ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) – ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਜਿਲ੍ਹਾ ਵਰਕਿੰਗ ਕਮੇਟੀ ਮੁਕਤਸਰ ਦੀ ਮੀਟਿੰਗ ਮੰਦਰ ਸਿੰਘ ਗੋਬਿੰਦ ਨਗਰੀ ਦੀ ਪ੍ਰਧਾਨਗੀ ਹੇਠ ਰੈਡ ਕਰਾਸ ਭਵਨ ਮੁਕਤਸਰ ਵਿਖੇ ਹੋਈ। ਜਿਸ ਵਿੱਚ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਗੁਰਮੇਸ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਉਨ੍ਹਾਂ ਕਿਹਾ ਕਿ ਖੇਤ ਮਜ਼ਦੂਰ ਆਪਣੀਆਂ ਮੰਗਾਂ ਨੂੰ ਲੈ ਕੇ 23 ਅਗਸਤ ਨੂੰ ਚੰਡੀਗੜ੍ਹ ਵਿਖੇ ਰੋਸ ਰੈਲੀ ਕਰਨਗੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੀ ਇਹ ਰੋਸ ਰੈਲੀ ਖੇਤ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ। ਜਿਸ ਵਿੱਚ ਨਰੇਗਾ ਕਾਮਿਆਂ ਦੀ ਦਿਹਾੜੀ 250 ਰੁਪੈ ਕਰਨ ਅਤੇ ਸਾਲ ਵਿੱਚ 200 ਦਿਨ ਕੰਮ ਦੇਣ, ਅੰਨ-ਸੁਰੱਖਿਆ ਕਾਨੂੰਨ ਤਹਿਤ ਦੇਸ਼ ਦੇ ਹਰ ਨਾਗਰਿਕ ਨੂੰ ਪ੍ਰਤੀ ਪਰਿਵਾਰ 35 ਕਿਲੋ ਅਨਾਜ 2 ਰੁਪੈ ਕਿਲੋ ਦੇਣ, ਪਿੰਡਾਂ ਅਤੇ ਸ਼ਹਿਰਾਂ ਵਿੱਚ ਸਸਤੇ ਭਾਅ ਦੀਆਂ ਦੁਕਾਨਾਂ ਖੋਲ ਕੇ 14 ਜ਼ਰੂਰੀ ਵਸਤਾਂ ਦੇਣੀਆਂ ਯਕੀਨੀ ਬਣਾਇਆ ਜਾਣ ਸੂਬਾ ਅਤੇ ਕੇਂਦਰ ਸਰਕਾਰ ਸਟੋਰ ਬਣਾ ਕੇ ਅਨਾਜ ਦੀ ਸੰਭਾਲ ਕਰਨ, ਗਰੀਬ ਲੋਕਾਂ ਤੇ ਪੁਲਿਸ ਜਬਰ ਅਤੇ ਸਮਾਜਿਕ ਧੱਕੇਸ਼ਾਹੀ ਬੰਦ ਕੀਤੀ ਜਾਵੇ, ਬਿਜਲੀ ਦੀਆਂ ਦਰਾਂ ’ਚ ਕੀਤਾ ਵਾਧਾ ਵਾਪਸ ਲਿਆ ਜਾਵੇ। ਇਸ ਮੌਕੇ ਮੁਕਤਸਰ ਸ਼ਹਿਰ ਦੀਆਂ 1000 ਪੈਨਸ਼ਨਾਂ ਰੱਦ ਕਰਨ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਲੋੜਵੰਦ ਲੋਕਾਂ ਦੀ ਪੈਨਸ਼ਨ ਤੁਰੰਤ ਚਾਲੂ ਕੀਤੀ ਜਾਵੇ। ਇਸ ਮੌਕੇ ਨਰੇਗਾ ਕਾਮਿਆਂ ਦਾ ਬਕਾਇਆ ਤੁਰੰਤ ਦੇਣ ਮੰਗ ਕਰਦਿਆਂ ਨਰੇਗਾ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਵੀ ਮੰਗ ਕੀਤੀ। ਇਸ ਮੌਕੇ ਖੱਬੀ ਲਹਿਰ ਦੇ ਮਹਾਨ ਵਿਛੜੇ ਆਗੂਆਂ ਜਿਨ੍ਹਾਂ ਵਿੱਚ ਕਾਮਰੇਡ ਦੀਪਾਂਕਰ ਮੁਖਰਜੀ ਅਤੇ ਕੈਪਟਨ ਲਛਮੀ ਸਹਿਗਲ ਨੂੰ 2 ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ। ਇਸ ਮੌਕੇ 23 ਅਗਸਤ ਦੀ ਚੰਡੀਗੜ੍ਹ ਰੋਸ ਰੈਲੀ ਲਈ ਮੁਕਤਸਰ ਜਿਲ੍ਹੇ ਤੋਂ 200 ਸਾਥੀਆਂ ਦੇ ਜਾਣ ਲਈ ਡਿਊਟੀ ਲਾਈ ਗਈ। ਇਸ ਮੌਕੇ ਉਨ੍ਹਾਂ ਨਾਲ ਜਿਲ੍ਹਾ ਕਨਵੀਨਰ, ਕਾਮਰੇਡ ਹਰੀ ਰਾਮ ਚੱਕ ਸ਼ੇਰੇਵਾਲਾ, ਜਗਜੀਤ ਸਿੰਘ ਰੁਪਾਣਾ, ਹਰਬਿੰਦਰ ਸਿੰਘ ਕੁੱਤਿਆਂਵਾਲੀ, ਮੇਜਰ ਸਿੰਘ ਸੀਰਵਾਲੀ, ਬੂਟਾ ਸਿੰਘ ਸੰਘਰਾਣਾ, ਅਮਰ ਨਾਥ, ਬੂਟਾ ਸਿੰਘ ਚੱਕ ਸ਼ੇਰੇਵਾਲਾ, ਮੁਖਤਿਆਰ ਸਿੰਘ ਮੁਕਤਸਰ, ਗੁਰਦੀਪ ਸਿੰਘ ਘਾਰੂ, ਬੂਟਾ ਸਿੰਘ ਲੁਬਾਣਿਆਵਾਲੀ ਆਦਿ ਹਾਜਰ ਸਨ।
ਮੰਗਾਂ ਨੂੰ ਲੈ ਕੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ 23 ਨੂੰ ਕਰੇਗੀ ਚੰਡੀਗੜ੍ਹ ਰੋਸ ਰੈਲੀ
This entry was posted in ਪੰਜਾਬ.