ਵਾਸ਼ਿੰਗਟਨ- ਅਮਰੀਕਾ ਵਿੱਚ ਨਵੰਬਰ ‘ਚ ਹੋ ਰਹੀਆਂ ਰਾਸ਼ਟਰਪਤੀ ਚੋਣਾਂ ਲਈ ਰੀਪਬਲੀਕਨ ਪਾਰਟੀ ਦੇ ਉਮੀਦਵਾਰ ਮਿਟ ਰੋਮਨੀ ਨੇ ਸ਼ਨਿਚਰਵਾਰ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰੀ ਲਈ ਪਾਲ ਰਿਆਨ ਦੇ ਨਾਂ ਦਾ ਐਲਾਨ ਕੀਤਾ ਹੈ। ਪਾਲ ਪ੍ਰਤੀਨਿਧੀ ਸੱਭਾ ਵਿੱਚ ਬਜਟ ਕਮੇਟੀ ਦੇ ਮੁੱਖੀ ਹਨ ਅਤੇ ਵਿਸਕਾਂਸਿਨ ਤੋਂ ਸਾਂਸਦ ਹਨ।
42 ਸਾਲਾ ਰਿਆਨ ਨੇ ਰੋਮਨੀ ਦੀ ਤਾਰੀਫ਼ ਕਰਦੇ ਹੋਏ ਕਿਹਾ,“ ਮਿਟ ਰੋਮਨੀ ਅਜਿਹੇ ਨੇਤਾ ਹਨ ਜਿਨ੍ਹਾਂ ਕੋਲ ਯੋਗਤਾ ਹੈ, ਪ੍ਰਿਸ਼ਠਭੂਮੀ ਅਤੇ ਚੰਗਾ ਕਰੈਕਟਰ ਹੈ, ਜਿਸ ਦੀ ਇਸ ਅਹਿਮ ਸਮੇਂ ਦੇਸ਼ ਨੂੰ ਸਖਤ ਲੋੜ ਹੈ।”
ਰਿਆਨ ਮੌਜੂਦਾ ਰਾਸ਼ਟਰਪਤੀ ਬਰਾਕ ਓਬਾਮਾ ਦੀਆਂ ਨੀਤੀਆਂ ਅਤੇ ਹੈਲਥ ਕੇਅਰ ਸੁਧਾਰਾਂ ਦੇ ਸਖਤ ਅਲੋਚਕ ਰਹੇ ਹਨ।ਓਬਾਮਾ ਤੇ ਟਿਪਣੀ ਕਰਦੇ ਹੋਏ ਪਾਲ ਨੇ ਕਿਹਾ, ‘ ਚਾਰ ਸਾਲ ਦੇ ਅਸਫਲ ਪ੍ਰਸ਼ਾਸਨ ਤੋਂ ਬਾਅਦ ਦੁਨੀਆਂ ਨੂੰ ਪਰੇਰਿਤ ਕਰਨ ਵਾਲੇ ਇਸ ਦੇਸ਼ ਦੀਆਂ ਉਮੀਦਾਂ ਬੁਝ ਰਹੀਆਂ ਹਨ ਅਤੇ ਉਨ੍ਹਾਂ ਨੂੰ ਮਜ਼ਬੂਤ ਕਰਨ ਲਈ ਕਿਸੇ ਦੀ ਲੋੜ ਹੈ, ਮਿਟ ਰੋਮਨੀ ਹੀ ਅਜਿਹੇ ਵਿਅਕਤੀ ਹਨ।’
ਮਿਟ ਰੋਮਨੀ ਆਪਣੀ ਜਿੱਤ ਨੂੰ ਸਾਕਾਰ ਕਰਨ ਲਈ ਜਲਦੀ ਹੀ ਅਮਰੀਕਾ ਦੀਆਂ 4 ਅਹਿਮ ਸਟੇਟਾਂ ਦਾ ਬੱਸ ਦੁਆਰਾ ਦੌਰਾ ਕਰਨ ਵਾਲੇ ਹਨ।ਇਹ ਰਾਜ ਹਨ, ਵਰਜੀਨੀਆ, ਫਲੋਰਿਡਾ, ਓਹਾਇਯੋ ਅਤੇ ਉਤਰੀ ਕੈਰੋਲਾਈਨਾ। ਓਬਾਮਾ ਅਤੇ ਰੋਮਨੀ ਵਿੱਚਕਾਰ ਅਜੇ ਕਾਂਟੇ ਦੀ ਟੱਕਰ ਚੱਲ ਰਹੀ ਹੈ। ਓਬਾਮਾ ਪੱਖੀਆਂ ਦਾ ਕਹਿਣਾ ਹੈ ਕਿ ਰਿਆਨ ਦੋਸ਼ਪੂਰਨ ਆਰਥਿਕ ਨੀਤੀਆਂ ਦੇ ਸਮਰਥੱਕ ਰਹੇ ਹਨ ਜਿਸ ਕਰਕੇ ‘ਵਿਨਾਸ਼ਕਾਰੀ’ ਗਲਤੀਆਂ ਦੁਹਰਾਈਆਂ ਜਾਣਗੀਆਂ।