ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) – ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਦੀ ਯੂ.ਪੀ.ਏ. ਸਰਕਾਰ, ਵਿਦੇਸ਼ੀ ਸਰਕਾਰਾਂ ਕੋਲ ਸਿੱਖ ਮੁੱਦਿਆਂ ਨੂੰ ਪ੍ਰਵਾਭਸ਼ਾਲੀ ਢੰਗ ਨਾਲ ਉਠਾਉਣ ਵਿਚ ਨਕਾਮ ਰਹੀ ਹੈ। ਫਰਾਂਸ ਵਿਚ ਚਾਹੇ ਪਗੜੀ ਦਾ ਮੁੱਦਾ ਹੋਵੇ ਜਾਂ ਕਿਸੇ ਹੋਰ ਪੱਛਮੀ ਮੁਲਕ ਵਿਚ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਪਹਿਨਣ ਦਾ ਅਤੇ ਜਾਂ ਫਿਰ ਵਰਤਮਾਨ ਵਿਚ ਅਮਰਿਕਾ ਵਿਚ ਸਿੱਖਾਂ ਤੇ ਹਮਲੇ ਦਾ ਮਾਮਲਾ ਹੋਵੇ, ਕੇਂਦਰ ਸਰਕਾਰ ਸਿੱਖਾਂ ਦੇ ਮਸਲਿਆਂ ਨੂੰ ਪੂਰੀ ਗੰਭੀਰਤਾ ਨਾਲ ਨਹੀਂ ਲੈਂਦੀ ਹੈ। ਇਹ ਗੱਲ ਅੱਜ ਇੱਥੇ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਉਹ ਇੱਥੇ ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਸੜਕ ਨੂੰ ਚਹੁੰ ਮਾਰਗੀ ਕਰਨ ਦੇ 70 ਕਰੋੜੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਲਈ ਇੱਥੇ ਪੁੱਜੇ ਸਨ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸ: ਬਾਦਲ ਨੇ ਕਿਹਾ ਕਿ ਰਾਜ ਸਰਕਾਰ ਨਸ਼ਿਆਂ ਨੂੰ ਰੋਕਣ ਲਈ ਪੂਰੀ ਤਰਾਂ ਨਾਲ ਦ੍ਰਿੜ ਸੰਕਲਪਿਤ ਹੈ। ਬਟਾਲਾ ਖੇਤਰ ਵਿਚ ਜਹਿਰੀਲੀ ਸਰਾਬ ਪੀਣ ਕਾਰਨ ਹੋਈਆਂ ਮੌਤਾਂ ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉੱਥੇ ਜਾਂਚ ਕਰਕੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੇ ਆਦੇਸ਼ ਦਿੱਤੇ ਗਏ ਹਨ ਅਤੇ ਇਸ ਤੋਂ ਬਿਨ੍ਹਾਂ ਸਾਰੇ ਸਰਹੱਦੀ ਜ਼ਿਲ੍ਹਿਆਂ ਵਿਚ ਵਿਸੇਸ਼ ਤੌਰ ਤੇ ਚੌਕਸੀ ਰੱਖਣ ਦੇ ਹੁਕਮ ਵੀ ਦਿੱਤੇ ਗਏ ਹਨ। ਨਾਲ ਹੀ ਉਨ੍ਹਾਂ ਸਪਸ਼ਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਕੈਸੀਨੋ ਖੋਲਣ ਦੀ ਕੋਈ ਯੋਜਨਾ ਨਹੀਂ ਹੈ ਅਤੇ ਇਸ ਸਬੰਧੀ ਕਾਂਗਰਸ ਕੂੜ ਪ੍ਰਚਾਰ ਕਰ ਰਹੀ ਹੈ। ਅੰਨਾ ਹਜਾਰੇ ਦੇ ਅੰਦੋਲਨ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਦੇ ਸਮੂਲ ਨਾਸ਼ ਲਈ ਪ੍ਰਸਾਸ਼ਨਿਕ ਸੁਧਾਰਾਂ ਨੂੰ ਵਿਸੇਸ਼ ਪਹਿਲ ਦੇ ਰਹੀ ਹੈ। ਆਉਣ ਵਾਲੇ ਕੁਝ ਹੀ ਸਮੇਂ ਵਿਚ ਬਹੁਤੇ ਵਿਭਾਗ ਜਾਂ ਦਫ਼ਤਰੀ ਕੰਮ ਆਨ-ਲਾਇਨ ਹੋਣ ਲਗੱਣਗੇ, ਤਾਂ ਆਪਣੇ ਆਪ ਹੀ ਕੋਈ ਰਿਸਵਤ ਲੈ ਦੇ ਹੀ ਨਹੀਂ ਸਕੇਗਾ ਅਤੇ ਭ੍ਰਿਸ਼ਟਾਚਾਰ ਬੰਦ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਹਰ ਲਹਿਰ ਦਾ ਉਹ ਸਾਥ ਦੇਣਗੇ।
ਪੀ.ਪੀ.ਪੀ. ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਦ ਉਹ ਪੰਜਾਬ ਸਰਕਾਰ ਵਿਚ ਖੁਦ ਵਿੱਤ ਮੰਤਰੀ ਸਨ ਤਾਂ ਸਬਸਿਡੀਆਂ ਬੰਦ ਕਰਨ ਅਤੇ ਨਵੇਂ ਟੈਕਸ ਲਾਉਣ ਦੀ ਵਕਾਲਤ ਕਰਦੇ ਸਨ। ਹੋਰ ਤਾਂ ਹੋਰ ਉਨ੍ਹਾਂ ਨੇ ਇਸੇ ਮੁੱਦੇ ਤੋਂ ਸਰਕਾਰ ਛੱਡ ਕੇ ਵੱਖਰੀ ਪਾਰਟੀ ਤੱਕ ਬਣਾ ਲਈ ਪਰ ਹੁਣ ਉਨ੍ਹਾਂ ਵੱਲੋਂ ਇਸ ਮੁੱਦੇ ਤੇ ਸਰਕਾਰ ਦਾ ਵਿਰੋਧ ਕਰਨਾ ਉਸ ਦੇ ਦੋਹਰੇ ਮਾਪਦੰਡਾਂ ਦੀ ਹੀ ਨਿਸਾਨੀ ਹੈ।
ਇਸ ਮੌਕੇ ਕੇਂਦਰ ਸਰਕਾਰ ਤੇ ਤਿੱਖਾ ਹਮਲਾ ਕਰਦਿਆਂ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੋਕਾ ਰਾਹਤ ਪੈਕੇਜ ਦੇਣ ਵਿਚ ਪੰਜਾਬ ਨਾਲ ਵਿਤਕਰਾ ਕੀਤਾ ਹੈ। ਰਾਜ ਸਰਕਾਰ ਸੂਬੇ ਨੂੰ ਕੇਂਦਰ ਸਰਕਾਰ ਤੋਂ ਸੋਕਾਗ੍ਰਸਤ ਐਲਾਨਨ ਦੀ ਮੰਗ ਕਰ ਰਹੀ ਹੈ। ਇਸ ਸਬੰਧੀ ਕੇਂਦਰੀ ਟੀਮ ਵੀ ਅਗਲੇ ਦਿਨਾਂ ਵਿਚ ਪੰਜਾਬ ਦੇ ਦੌਰੇ ਤੇ ਆਵੇਗੀ।
ਇਸ ਤੋਂ ਬਾਅਦ ਲੋਕਾਂ ਦੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਸ: ਬਾਦਲ ਨੇ ਕਿਹਾ ਕਿ ਰਾਜ ਸਰਕਾਰ ਰਾਜ ਦੀਆਂ ਸਾਰੀਆਂ ਵੱਡੀਆਂ ਸੜਕਾਂ ਨੂੰ ਚਹੁੰ ਅਤੇ ਛੇ ਮਾਰਗੀ ਕਰਨ ਦੇ 13000 ਕਰੋੜ ਰੁਪਏ ਦੇ ਵੱਡੇ ਪ੍ਰੋਜੈਕਟ ਸ਼ੁਰੂ ਕਰ ਚੁੱਕੀ ਹੈ ਅਤੇ ਆਉਂਦੇ 3 ਸਾਲਾਂ ਵਿਚ ਪੰਜਾਬ ਦੇਸ਼ ਦਾ ਪਲੇਠਾ ਰਾਜ ਹੋਵੇਗਾ ਜਿੱਥੇ 90 ਫੀਸਦੀ ਮੁੱਖ ਮਾਰਗ ਚਹੁੰ ਜਾਂ ਛੇ ਮਾਰਗੀ ਹੋਣਗੇ। ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਕੋਟਕਪੂਰਾ ਸੜਕ ਦੇ ਚਹੁੰ ਮਾਰਗੀ ਬਣਨ ਨਾਲ ਖੇਤਰ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ। ਇਸੇ ਤਰਾਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਰਾਸਤਾ ਜੀਰਾ, ਫਰੀਦਕੋਟ, ਕੋਟਕਪੂਰਾ, ਬਠਿੰਡਾ, ਮਲੋਟ ਅਬੋਹਰ ਹੁੰਦਿਆਂ ਸ੍ਰੀ ਗੰਗਾਨਗਰ ਤੱਕ ਸੜਕ ਨੂੰ ਵੀ ਚਹੁੰ ਮਾਰਗੀ ਕੀਤਾ ਜਾਣਾ ਹੈ। 2500 ਕਰੋੜ ਰੁਪਏ ਦੀ ਲਾਗਤ ਨਾਲ ਬਠਿੰਡਾ-ਜੀਰਕਪੁਰ ਮਾਰਗ ਨੂੰ ਚੌੜਾ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਐਲਾਣ ਕੀਤਾ ਕਿ ਖੇਤਰ ਦੀਆਂ ਨਹਿਰਾਂ ਅਤੇ ਸਿੰਚਾਈ ਲਈ ਬਣੇ ਖਾਲ ਵੀ ਪੱਕੇ ਕੀਤੇ ਜਾਣਗੇ।
ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਮੁੜ ਤੋਂ ਸਰਕਾਰ ਬਣਾਉਣ ਲਈ ਰਾਜ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਸ: ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਰਵਾਇਤ ਨੂੰ ਤੋੜਦਿਆਂ ਅਕਾਲੀ ਭਾਜਪਾ ਸਰਕਾਰ ਵੱਲੋਂ ਕਰਵਾਏ ਗਏ ਵਿਕਾਸ ਨੂੰ ਤਰਜੀਹ ਦਿੰਦਿਆਂ ਮੁੜ ਸੱਤਾ ਵਿਚ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਜਨਤਾ ਕੰਮ ਦੀ ਕਦਰ ਕਰਦੀ ਹੈ ਅਤੇ ਪੰਜਾਬ ਦੇ ਸੂਝਵਾਨ ਲੋਕਾਂ ਨੇ ਉਸ ਕਾਂਗਰਸ ਨੂੰ ਨਕਾਰ ਦਿੱਤਾ ਹੈ ਜਿਸ ਪਾਰਟੀ ਦੇ ਆਗੂ ਇਹ ਸੋਚਦੇ ਸਨ ਕਿ ਕੰਮ ਕਰਨ ਦੀ ਲੋੜ ਨਹੀਂ ਹੈ ਵਾਰੀ ਨਾਲ ਸਾਡੀ ਸਰਕਾਰ ਬਣ ਹੀ ਜਾਣੀ ਹੈ। ਉਨ੍ਹਾਂ ਕਿਹਾ ਕਿ ਜਨਤਾ ਬਹੁਤ ਸਮਝਦਾਰ ਹੈ ਅਤੇ ਪੰਜਾਬ ਦੇ ਲੋਕਾਂ ਦਾ ਫੈਸਲਾ ਸਾਰੀਆਂ ਪਾਰਟੀਆਂ ਲਈ ਹੀ ਇਕ ਸਬਕ ਹੈ।
ਇਸੇ ਤਰਾਂ ਰਾਜ ਸਰਕਾਰ ਦੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਸ: ਬਾਦਲ ਨੇ ਕਿਹਾ ਕਿ ਅਗਲੇ ਸਾਲ ਤੋਂ ਰਾਜ ਦੇ ਤਿੰਨ ਨਵੇਂ ਥਰਮਲ ਪਲਾਂਟਾਂ ਤੋਂ ਬਿਜਲੀ ਉਤਪਾਦਨ ਸ਼ੁਰੂ ਹੋ ਜਾਵੇਗਾ। ਜਿਸ ਤੋਂ ਬਾਅਦ ਬਿਜਲੀ ਦੀ ਕੋਈ ਘਾਟ ਨਹੀਂ ਰਹੇਗੀ। ਇਸੇ ਤਰਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਸੇਮ ਦੀ ਸੱਮਸਿਆ ਦੇ ਹੱਲ ਸਬੰਧੀ ਰਾਜ ਸਰਕਾਰ ਵੱਲੋਂ ਕੀਤੇ ਗਏ ਉਪਰਾਲਿਆਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਖੇਤਰ ਦਾ ਜੋ ਵੀ ਵਿਕਾਸ ਹੋਇਆ ਹੈ ਉਹ ਕੇਵਲ ਅਕਾਲੀ-ਭਾਜਪਾ ਸਰਕਾਰ ਸਮੇਂ ਹੀ ਹੋਇਆ ਹੈ ਅਤੇ ਇਲਾਕੇ ਦੇ ਬਕਾਇਆ ਮਸਲੇ ਵੀ ਛੇਤੀ ਹੱਲ ਕਰ ਦਿੱਤੇ ਜਾਣਗੇ।
ਇਸ ਤੋਂ ਪਹਿਲਾਂ ਹਲਕਾ ਇੰਚਾਰਜ ਸ੍ਰੀ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਉਨ੍ਹਾਂ ਨੂੰ ਇੱਥੇ ਆਉਣ ਤੇ ਜੀ ਆਇਆਂ ਨੂੰ ਆਖਦਿਆਂ ਚਹੁੰ ਮਾਰਗੀ ਸੜਕ ਦਾ ਕੰਮ ਸ਼ੁਰੂ ਕਰਵਾਉਣ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਹਰਪ੍ਰੀਤ ਸਿੰਘ ਵਿਧਾਇਕ ਮਲੋਟ, ਸ: ਮਨਜੀਤ ਸਿੰਘ ਬਰਕੰਦੀ ਜ਼ਿਲ੍ਹਾ ਪ੍ਰਧਾਨ, ਸ: ਮਿੱਤ ਸਿੰਘ ਬਰਾੜ ਪ੍ਰਧਾਨ ਨਗਰ ਕੌਂਸਲ, ਸ: ਸੰਤ ਸਿੰਘ ਬਰਾੜ ਹਲਕਾ ਇੰਚਾਰਜ ਗਿੱਤੜਬਾਹਾ, ਸ: ਹੀਰਾ ਸਿੰਘ ਚੜੇਵਾਨ, ਸ: ਮਨਜਿੰਦਰ ਸਿੰਘ ਬਿੱਟੂ ਸਰਕਲ ਪ੍ਰਧਾਨ, ਸ: ਹਰਦੀਪ ਸਿੰਘ ਡਿੰਪੀ ਢਿੱਲੋਂ, ਸ: ਮਨਜੀਤ ਸਿੰਘ ਸ਼ੇਰੇਵਾਲਾ, ਸ: ਜਗਦੇਵ ਸਿੰਘ ਭੁੱਲਰ, ਆਈ.ਜੀ. ਸ: ਨਿਰਮਲ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ, ਐਸ.ਐਸ.ਪੀ. ਸ: ਇੰਦਰਮੋਹਨ ਸਿੰਘ ਆਦਿ ਵੀ ਹਾਜਰ ਸਨ।