ ਢੋਅ ਕੇ ਮਿੱਟੀ ਵਿੱਚ ਮਿੱਟੀ ਹੋ ਜਾਂਦੇ ਹਨ।ਸ਼ਾਇਦ ਕਿਸੇ ਵਿਰਲੇ ਟਾਂਵੇਂ ਦਾ ਭਾਵੇਂ ਦਾਅ ਲੱਗ ਜਾਵੇ। ਉਹ ਵੀ ਚੰਗਾ ਮਾੜਾ ਵਿਆਹ ਕਰਵਾਕੇ। ਜੇ ਸਿਰਫ ਰੋਜੀ- ਰੋਟੀ ਹੀ ਸਮੱਸਿਆ ਹੁੰਦੀ ਫਿਰ ਪੰਜਾਬ ਦੇ ਖਾਂਦੇ ਪੀਂਦੇ ਲੋਕਾਂ,ਇੰਜਨੀਅਰਾਂ,ਵਕੀਲਾਂ,ਡਾਕਟਰਾਂ,ਪ੍ਰਿੰਸੀਪਲਾਂ,ਅਫਸਰਾਂ ਨੇ ਇੰਜ ਦੇਸ਼ ਛੱਡਕੇ ਨਹੀਂ ਸੀ ਭੱਜਣਾ। ਜਿੰਦਗੀ ਦੀ ਸਮੱਸਿਆ ਨਿਰੀ ਆਰਥਕ ਹਾਲਤ ਨਹੀਂ ਹੈ।ਸੂਖਮ ਸਥੂਲ ਦਾ ਵਿਰੋਧ ਵੀ ਹੈ। ਸਮੱਸਿਆ ਮਾਨਸਿਕਤਾ ਦੀ ਵੀ ਹੈ।ਦਰਅਸਲ ਪੰਜਾਬੀਆਂ ਦੇ ਪਰਵਾਸ ਦੇ ਅਨੇਕਾਂ ਕਾਰਣ ਹਨ।‘ਜਿਵੇਂ ਬੇਰੋਜਗਾਰੀ,ਗਰੀਬੀ,ਚੰਗੇ ਜੀਵਨ ਦੀ ਖਾਹਿਸ਼,ਰਿਸ਼ਤੇਦਾਰਾਂ ਅਤੇ ਸ਼ਰੀਕਾਂ ਨਾਲੋਂ ਵੱਡਾ ਦਿੱਸਣ ਦੀ ਭੁੱਖ,ਭਾਰਤ ਦੀ ਕੁਰਬਲ ਕੁਰਬਲ ਕਰਦੀ ਆਬਾਦੀ,ਵਿਦੇਸ਼ਾਂ ਤੋਂ ਪੰਜਾਬ ਆਉਂਦੇ ਪ੍ਰਵਾਸੀਆਂ ਦੇ ਵਿਦੇਸ਼ਾਂ ਬਾਰੇ ਮਾਰੇ ਗੱਪ,ਹਰ ਪਾਸੇ ਫੈਲਿਆ ਹੋਇਆ ਭ੍ਰਿਸ਼ਟਾਚਾਰ । ਰਿਸ਼ਵਤਖੋਰੀ,ਕਮਚੋਰੀ, ਭਾਈ ਭਤੀਜਾਵਾਦ,ਮਿਹਨਤ ਤੇ ਇਮਾਨਦਾਰੀ ਦਾ ਮੁੱਲ ਨਾ ਪੈਣਾ,ਜਿੰਦਗੀ ਦੀ ਦੌੜ ਵਿੱਚ ਅਕਸਰ ਗਧਿਆਂ ਤੋਂ ਘੋੜਿਆਂ ਦਾ ਪੱਛੜ ਜਾਣਾ।ਅਸੁਰੱਖਿਆ ਦੀ ਭਾਵਣਾ, ਧਾਰਮਿਕ,ਸਮਾਜਿਕ ਅਤੇ ਵਾਤਾਵਰਣ ਪਰਦੂਸ਼ਨ, ਨੌਜਵਾਨਾਂ ਦਾ ਧੁੰਦਲਾ ਭਵਿੱਖ ਅਤੇ ਵਿਦੇਸ਼ਾਂ ਦਾ ਚੰਗਾ ਪ੍ਰਬੰਧਕੀ ਢਾਂਚਾ, ਆਦਿ।’ਮੈਂ ਅਜੇ ਸੋਚ ਹੀ ਰਿਹਾ ਸੀ ਕਿ ਅਚਾਣਕ ਜਹਾਜ ਕੰਬਿਆ । ਫਿਰ ਸੜਕ ਤੇ ਖਾਲੀ ਟਰਾਲੀ ਦੇ ਉੱਛਲਣ ਵਾਂਗ ਜਹਾਜ ਪੰਜ ਛੇ ਵਾਰ ਉੱਛਲਿਆ।ਨਾਲ ਹੀ ਏਅਰ ਹੋਸਟੈੱਸ ਦੀ ਮਾਇਕ ਵਿੱਚ ਤਿੱਖੀ ਆਵਾਜ ਗੂੰਜੀ, “ਸਭੀ ਯਾਤਰੀਓਂ ਕੋ ਨਿਵੇਦਣ ਹੈ ਕਿ ਅਪਨੀ ਅਪਨੀ ਸੀਟ ਬੈੱਲਟ ਲਗਾ ਲੇਂ।” ਇਹ ਇਸ ਲਈ ਸੀ ਕਿ ਜਹਾਜ ਦੇ ਟੇਢਾ ਜਾਂ ਵੱਖੀ ਪਰਨੇ ਹੋਣ ਤੇ ਸਵਾਰੀਆਂ ਸੀਟਾਂ ਤੋਂ ਭੁੰਜੇ ਨਾ ਡਿੱਗਣ। ਮੈਂ ਸੀਟ ਬੈੱਲਟ ਲਗਾ ਲਈ। ਜਹਾਜ ਅਜੇ ਵੀ ਜਖਮੀਂ ਹੋਏ ਸ਼ੇਰ ਵਾਂਗ ਗੁੱਸੇ ਵਿੱਚ ਕੰਬ ਰਿਹਾ ਸੀ।ਫਿਰ ਇੱਕ ਦੋ ਡਿੱਕ ਡੋਲੇ ਖਾਧੇ।ਇਸ ਵਾਰ ਤਾਂ ਜਹਾਜ ਅੱਧਾ ਮਿਨਟ ੳੱਛਲਦਾ ਰਿਹਾ। ਏਅਰ ਹੋਸਟੈੱਸ ਦੀ ਮਾਇਕ ਵਿੱਚ ਫਿਰ ਆਵਾਜ ਆਈ, “ਬਾਹਰ ਮੌਸਮ ਖਰਾਬ ਹੈ।” “ਕਿਤੇ ਡਿੱਗ ਹੀ ਨਾ ਪਵੇ?”, ਮੈਨੂੰ ਬੁਰੇ ਬੁਰੇ ਖਿਆਲ ਆਉਣ ਲੱਗੇ। ਮਨਾਂ ਪੰਗਾ ਈ ਲੈ ਲਿਆ। ਪੰਜਾਬ ਵਿੱਚ ਰੋਜਾਨਾਂ ਹੁੰਦੀਆਂ ਸੜਕ ਦੁਰਘਟਣਾਵਾਂ ਵਿੱਚ ਤਾਂ ਕਈ ਵਾਰੀ ਸਾਰੇ ਸਾਰੇ ਟੱਬਰਾਂ ਵਿੱਚੋਂ ਇੱਕ ਅੱਧਾ ਜੀਅ ਬਚ ਹੀ ਰਹਿੰਦਾ ਹੈ। ਇਹ ਤਾਂ ਇੱਟ ਵਾਂਗ ਡਿੱਗੂ। ਸਵੇਰੇ ਕਹੀਆਂ ਨਾਲ ਮਲਬਾ ਫਰੋਲਣਗੇ।ਮੈਨੂੰ ਟੀ.ਵੀ.ਉੱਤੇ ਵੇਖੇ ਹਵਾਈ ਹਾਦਸਿਆਂ ਵਿੱਚ ਲੱਟ ਲੱਟ ਬਲਦੇ ਜਹਾਜ ਦਿੱਸਣ ਲੱਗੇ।ਮੇਰੀ ਅੰਤਮ ਅਰਦਾਸ ਵੇਲੇ ਮੇਰੇ ਬਚਪਣ ਦੇ ਦੋਸਤ ਅਤੇ ਜਮਾਤੀ ਪਕੌੜਿਆਂ ਨਾਲ ਚਾਹ ਪੀਂਦੇ ਹੋਏ ਗੱਲਾਂ ਕਰ ਰਹੇ ਸਨ, “ਚੰਗਾ ਬੰਦਾ ਸੀ,ਯਾਰਾਂ ਦਾ ਯਾਰ ਸੀ।ਜਾਣ ਵੇਲੇ ਮਿਲਕੇ ਹੀ ਨਹੀਂ ਗਿਆ।” ਇੱਕ ਪ੍ਰੇਮੀ ਕਿਸਮ ਦਾ ਗਵਾਂਢੀ ਕਹਿ ਰਿਹਾ ਸੀ, “ਮੁਫਤ ਦੀ ਕਰਕੇ ਵੱਧ ਪੀਅ ਗਿਆ ਹੋਣਾ।” ਓਦੋਂ ਹੀ ਇੱਕ ਗਾਤਰਾ ਧਾਰੀ ਨੇ ਉਸ ਦੀ ਅਕਲ ਤੇ ਸ਼ੱਕ ਕਰਦਿਆਂ ਟੋਕਿਆ, “ਉਹ ਕਿਹੜਾ ਆਪ ਜਹਾਜ ਚਲਾਉਂਦਾ ਸੀ।ਉਹ ਤਾਂ ਪਿੱਛੇ ਬੈਠਾ ਸੀ, ਜਿਵੇਂ ਤੂੰ ਮੇਰੇ ਸਕੂਟਰ ‘ਤੇ ਪਿੱਛੇ ਬੈਠਾ ਹੋਵੇਂ।”ਮੈਨੂੰ ਕਿਲੇ ਵਾਲੇ ਗੁਰਦਵਾਰੇ ਦੇ ਬੁੱਢੇ ਭਾਈ ਜੀ ਦੀ ਵਰਾਗ ਮਈ ਆਵਾਜ ਸੁਣਾਈ ਦੇਣ ਲੱਗੀ, “ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ॥” ਮੇਰੀ ਲੇਖਕ ਵਾਲੀ ਕਲਪਣਾ ਭੂਤਕਾਲ ਦੇ ਸਿਵੇ ਫਰੋਲਣ ਲੱਗੀ। ਪੱਚਾਸੀ ਵਿੱਚ ਵੀ ਇੰਜ ਹੀ ਹਇਆ ਹੋਵੇਗਾ। ਇਹੀ ਏਅਰ ਇੰਡੀਆ ਦੀ ਫਲਾਈਟ ਸੀ। ਜੂਨ 1985 ਵਿੱਚ ਅੱਧ ਅਸਮਾਨੇ ਬੰਬ ਨਾਲ ਉੱਡਾਏ ਗਏ ਏਅਰ ਇੰਡੀਆ ਜੰਬੋ ਜੈੱਟ ਕਨਿਸ਼ਕ ਦੇ ਦਹਿਸ਼ਤਗਰਦ ਕਾਰੇ ਵਿੱਚ ,ਅਮਲੇ ਸਮੇਤ 329 ਵਿਅਕਤੀ ਮਾਰੇ ਗਏ ਸਨ। ਇਸ ਬੰਬ ਧਮਾਕੇ ਕਾਰਨ ਏਅਰ ਇੰਡੀਆਂ ਦਾ ਕਨਿਸ਼ਕ ਨਾਮ ਦਾ ਜੰਬੋ ਜੈੱਟ ਖਖੜੀਆਂ ਹੋ ਕੇ 23 ਜੂਨ 1985 ਨੂੰ ਅਇਰਲੈਂਡ ਦੇ ਤੱਟ ਦੇ ਨਜ਼ਦੀਕ ਸਮੁੰਦਰ ਵਿੱਚ ਡਿੱਗ ਪਿਆ ਸੀ। ਇਸ ਬੰਬ ਕਾਂਡ ਵਿੱਚ ਇੱਕ ਕੈਨੇਡੀਅਨ ਸਿੱਖ ਨਾਗਰਿਕ ਨੂੰ ਮਾੜੀ ਮੋਟੀ ਸਜ਼ਾ ਹੋ ਸਕੀ ਹੈ।ਕਰੋੜਾਂ ਰੁਪਿਆ ਸਰਕਾਰਾਂ ਨੇ ਕੇਸ ਵਿੱਚ ਲਾ ਦਿੱਤਾ। ਜਿਸ ਆਦਮੀਂ ਨੂੰ ਏਅਰ ਇੰਡੀਆ ਬੰਬ ਕਾਂਡ ਵਿੱਚ 5 ਸਾਲ ਕੈਦ ਹੋਈ ਸੀ। ਉਸ ਨੇ ਏਅਰ ਇੰਡੀਆ ਕੇਸ ਦੌਰਾਨ ਬੰਬ ਬਣਾਉਣ ਦਾ ਇਕਬਾਲ ਕਰ ਲਿਆ ਸੀ। ਬੀ. ਸੀ.ਸੂਬੇ ਦੇ ਸੁਪਰੀਮ ਕੋਰਟ ਦੇ ਜਸਟਿਸ ਮਾਰਕ ਮਕਾਵ ਨੇ ਟਿੱਪਣੀ ਕੀਤੀ ਸੀ ਕੇ, “ਕੁਝ ਵਿਅਕਤੀਆਂ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਕਿ ਉਹਨਾਂ ਨੂੰ 329 ਵਿਅਕਤੀਆਂ ਨੂੰ ਮਾਰਨ ਦਾ ਹੱਕ ਹੈ।” ਇਸ ਅਣਮਨੁੱਖੀ ਕਾਰੇ ਨੇ ਸਾਰੀ ਸਿੱਖ ਕੌਂਮ ਨੂੰ ਦੁਨੀਆਂ ਦੀਆਂ ਨਜਰਾਂ ਵਿੱਚ ਅੱਤਵਾਦੀ ਬਣਾ ਦਿੱਤਾ ਸੀ।ਉਸ ਪਿੱਛੋਂ ਡੇਢ ਦਹਾਕਾ ਇਹ ਉੱਡਾਣ ਬੰਦ ਰਹੀ ਸੀ।ਦਿੱਲੀ ਤੋਂ ਕੈਨੇਡਾ ਨੂੰ, ਵਗੈਰ ਰਸਤੇ ਵਿੱਚ ਰੁਕਿਆਂ, ਜਾਣ ਵਾਲੀ ਇਹ ਸਿੱਧੀ ਫਲਾਈਟ ਹੈ।ਜਿਸ ਵਿੱਚ ਬਹੁਤੀਆਂ ਸਵਾਰੀਆਂ ਪੰਜਾਬ ਅਤੇ ਦਿੱਲੀ ਦੀਆਂ ਸਨ।ਰੋਜਾਨਾ ਜਾਣ ਵਾਲੀ ਇਹ ਇੱਕ ਅਜਿਹੀ ਫਲਾਈਟ ਹੈ ਜਿਸ ਵਿੱਚ ਮੁਸਾਫਰ ਦੋ ਸੂਟ ਕੇਸ ਲਿਜਾ ਸਕਦਾ ਹੈ।ਇਸ ਕਰਕੇ ਵੀ ਬਹੁਤਾ ਸਮਾਂਨ ਲਿਜਾਣ ਦੇ ਲਾਲਚ ਵਿੱਚ ਵਿਦਿਆਰਥੀ ਇਸ ਫਲਾਈਟ ਨੂੰ ਤਰਜੀਹ ਦਿੰਦੇ ਹਨ। ਮੈਂ ਅਜੇ ਉਸ ਹਾਦਸੇ ਦਾ ਦੁਖਾਂਤ ਯਾਦ ਕਰ ਹੀ ਰਿਹਾ ਸੀ ਕੇ ਏਅਰ ਹੋਸਟੈੱਸ ਨੇ ਸਵਾਰੀਆਂ ਨੂੰ ਸੀਟ ਬੈੱਲਟਾਂ ਖੌਹਲਣ ਲਈ ਕਿਹਾ। ਜਹਾਜ ਹੁਣ ਸ਼ਾਂਤ ਵਹਿੰਦੇ ਪਾਣੀ ਦੀ ਤਰਾਂ ਹਵਾ ਵਿੱਚ 900 ਕਿਲੋਮੀਟਰ ਦੀ ਸਪੀਡ ਤੇ ਤੈਰਦਾ ਜਾ ਰਿਹਾ ਸੀ।ਇੰਨੀ ਉੱਚਾਈ ਤੇ ਬਾਹਰ ਦਾ ਤਾਪਮਾਂਨ ਮੁਨੱਫੀ 40 ਦਰਜੇ ਸੀ।ਸਮਾਂ ਪਿਛਾਂਹ ਦੌੜ ਰਿਹਾ ਸੀ।ਧਰਤੀ ਸੱਚਮੁੱਚ ਹੀ ਗੋਲ ਹੈ । ਜਹਾਜ ਨੇ ਦਿੱਲੀਓਂ ਸਵੇਰ ਨੂੰ ਉੱਡਾਣ ਭਰੀ ਸੀ ਅਤੇ ਟੌਰਾਂਟੋ ਪਹੁੰਚਣ ਵੇਲੇ ਵੀ ਸਵੇਰ ਹੀ ਸੀ।ਆਖੀਰ ਜਹਾਜ ਦੀ ਸਪੀਡ ਘੱਟਣ ਲੱਗੀ, ਨਾਲ ਹੀ ਜਹਾਜ ਸਹਿਜੇ ਸਹਿਜੇ ਹੇਠਾਂ ਆਉਣ ਲੱਗਾ।ਪਹੁ ਫੁਟਾਲੇ ਵਿੱਚ ਟੌਰਾਂਟੋ ਦੀਆਂ ਚਮਕਦੀਆਂ ਰੰਗ ਬਰੰਗੀਆਂ ਰੌਸ਼ਨੀਆਂ ਅੰਮਰਤਸਰ ਦੀ ਦਿਵਾਲੀ ਯਾਦ ਕਰਾ ਰਹੀਆਂ ਸਨ। ਜਹਾਜ ਨੇ ਉੱਤਰਦਿਆਂ ਉੱਤਰਦਿਆਂ ਅੱਧਾ ਘੰਟਾ ਲਗਾ ਦਿੱਤਾ।ਸਵੇਰ ਦੇ ਸੱਤ ਵੱਜੇ ਸਨ ਜਦੋਂ ਧਰਤੀ ਤੇ ਜਹਾਜ ਦੇ ਟਾਇਰ ਲੱਗੇ।ਸਵਾਰੀਆਂ ਵਾਰੀ ਵਾਰੀ ਬਾਹਰ ਨਿੱਕਲਣ ਲੱਗੀਆਂ।ਲੈਡਿੰਗ ਫਾਰਮ ਭਰਕੇ ਮੈਂ ਇੰਮੀਗਰੇਸ਼ਨ ਦੀ ਖਿੜਕੀ ਅੱਗੇ ਲਾਇਨ ਵਿੱਚ ਜਾ ਲੱਗਾ।ਨੀਲੀਆਂ ਅੱਖਾਂ ਅਤੇ ਸੁਨਹਿਰੀ ਵਾਲਾਂ ਵਾਲੀ ਮਹਿਕਾਂ ਛੱਡਦੀ ਮੇਂਮ ਨੇ ਮੇਰੇ ਪਾਸਪੋਰਟ ਤੇ ਕੈਨੇਡਾ ਵਿੱਚ ਦਾਖਲੇ ਦੀ ਮੋਹਰ ਲਾਈ।ਉਸ ਪਾਸਪੋਰਟ ਮੇਰੇ ਹੱਥ ਫੜਾਉਂਦਿਆਂ ਕਿਹਾ, “ਕੈਨੇਡਾ ਤੁਹਾਡਾ ਸਵਾਗਤ ਕਰਦਾ ਹੈ ।”ਹਰ ਰੋਜ ਸੈਂਕੜੇ ਲੋਕਾਂ ਨਾਲ ਵਾਹ ਪੈਂਦਾ ਹੋਣ ਕਰਕੇ ਇਹ ਬੰਦੇ ਦੇ ਚੇਹਰੇ ਤੋਂ ਹੀ ਪੜ੍ਹ ਲੈਂਦੇ ਹਨ ਕਿ ਕੌਣ ਸਾਧ ਹੈ ਤੇ ਕੌਣ ਚੋਰ? ਮੈਂ ਪੌੜੀਆਂ ਉੱਤਰ ਕੇ,ਘੁੰਮ ਰਹੇ ਪੱਟੇ ਉੱਤੇ ਸਾਮਾਂਨ ਵਿੱਚ ਆਪਣਾ ਸੂਟ ਕੇਸ ਲੱਭਣ ਲੱਗਾ।ਵਿਦਿਆਰਥੀ ਦੂਸਰੇ ਕਮਰੇ ਵਿੱਚ, ਸਟੱਡੀ ਪਰਮਿੱਟ ਲੈਣ ਲਈ ਲੰਮੀਂ ਕਤਾਰ ਵਿੱਚ ਲੱਗ ਰਹੇ ਸਨ।ਜਿੱਥੇ ਕੈਨੇਡੀਅਨ ਅਧਿਕਾਰੀਆਂ ਦੇ ਸਵਾਲਾਂ ਦੇ ਜਵਾਬ ਦੇ ਕੇ ਇਹ ਬੱਚੇ,ਆਪਣੇ ਪਿਆਰੇ ਵਤਣ ਨੂੰ ਹਮੇਸ਼ਾ ਲਈ ਅਲਵਿਦਾ ਕਹਿਣ ਵਾਸਤੇ ਕੈਨੇਡਾ ਦੀਆਂ ਮੋਹਰਾਂ ਲਵਾ ਰਹੇ ਸਨ।ਉਹੀ ਵਤਣ ਜਿਸ ਨੂੰ ਆਜਾਦ ਕਰਵਾਉਣ ਲਈ ਸੌ ਸਾਲ ਪਹਿਲਾਂ ਕੈਨੇਡਾ, ਅਮਰੀਕਾ ਗਏ ਪੰਜਾਬੀ ਜਾਨਾਂ ਵਾਰਣ ਲਈ ਵਾਪਸ ਪਰਤੇ ਸਨ ਤਾਂ ਜੋ ਉਨ੍ਹਾਂ ਦੀਆਂ ਆਉਣ ਵਾਲੀਆਂ ਪੀਹੜੀਆਂ ਆਪਣੇ ਦੇਸ਼ ਵਿੱਚ ਖੁਸ਼ ਰਹਿ ਸਕਣ।ਪਰ ਸੁਪਣੇ ਸਦਾ ਸੱਚ ਨਹੀਂ ਹੋਇਆ ਕਰਦੇ। ਇਸ ਇੱਕੋ ਸਦੀ ਵਿੱਚ ਹੀ ਕੀ ਦਾ ਕੀ ਹੋ ਗਿਆ ਸੀ।ਮਨੁੱਖ ਦਾ ਵੱਡੇ ਤੋਂ ਵੱਡਾ ਨਿਰਣਾ ਵੀ ਅੰਤਮ ਸੱਚ ਨਹੀਂ ਹੋ ਸਕਦਾ।ਹਾਲਾਤ ਮਹਾਂਨ ਹੁੰਦੇ ਹਨ।ਸੱਚਮੁੱਚ ਹੀ ਗੋਲੇ ਕਬੂਤਰ, ਕਾਵਾਂ ਹੱਥੋਂ ਮਾਤ ਖਾ ਗਏ ਸਨ।ਮੈਂ ਘੁੰਮ ਰਹੇ ਪਟੇ ਤੋਂ ਆਪਣਾ ਪਹੀਆਂ ਵਾਲਾ ਸੂਟਕੇਸ ਚੁੱਕਿਆ ਅਤੇ ਘਸੀਟਦਾ ਹੋਇਆ ਬਾਹਰ ਵੱਲ ਚੱਲ ਪਿਆ।ਸਹਾਮਣੇ ਚਮਕਦੀ ਧੁੱਪ ਵਿੱਚ ਵੀ ਮੁਨੱਫੀ ਸਤਾਰਾਂ ਡਿਗਰੀ ਤਾਪਮਾਂਨ ਸੀ। ਜੀਅ ਕੀਤਾ ਕੋਈ ਮੇਂਮ ‘ਟੀਅ ਓਰ ਕੌਫੀ’ ਪੁੱਛੇ।