ਵਾਸ਼ਿੰਗਟਨ- ਅਮਰੀਕਾ ਦੇ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਓਕ ਕਰੀਕ ਗੁਰਦੁਆਰੇ ਵਿੱਚ 6 ਬੇਕਸੂਰ ਸਿੱਖਾਂ ਦਾ ਹੱਤਿਆਰਾ ਇੱਕ ਸਾਬਕਾ ਆਰਮੀ ਆਫੀਸਰ ਸੀ। ਪੇਂਟਾਗਨ ਦਾ ਕਹਿਣਾ ਹੈ ਕਿ ਉਹ ਇੱਕ ਮਨੋਵਿਗਿਆਨਕ ਅਪਰੇਸ਼ਨ ਸਪੈਸ਼ਲਿਸਟ ਸੀ। 1998 ਵਿੱਚ 6 ਸਾਲ ਦੀ ਨੌਕਰੀ ਤੋਂ ਬਾਅਦ ਉਸਨੂੰ ਇਸ ਤਰ੍ਹਾਂ ਡਿਸਚਾਰਜ ਕੀਤਾ ਗਿਆ ਸੀ ਕਿ ਉਹ ਦੁਬਾਰਾ ਯੂਐਸ ਦੀ ਆਰਮੀ ਵਿੱਚ ਨਹੀਂ ਸੀ ਆ ਸਕਦਾ।
ਸਥਾਨਕ ਪੁਲਿਸ ਵਿਭਾਗ ਨੇ ਉਸ ਦਰਿੰਦੇ ਦੀ ਪਛਾਣ ਵੇਡ ਮਾਈਕਲ ਪੇਜ ਦੇ ਤੌਰ ਤੇ ਕੀਤੀ ਹੈ। ਉਸ ਨੂੰ ਸੈਨਾ ਦੀ ਮੁੱਢਲੀ ਟਰੇਨਿੰਗ ਓਕਲਾਹਾਮਾ ਦੇ ਫੋਰਟ ਸਿਲ ਵਿੱਚ ਦਿੱਤੀ ਗਈ ਸੀ। ਇਸ ਤੋਂ ਬਾਅਦ ਉਸ ਨੂੰ ਟੈਕਸਜ਼ ਭੇਜ ਦਿੱਤਾ ਗਿਆ ਸੀ। ਕੁਝ ਲੋਕਾਂ ਅਨੁਸਾਰ ਇਸ 40 ਸਾਲਾ ਹਮਲਾਵਰ ਨੂੰ ਮਾੜੇ ਚਾਲ – ਚੱਲਣ ਕਰਕੇ ਸੈਨਾ ਤੋਂ ਬਰਖਾਸਤ ਕੀਤਾ ਗਿਆ ਸੀ। ਉਸ ਦੀ ਬਾਂਹ ਤੇ 9/11 ਦਾ ਟੈਟੂ ਵੀ ਬਣਿਆ ਹੋਇਆ ਸੀ। ਪੁਲਿਸ ਅਜੇ ਇਹ ਜਾਂਚ ਪੜਤਾਲ ਕਰ ਰਹੀ ਹੈ ਕਿ ਉਸ ਨੇ ਇਹ ਘਿਨੌਣੀ ਵਾਰਦਾਤ ਕਿਉਂ ਕੀਤੀ। ਐਫਬੀਆਈ ਇਸ ਨੂੰ ਘਰੇਲੂ ਅੱਤਵਾਦ ਨਾਲ ਜੋੜ ਕੇ ਵੇਖ ਰਹੀ ਹੈ।
ਓਕ ਕਰੀਕ ਦੇ ਗੁਰਦੁਆਰੇ ਵਿੱਚ ਹੋਈ ਗੋਲੀਬਾਰੀ ਵਿੱਚ 5 ਆਦਮੀ ਅਤੇ ਇੱਕ ਔਰਤ ਦੀ ਮੌਤ ਹੋਈ ਹੈ। ਜਿਨ੍ਹਾਂ ਵਿੱਚੋਂ 4 ਭਾਰਤੀ ਨਾਗਰਿਕ ਹਨ। ਜਿਹੜੇ ਤਿੰਨ ਵਿਅਕਤੀ ਗੰਭੀਰ ਜਖਮੀ ਹਨ, ਉਨ੍ਹਾਂ ਵਿੱਚ ਇੱਕ ਪੁਲਿਸ ਅਫਸਰ ਬਰਾਇਨ ਮਰਫ਼ੀ ਵੀ ਸ਼ਾਮਿਲ ਹੈ। ਬਰਾਇਨ ਗੁਰਦੁਆਰੇ ਵਿੱਚ ਲੋਕਾਂ ਨੂੰ ਗੋਲੀਆਂ ਤੋ ਬਚਾਉਣ ਵਿੱਚ ਮੱਦਦ ਕਰ ਰਿਹਾ ਸੀ।ਇਸ ਲਈ ਹਮਲਾਵਰ ਨੇ ਉਸ ਨੂੰ ਵੀ ਨਹੀਂ ਬਖਸ਼ਿਆ ਅਤੇ ਇਸ ਪੁਲਿਸ ਅਫਸਰ ਦੇ ਸਰੀਰ ਤੇ 9 ਗੋਲੀਆਂ ਲਗੀਆਂ ਹਨ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਕਰਦੇ ਹੋਏ ਇਹ ਉਮੀਦ ਜਤਾਈ ਹੈ ਕਿ ਅਮਰੀਕੀ ਪ੍ਰਸ਼ਾਸਨ ਭੱਵਿਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰੇਗਾ।