ਵਾਸ਼ਿੰਗਟਨ- ਨਾਸਾ ਦਾ ਕਿਊਰਿਓਸਟੀ ਰੋਵਰ ਸੋਮਵਾਰ ਨੂੰ ਮੰਗਲ ਦੀ ਸਤਾ ਤੇ ਸਹੀ ਸਲਾਮਤ ਪਹੁੰਚ ਗਿਆ ਹੈ। ਹੁਣ ਤੱਕ ਦਾ ਇਹ ਸੱਭ ਤੋਂ ਵੱਡਾ ਰੋਵਰ ਦੋ ਸਾਲ ਤੱਕ ਮੰਗਲ ਦੀ ਧਰਤੀ ਤੇ ਜੀਵਨ ਦੇ ਲੱਛਣਾਂ ਦੀ ਭਾਲ ਕਰੇਗਾ। ਇਸ ਰੋਵਰ ਤੇ ਨਾਸਾ ਦੇ 10 ਯੰਤਰ ਜੇ ਇਸ ਗ੍ਰਹਿ ਤੇ ਜੀਵਨ ਦੀ ਸੰਭਾਵਨਾ ਦੀ ਖੋਜ ਕਰ ਲੈਂਦੇ ਹਨ ਤਾਂ ਮਨੁੱਖਤਾ ਲਈ ਇਹ ਬਹੁਤ ਵੱਡੀ ਪ੍ਰਾਪਤੀ ਹੋਵੇਗੀ।
ਮੰਗਲ ਗ੍ਰਹਿ ਤੇ ਰੋਵਰ ਦੇ ਲੈਂਡ ਕਰਨ ਦੇ ਸਿਗਨਲ ਮਿਲਦਿਆਂ ਹੀ ਨਾਸਾ ਦੇ ਵਿਗਿਆਨੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਲੈਂਡਿੰਗ ਤੋਂ ਬਾਅਦ ਕਿਊਰਿਸਟੀ ਨੇ ਪਹਿਲੀ ਤਸਵੀਰ ਵੀ ਭੇਜੀ ਹੈ। ਇਹ ਨਾਸਾ ਦਾ ਹੁਣ ਤੱਕ ਦਾ ਸੱਭ ਤੋਂ ਵੱਡਾ ਰੋਵਰ ਹੈ ਜੋ ਆਧੁਨਿਕ ਯੰਤਰਾਂ ਨਾਲ ਲੈਸ ਹੈ। ਵਿਗਿਆਨਿਕਾਂ ਦਾ ਮੰਨਣਾ ਹੈ ਕਿ ਮੰਗਲ ਤੇ ਜੀਵਨ ਦੀ ਸੰਭਾਵਨਾ ਦੀ ਖੋਜ ਕਰਨ ਦਾ ਇਹ ਸੱਭ ਤੋਂ ਵੱਧੀਆ ਮੌਕਾ ਹੋਵੇਗਾ।
ਪਰਮਾਣੂੰ ਪਾਵਰ ਨਾਲ ਚੱਲਣ ਵਾਲਾ ਇਹ ਰੋਵਰ ਮੰਗਲ ਗ੍ਰਹਿ ਤੇ ਜੀਵਨ ਅਤੇ ਰਸਾਇਣਕ ਪ੍ਰੀਵਰਤਣ ਸਬੰਧੀ ਸੂਚਨਾਵਾਂ ਦੋ ਸਾਲ ਤੱਕ ਭੇਜੇਗਾ। ੳਨੁਮਾਨ ਹੈ ਕਿ ਇੱਥੇ ਚਟਾਨਾਂ ਦੇ ਥੱਲੇ ਨਮੀ ਡੂੰਘਾਈ ਵਿੱਚ ਦੱਬੀ ਬਰਫ਼ ਕਰਕੇ ਹੈ।ਵਿਗਿਆਨਿਕਾਂ ਦਾ ਮੰਨਣਾ ਹੈ ਕਿ ਜੇ ਇਹ ਸਹੀ ਸਾਬਿਤ ਹੋ ਜਾਂਦਾ ਹੈ ਤਾਂ ਮੰਗਲ ਗ੍ਰਹਿ ਤੇ ਗੋਡਿਆਂ ਤੱਕ ਪਾਣੀ ਹੋਵੇਗਾ। ਪਹਿਲੀ ਵਾਰ ਰੋਵਰ ਨੂੰ ਡੂੰਘੇ ਟੋਏ ਵਿੱਚ ਉਤਾਰਿਆ ਗਿਆ ਹੈ। ਉਮੀਦ ਕੀਤੀ ਜਾਂਦੀ ਹੈ ਕਿ ਇੱਥੋਂ ਹੀ ਸੱਭ ਤੋਂ ਗੰਭੀਰ ਜਾਣਕਾਰੀ ਮਿਲ ਸਕਦੀ ਹੈ।
ਨਾਸਾ ਦੇ ਵਿਗਿਆਨਿਕ ਐਡਮ ਦਾ ਕਹਿਣਾ ਹੈ ਕਿ ਇਸ ਕਿਊਰਿਓਸਟੀ ਰੋਵਰ ਦੀ ਲੈਂਡਿੰਗ ਤੇ ਹੀ ਮਿਸ਼ਨ ਦਾ ਦਾਰੋਮਦਾਰ ਸੀ। ਮੰਗਲ ਗ੍ਰਹਿ ਦੇ ਵਾਤਾਵਰਣ ਵਿੱਚ ਦਾਖਿਲ ਹੁੰਦੇ ਸਮੇਂ ਇਸ ਦੀ ਰਫ਼ਤਾਰ 20,000 ਕਿਲੋਮੀਟਰ ਪ੍ਰਤੀ ਘੰਟਾ ਸੀ। 6 ਪਹੀਆਂ ਵਾਲੇ ਕਿਊਰਿਓਸਟੀ ਦਾ ਭਾਰ 900 ਕਿਲੋ ਹੈ। ਇਸ ਦੀ ਉਚਾਈ 3 ਮੀਟਰ ਅਤੇ ਸਪੀਡ ਔਸਤਨ 30 ਮੀਟਰ ਪ੍ਰਤੀ ਘੰਟਾ ਹੈ। ਦੋ ਸਾਲ ਦੇ ਸਮੇਂ ਦੌਰਾਨ ਇਹ ਘੱਟ ਤੋਂ ਘੱਟ 19 ਕਿਲੋਮੀਟਰ ਦੀ ਦੂਰੀ ਤੈਅ ਕਰੇਗਾ।
ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਨੇ ਨਾਸਾ ਦੇ ਵਿਗਿਆਨੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਮਰੀਕਾ ਨੇ ਨਾਸਾ ਤੇ ਇਤਿਹਾਸ ਰਚ ਦਿੱਤਾ ਹੈ। ਨਾਸਾ ਦਾ ਇਹ ਮਿਸ਼ਨ ਦੁਨੀਆਂ ਦਾ ਸੱਭ ਤੋਂ ਮਹਿੰਗਾ ਮਿਸ਼ਨ ਮੰਨਿਆ ਜਾ ਰਿਹਾ ਹੈ।