ਬੀਤੇ ਦਿਨੀਂ ਅਬੋਹਰ (ਫਾਜ਼ਿਲਕਾ) ਦੇ ਪ੍ਰਸਿੱਧ ਆਦਰਸ਼ ਸਕੂਲ ਮਾਇਆਦੇਵੀ ਮੈਮੋਰੀਅਲ ਆਦਰਸ਼ ਸਕੂਲ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਸੇਵਾਵਾਂ ਨਿਭਾ ਰਹੇ ਸਾਹਿਤ ਅਕਾਦਮੀ ਪੁਰਸਕਾਰ ਵਿਜੈਤਾ ਅਤੇ ਸ਼੍ਰੋਮਣੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਨੂੰ ਉਨ੍ਹਾਂ ਵੱਲੋਂ ਪੰਜਾਬੀ ਭਾਸ਼ਾ ਅਤੇ ਬਾਲ ਸਾਹਿਤ ਦੇ ਪ੍ਰਚਾਰ ਪ੍ਰਚਾਰ ਵਿਚ ਪਾਏ ਗਏ ਜ਼ਿਕਰਯੋਗ ਯੋਗਦਾਨ ਸਦਕਾ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਡਾ. ਆਸ਼ਟ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮਿਆਰੀ ਸਾਹਿਤ ਦਾ ਵੱਧ ਤੋਂ ਵੱਧ ਅਧਿਐਨ ਕਰਨਾ ਚਾਹੀਦਾ ਹੈ। ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਹਰ ਪੰਜਾਬੀ ਵੱਲੋਂ ਕਿਸੇ ਨਾ ਕਿਸੇ ਰੂਪ ਵਿਚ ਹਿੱਸਾ ਪਾਉਣਾ ਅਜੋਕੇ ਸਮੇਂ ਦੀ ਵੱਡਮੁੱਲੀ ਲੋੜ ਹੈ। ਡਾ. ਆਸ਼ਟ ਨੇ ਇਸ ਮੌਕੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਬੱਚਿਆਂ ਵੱਲੋਂ ਉਠਾਏ ਗਏ ਸਵਾਲਾਂ ਦੇ ਉਤਰ ਵੀ ਦਿੱਤੇ। ਇਸ ਯਾਦਗਾਰੀ ਸਮਾਗਮ ਦੇ ਮੁੱਖ ਪ੍ਰਬੰਧਕ ਸ੍ਰੀ ਰਾਜਕੁਮਾਰ ਨੇ ਡਾ. ਆਸ਼ਟ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਅਧਿਆਪਕ ਸ੍ਰੀ ਰਾਜ ਕਮਲ ਅਤੇ ਵਿਦਿਆਰਥਣਾਂ ਪੂਜਾ ਅਤੇ ਨੇਹਾ ਨੇ ਬਾਖੂਬੀ ਨਿਭਾਇਆ।