ਤਹਿਰਾਨ- ਈਰਾਨ ਦੇ ਪੱਛਮੀ ਉਤਰੀ ਹਿੱਸੇ ਵਿੱਚ ਸ਼ਨਿਚਰਵਾਰ ਨੂੰ ਆਏ ਇੱਕ ਤੋਂ ਬਾਅਦ ਇੱਕ ਭੂਚਾਲ ਨੇ ਇਸ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਭੂਚਾਲ ਨਾਲ ਘੱਟ ਤੋਂ ਘੱਟ 220 ਲੋਕ ਮਾਰੇ ਗਏ ਹਨ ਅਤੇ 1500 ਦੇ ਕਰੀਬ ਜਖਮੀ ਹੋਏ ਹਨ।
ਤਬਰਿਜ਼ ਅਤੇ ਅਹਾਰ ਕਸਬਿਆਂ ਵਿੱਚ ਵੀ ਭੂਚਾਲ ਦੇ ਜਬਰਦਸਤ ਝਟਕੇ ਮਹਿਸੂਸ ਕੀਤੇ ਗਏ ਪਰ ਪੇਂਡੂ ਖੇਤਰ ਵਿੱਚ ਜਾਨਮਾਲ ਦਾ ਵੱਧ ਨੁਕਸਾਨ ਹੋਇਆ ਹੈ। ਚਾਰ ਪਿੰਡ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਏ ਹਨ ਅਤੇ 60 ਹੋਰ ਪਿੰਡਾਂ ਵਿੱਚ ਵੀ ਭਾਰੀ ਤਬਾਹੀ ਹੋਈ ਹੈ। ਭੂਚਾਲ ਕਾਰਨ ਟੈਲੀਫ਼ੋਨ ਅਤੇ ਸੰਚਾਰ ਸੇਵਾਵਾਂ ਠੱਪ ਹੋ ਗਈਆਂ ਹਨ। ਜਿਸ ਕਰਕੇ ਰਾਹਤ ਕਾਰਜਾਂ ਵਿੱਚ ਦਿਕਤ ਆ ਰਹੀ ਹੈ।
ਭੂਚਾਲ-ਮਾਹਿਰਾਂ ਅਨੁਸਾਰ ਦੋਵੇਂ ਭੂਚਾਲ ਕੁਝ ਮਿੰਟਾਂ ਅੰਦਰ ਹੀ ਆਏ। ਪਹਿਲੇ ਭੂਚਾਲ ਦੀ ਰਫ਼ਤਾਰ 6.4 ਮਾਪੀ ਗਈ ਅਤੇ ਦੂਸਰੇ ਭੂਚਾਲ ਦੀ ਰਫ਼ਤਾਰ 6.3 ਮਾਪੀ ਗਈ।
ਭੂਚਾਲ ਪ੍ਰਭਾਵਿਤ ਖੇਤਰ ਵਿੱਚ ਰਾਹਤ ਅਤੇ ਬਚਾਅ ਦੇ ਕਾਰਜ ਜਾਰੀ ਹਨ ਪਰ ਹਨੇਰਾ ਹੋਣ ਕਰਕੇ ਰਾਹਤ ਕਰਮਚਾਰੀਆਂ ਨੂੰ ਕੁਝ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।