ਮਿਲੀ ਜੁਲੀ ਸਰਕਾਰ ਦਾ ਧਰਮ ਪਾਲਣ ਲਈ ਸ੍ਰ ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੋਗਲੀ ਨੀਤੀ ਅਪਣਾ ਰਹੇ ਹਨ। ਸਰਕਾਰ ਵਿੱਚ ਸ਼ਾਮਲ ਦੋਵੇਂ ਪਾਰਟੀਆਂ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਅਸੂਲ ਇਂੱਕ ਦੂਜੇ ਦੇ ਵਿਰੋਧੀ ਅਤੇ ਵੱਖਰੇ ਹਨ ਪ੍ਰੰਤੂ ਤਾਕਤ ਦਾ ਨਸ਼ਾ ਦੋਹਾਂ ਪਾਰਟੀਆਂ ਨੂੰ ਆਪੋ ਆਪਣੀ ਵਿਚਾਰਧਾਰਾ ਨੂੰ ਵਿਸਾਰਨ ਲਈ ਮਜਬੂਰ ਕਰ ਰਿਹਾ ਹੈ। ਅਕਾਲੀ ਦਲ ਦੀ ਵਿਚਾਰਧਾਰਾ ਸਿੱਖੀ ਦੇ ਅਸੂਲਾਂ ਤੇ ਪਹਿਰਾ ਦੇਣਾ ਅਤੇ ਭਾਰਤੀ ਜਨਤਾ ਪਾਰਟੀ ਦਾ ਇਸ ਤੋਂ ਬਿਲਕੁਲ ਉਲਟ ਹਿੰਦੂ ਵਿਚਾਰਧਾਰਾ ਨੂੰ ਪ੍ਰਫੁਲਤ ਕਰਨਾ ਹੈ। ਇਹ ਕਿਹਾ ਜਾਂਦਾ ਹੈ ਕਿ ਕਿਸੇ ਟੀਚੇ ਦੀ ਪ੍ਰਾਪਤੀ ਲਈ ਕਈ ਵਾਰੀ ਕੁਝ ਨਾ ਚਾਹੁੰਦਿਆਂ ਵੀ ਗੁਆਉਣਾ ਪੈਂਦਾ ਹੈ। ਇਸੇ ਤਰ੍ਹਾਂ ਸਰਕਾਰ ਦੀ ਤਾਕਤ ਦਾ ਸੁਖ ਮਾਨਣ ਲਈ ਦੋਵੇਂ ਪਾਰਟੀਆਂ ਇਸੇ ਸਿਧਾਂਤ ਤੇ ਚਲ ਰਹੀਆਂ ਹਨ।ਦੋਵੇਂ ਪਾਰਟੀਆਂ ਆਪੋ ਆਪਣੇ ਸਿਧਾਂਤਾਂ ਨੂੰ ਦਾਅ ਤੇ ਲਾ ਕੇ ਰਾਜ ਦਾ ਆਨੰਦ ਲੈ ਰਹੀਆਂ ਹਨ। ਇਸ ਦਾ ਨੁਕਸਾਨ ਪੰਜਾਬੀਆਂ ਨੂੰ ਨੇੜ ਭਵਿਖ ਵਿੱਚ ਉਠਾਉਣਾ ਪੈ ਸਕਦਾ ਹੈ।1980ਵਿਆਂ ਦੇ ਸਮੇਂ ਦਾ ਸੰਤਾਪ ਅਜੇ ਤਕ ਭੁਲਾਉਣਾ ਅਸੰਭਵ ਹੈ ਕਿਉਂਕਿ ਉਹਨਾ ਦਿਨਾ ਵਿੱਚ ਸਰਕਾਰੀ ਤੇ ਗੈਰਸਰਕਾਰੀ ਦਮਨ ਦਾ ਪੰਜਾਬੀਆਂ ਨੇ ਦੁੱਖ ਹੰਢਾਇਆ ਹੈ।ਅਜੇ ਤਕ ਵੀ ਪੰਜਾਬੀਆਂ ਦੇ ਜਖਮ ਅੱਲੇ ਹਨ ਤੇ ਰਿਸਦੇ ਵੀ ਰਹਿੰਦੇ ਹਨ।ਸਮਾਜ ਦੇ ਹਰ ਵਰਗ ਦੇ ਲੋਕਾਂ ਤੇ ਕਿਸੇ ਨਾ ਕਿਸੇ ਢੰਗ ਨਾਲ ਉਸ ਸੰਤਾਪ ਦੀਆਂ ਘਟਨਾਵਾਂ ਦਾ ਪ੍ਰਭਾਵ ਪਿਆ ਹੈ। ਪੰਜਾਬ ਦਾ ਹਰ ਘਰ ਕਿਸੇ ਰਿਸ਼ਤੇਦਾਰ, ਸਾਕ ਸੰਬੰਧੀ ਜਾਂ ਦੋਸਤ ਮਿਤਰ ਕਰਕੇ ਪ੍ਰਭਾਵਤ ਹੋਇਆ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਬੀਤੇ ਨੂੰ ਭੁਲਾਉਣ ਵਿੱਚ ਹੀ ਭਲਾ ਹੁੰਦਾ ਹੈ ਪ੍ਰੰਤੂ ਇਹ ਕਹਿਣਾ ਤਾਂ ਸੌਖਾ ਹੈ ਪਰ ਇਸ ਤੇ ਅਮਲ ਕਰਨਾ ਔਖਾ ਹੁੰਦਾ ਹੈ ਕਿਉਂਕਿ ਜਿਹੜੇ ਲੋਕਾਂ ਨੇ ਸੰਤਾਪ ਆਪਣੇ ਪਿੰਡੇ ਤੇ ਹੰਢਾਇਆ ਹੈ ਉਸਦਾ ਦੁੱਖ ਤਾਂ ਉਹ ਹੀ ਜਾਣ ਸਕਦੇ ਹਨ।ਜਿਹਨਾ ਘਰਾਂ ਦੇ ਚਿਰਾਗ ਸਰਕਾਰੀ ਜਾਂ ਗੈਰਸਰਕਾਰੀ ਦਮਨ ਨਾਲ ਬੁਝੇ ਹਨ ,ਉਥੇ ਰੌਸ਼ਨੀ ਦੀ ਕਿਰਨ ਆਉਣੀ ਅਸੰਭਵ ਤੇ ਭੁਲਾਉਣਾ ਮੁਸ਼ਕਲ ਹੀ ਨਹੀਂ ਅਸੰਭਵ ਜਰੂਰ ਹੈ। ਸਿਆਸੀ ਪਾਰਟੀਆਂ ਜਾਂ ਉਹ ਲੋਕ ਜਿਹੜੇ ਉਸ ਸਮੇਂ ਘੇਸ ਵੱਟਕੇ ਜਾਂ ਤਾਂ ਚੁੱਪ ਕਰ ਗਏ ਸਨ ਜਾਂ ਵਿਦੇਸ਼ਾਂ ਵਿੱਚ ਚਲੇ ਗਏ ਸਨ ਜਾਂ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਬਹਾਨੇ ਬਾਹਰ ਭੇਜ ਦਿੱਤਾ ਸੀ ਤੇ ਜਿਹਨਾ ਤੇ ਉਸ ਸੇਕ ਦਾ ਅਸਰ ਨਹੀਂ ਹੋਇਆ ,ਉਹ ਹੀ ਅਜੇਹੀਆਂ ਬੇਤੁਕੀਆਂ ਗੱਲਾਂ ਕਰਦੇ ਹਨ। ਜਿਹਨਾ ਤੇ ਕਦੀ ਵੀ ਦੁਬਾਰਾ ਅਜਿਹਾ ਅਸਰ ਹੋ ਸਕਦਾ ਹੈ, ਉਹਨਾ ਨੂੰ ਤਾਂ ਇੱਕ ਵਾਰ ਅਜਿਹੀਆਂ ਗੱਲਾਂ ਸੁਣਕੇ ਝੁਣਝਣੀ ਜਿਹੀ ਆ ਜਾਂਦੀ ਹੈ। ਆਪਣੇ ਘਰ ਨੂੰ ਲੱਗੀ ਅੱਗ ,ਅੱਗ ਹੁੰਦੀ ਹੈ ਦੂਜੇ ਘਰ ਲੱਗੀ ਅੱਗ ਬਸੰਤਰ ਕਹੀ ਜਾਂਦੀ ਹੈ। ਏਸੇ ਨੂੰ ਹੀ ਸਿੱਧੇ ਸ਼ਬਦਾਂ ਵਿੱਚ ਦੋਗਲੀ ਨੀਤੀ ਕਿਹਾ ਜਾਂਦਾ ਹੈ। ਅੱਜ ਤੱਕ ਨਾ ਤਾਂ ਸਿੱਖ ਪੰਜਾਬ ਦੇ ਸੰਤਾਪ ਤੇ 1984 ਦੇ ਕਤਲੇਆਮ ਨੂੰ ਭੁਲੇ ਹਨ ਤੇ ਨਾ ਹੀ ਭੁਲਾ ਸਕਦੇ ਹਨ ਅਤੇ ਨਾ ਹੀ ਪੰਜਾਬੀ ਦਹਿਸ਼ਤ ਦੇ ਮਾਹੌਲ ਦੇ ਸਮੇਂ ਦੇ ਸਿਵਿਆਂ ਦੇ ਸੇਕ ਨੂੰ ਭੁਲਾ ਸਕਦੇ ਹਨ।ਪੰਜਾਬ ਸਰਕਾਰ ਵਿੱਚ ਸ਼ਾਮਲ ਦੋਹਾਂ ਸਿਆਸੀ ਪਾਰਟੀਆਂ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ। ਸ੍ਰ ਪਰਕਾਸ਼ ਸਿੰਘ ਬਾਦਲ ਇੱਕ ਸੁਲਝੇ ਹੋਏ ਵਿਅਕਤੀ ਹਨ ਤੇ ਪੰਜਵੀਂ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ। ਉਹਨਾ ਦੇ ਰਾਜਸੀ ਤਜਰਬੇ ਦਾ ਦਾਇਰਾ ਬਹੁਤ ਵਿਸ਼ਾਲ ਹੋ ਗਿਆ ਹੈ। ਇਸ ਤਜਰਬੇ ਦੇ ਆਧਾਰ ਤੇ ਉਹ ਅਜਿਹੇ ਸਿਆਸੀ ਤੀਰ ਚਲਾਉਂਦੇ ਹਨ ਕਿ ਜੋ ਵੀ ਉਹਨਾ ਦੇ ਨਿਸ਼ਾਨੇ ਤੇ ਆ ਗਿਆ ਉਹ ਤੜਪ ਤੜਪ ਕੇ ਸਿਆਸੀ ਮੌਤ ਮਰਦਾ ਹੈ ਤੇ ਨਾਲੇ ਉਹ ਪਾਣੀ ਵੀ ਨਹੀਂ ਮੰਗਦਾ। ਉਹ ਆਪਣੇ ਦਿਲ ਦੀ ਗੱਲ ਵੀ ਕਿਸੇ ਨਾਲ ਸਾਂਝੀ ਨਹੀਂ ਕਰਦੇ ਅਤੇ ਨਾ ਹੀ ਨਿਸ਼ਾਨੇ ਦੀ ਪ੍ਰਾਪਤੀ ਤੋਂ ਪਹਿਲਾਂ ਇਸਦੀ ਸੂਹ ਲੱਗਣ ਦਿੰਦੇ ਹਨ। ਆਪਣੇ ਕਿਸੇ ਵੀ ਸਿਆਸੀ ਵਿਰੋਧੀ ਨੂੰ ਆਪ ਨੇ ਰੜਕਣ ਜੋਗਾ ਵੀ ਨਹੀਂ ਛੱਡਿਆ ਅਤੇ ਉਹਨਾ ਨੂੰ ਇਹ ਵੀ ਮਹਿਸੂਸ ਨਹੀਂ ਹੋਣ ਦਿੱਤਾ ਕਿ ਆਪ ਉਹਨਾ ਨੂੰ ਅਣਡਿਠ ਕਰ ਰਹੇ ਹੋ। ਸ਼ਰੋਮਣੀ ਅਕਾਲੀ ਦਲ ਬਾਦਲ ਦਿੱਲੀ ਦੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ ਸ੍ਰ ਮਹਿੰਦਰ ਸਿਘ ਮਠਾਰੂ ਨੇ ਜਦੋਂ ਕੇਂਦਰ ਅਤੇ ਦਿੱਲੀ ਰਾਜ ਵਿੱਚ ਬੀ ਜੇ ਪੀ ਦੀ ਅਗਵਾਈ ਵਾਲੀਆਂ ਸਰਕਾਰਾਂ ਸਨ ਤੇ ਕੇਂਦਰ ਵਿੱਚ ਅਕਾਲੀ ਦਲ ਭਾਈਵਾਲ ਸੀ, ਦਿੱਲੀ ਵਿੱਚ ਨਵੰਬਰ 1984 ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ ਅਕਾਲੀ ਦਲ ਅਤੇ ਬੀ ਜੇ ਪੀ ਦੇ ਪ੍ਰਮੁੱਖ ਲੀਡਰਾਂ ਦੀ ਇੱਕ ਮੀਟਿੰਗ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਬੁਲਾਈ ਸੀ, ਜਿਸ ਵਿੱਚ ਦਿੱਲੀ ਵਿੱਚ ਯਾਦਗਾਰ ਬਣਾਉਣ ਦਾ ਸਰਬਸੰਮਤੀ ਨਾਲ ਫੈਸਲਾ ਕੀਤਾ ਸੀ। ਸ੍ਰੀ ਮਦਨ ਲਾਲ ਖੁਰਾਨਾ ਨੇ ਕੇਂਦਰ ਤੇ ਰਾਜ ਸਰਕਾਰ ਤੋਂ ਯਾਦਗਾਰ ਲਈ ਜ਼ਮੀਨ ਲੈ ਕੇ ਦੇਣ ਦਾ ਭਰੋਸਾ ਦਿਵਾਇਆ ਸੀ। 2002 ਵਿੱਚ ਸ੍ਰ ਪਰਕਾਸ਼ ਸਿੰਘ ਬਾਦਲ ਨੇ ਸ਼ਰੋਮਣੀ ਪ੍ਰਬੰਧਕ ਕਮੇਟੀ ਦਿੱਲੀ ਦੀਆਂ ਚੋਣਾਂ ਵਿੱਚ ਆਪਣੇ ਉਮੀਦਵਾਰਾਂ ਦੀ ਇੱਕ ਪੰਜਾਬੀ ਬਾਗ ਦੇ ਗੁਰਦਵਾਰਾ ਟਿਕਾਣਾ ਸਾਹਿਬ ਵਿੱਚ ਚੋਣ ਰੈਲੀ ਵਿੱਚ 84 ਦੇ ਦੰਗਿਆਂ ਤੋਂ ਪ੍ਰਭਾਵਤ ਸ਼ਹੀਦਾਂ ਦੀ ਯਾਦਗਾਰ ਦਾ ਐਲਾਨ ਕਰਕੇ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕੀਤੀ। ਇਸ ਮੀਟਿੰਗ ਵਿੱਚ ਬੀਬੀ ਜਾਗੀਰ ਕੌਰ ਅਤੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਯਾਦਗਾਰ ਲਈ ਪੰਜ ਪੰਜ ਲੱਖ ਰੁਪਏ ਦੇਣ ਆ ਐਲਾਨ ਕਰ ਦਿੱਤਾ। ਹੁਣ ਜਦੋਂ ਦਿੱਲੀ ਵਿੱਚ ਪਰਮਜੀਤ ਸਿੰਘ ਸਰਨਾ ਪ੍ਰਧਾਨ ਹੈ ਤਾਂ ਜਦੋਂ ਉਹਨਾ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਨਿਵਾਸ ਦਾ ਉਦਘਾਟਨ ਕਰਨ ਲਈ ਦਿੱਲੀ ਦੀ ਮੁਖ ਮੰਤਰੀ ਸ੍ਰੀਮਤੀ ਸ਼ੀਲਾ ਦੀਕਸ਼ਤ ਆਏ ਤਾਂ ਬਲਿਊ ਸਟਾਰ ਓਪਰੇਸ਼ਨ ਦੇ ਸਹੀਦਾਂ ਦੀ ਯਾਦਗਾਰ ਤੋਂ ਧਿਆਨ ਹਟਾਉਣ ਲਈ ਕਿਸੇ ਪਤਰਕਾਰ ਤੋਂ ਦਿੱਲੀ ਵਿਖੇ ਯਾਦਗਾਰ ਉਸਾਰਨ ਦਾ ਪ੍ਰਸ਼ਨ ਕਰਾਕੇ ਤੀਰ ਚਲਾ ਦਿੱਤਾ ਹੈ। ਹੁਣ ਸ੍ਰ ਬਾਦਲ ਦਾ ਅਗਲਾ ਨਿਸ਼ਾਨਾ ਅਗਲਾ ਨਿਸ਼ਾਨਾ ਬੀ ਜੇ ਪੀ ਹੈ। ਸ਼ਰੋਮਣੀ ਅਕਾਲੀ ਦਲ ਵਿੱਚ ਉਹਨਾ ਨੂੰ ਨਰਮ ਦਲੀਏ ਗਿਣਿਆਂ ਜਾਂਦਾ ਹੈ। ਪੰਜਾਬ ਦੇ ਸੰਤਾਪ ਸਮੇਂ ਆਪ ਨੇ ਚੁੱਪ ਤੇ ਪਾਸਾ ਵੱਟ ਕੇ ਵਕਤ ਕੱਟ ਲਿਆ ਤੇ ਕਿਸੇ ਵਾਦ ਵਿਵਾਦ ਵਿੱਚ ਨਹੀਂ ਪਏ ਪ੍ਰੰਤੂ ਟੌਹੜਾ ਸਾਹਿਬ ਨੂੰ ਅੱਗੇ ਲਾ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਜਦੋਂ ਪੰਜਾਬ ਦੇ ਹਾਲਾਤ ਸਾਜਗਾਰ ਹੋ ਗਏ ਤਾਂ ਮੁੜਕੇ ਅਕਾਲੀ ਦਲ ਨੂੰ ਐਸਾ ਜੱਫਾ ਮਾਰਿਆ ਆਪਣੇ ਕਬਜੇ ਵਿੱਚੋਂ ਬਾਹਰ ਨਹੀਂ ਨਿਕਲਣ ਦਿੱਤਾ,ਸਾਰਿਆਂ ਧੜਿਆਂ ਨੇ ਜੋਰ ਲਾ ਕੇ ਵੇਖ ਲਿਆ। ਜਿਹੜੇ ਗਰਮ ਦਲੀਏ ਆਪਦਾ ਨਾ ਸੁਣਨ ਨੂੰ ਤਿਆਰ ਨਹੀਂ ਹੁੰਦੇ ਸਨ,ਉਹ ਹੁਣ ਕਿਤੇ ਰੜਕਦੇ ਹੀ ਨਹੀਂ,ਜਿਹੜੇ ਥੋਹੜੇ ਬਹੁਤੇ ਰਹਿ ਗਏ ,ਉਹਨਾ ਨੂੰ ਸਿਆਸੀ ਤਿਗੜਮਬਾਜੀ ਨਾਲ ਢਾਹ ਲਿਆ ਜਾਂ ਇਉਂ ਕਹਿ ਲਓ ਉਹਨਾ ਨੂੰ ਸਿਰ ਹੀ ਨਹੀਂ ਚੁਕਣ ਦਿੱਤਾ।ਤੁਸੀਂ ਹੈਰਾਨ ਹੋਵੋਗੇ ਕਿ ਉਹੀ ਦਮਦਮੀ ਟਕਸਾਲ ਜਿਹੜੀ ਟੌਹੜਾ ਸਾਹਿਬ ਦੇ ਸਾਹ ਵਿੱਚ ਸਾਹ ਲੈਂਦੀ ਸੀ ਤੇ ਸ੍ਰ ਬਾਦਲ ਦੀ ਕੱਟੜ ਵਿਰੋਧੀ ਸੀ,ਉਹੀ ਅੱਜ ਸ੍ਰ ਬਾਦਲ ਦੀ ਹਾਂ ਵਿੱਚ ਹਾਂ ਹੀ ਨਹੀਂ ਮਿਲਾ ਰਹੀ ਸਗੋਂ ਸਰਕਾਰ ਵਿੱਚ ਹਿੱਸੇਦਾਰ ਹੋ ਕੇ ਤਾਕਤ ਦਾ ਸੁਆਦ ਚੱਖ ਰਹੀ ਹੈ। ਸੰਤ ਸਮਾਜ ਨੂੰ ਸ਼ੋਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਵਿੱਚ ਟਿਕਟਾਂ ਦੇ ਕੇ ਸ਼ਰੋਮਣੀ ਪ੍ਰਬੰਧਕੀ ਕਮੇਟੀ ਦੇ ਰਾਜ ਭਾਗ ਵਿੱਚ ਸ਼ਾਮਲ ਕਰ ਲਿਆ ਹੈ। ਹੈਰਾਨੀ ਦੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਕੱਟੜ ਹਿੰਦੂ ਵਿਚਾਰਧਾਰਾ ਦੀ ਹਾਮੀ ਹੈ ਉਹ ਵੀ ਸਿਰ ਨਿਵਾਕੇ ਰਾਜ ਭਾਗ ਦਾ ਆਨੰਦ ਮਾਣ ਰਹੀ ਹੈ,ਚੂੰ ਨਹੀਂ ਕਰਦੀ। ਕਹਿਣ ਤੋਂ ਭਾਵ ਕਿ ਸਿੱਖ ਗਰਮ ਦਲੀਏ ਤੇ ਹਿੰਦੂ ਗਰਮ ਦਲੀਏ ਦੋਵੇਂ ਸ੍ਰ ਬਾਦਲ ਦੀ ਹਾਂ ਵਿੱਚ ਹਾਂ ਮਿਲਾ ਰਹੇ ਹਨ।ਬੀ ਜੇ ਪੀ ਦਾ ਹਸ਼ਰ ਵੀ ਅਕਾਲੀ ਦਲ ਦੇ ਬਾਕੀ ਧੜਿਆਂ ਵਾਲਾ ਹੀ ਹੋਵੇਗਾ, ਉਹ ਵੀ ਟਾਰਚ ਮਾਰਿਆਂ ਨਹੀਂ ਲੱਭਣੀ।ਬੀ ਜੇ ਪੀ ਦੀ ਸ੍ਰ ਬਾਦਲ ਨੇ ਅਜਿਹੀ ਪੁਜੀਸ਼ਨ ਬਣਾ ਦਿਤੀ ਹੈ ਕਿ ਉਹਨਾ ਦੀ ਹਾਲਤ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਾਲੀ ਹੈ ਜੇ ਖਾਂਦੇ ਹਨ ਤਾਂ ਕੋਹੜੀ ਜੇ ਛੱਡਦੇ ਹਨ ਤਾਂ ਕਲੰਕੀ। ਭਾਵੇਂ ਸ੍ਰ ਬਾਦਲ ਨੇ ਯਾਦਗਾਰ ਸਿਰਫ ਇੱਕ ਗੁਰਦਵਾਰਾ ਸਾਹਿਬ ਹੀ ਹੋਵੇਗੀ ਕਹਿਕੇ ਕਾਂਗਰਸ ਤੇ ਬੀਜੇ ਪੀ ਨੂੰ ਚੁਪ ਕਰਾ ਦਿੱਤਾ ਹੈ । ਇਸ ਯਾਦਗਾਰ ਦਾ ਪਹਿਲਾ ਪੜਾਅ ਖਤਮ ਹੋ ਚੁੱਕਾ ਹੈ ਅਰਥਾਤ ਯਾਦਗਾਰ ਦਾ ਪਹਿਲਾ ਹਿੱਸਾ ਬਣ ਚੁੱਕਾ ਹੈ।ਦੋਹਾਂ ਪਾਰਟੀਆਂ ਦੇ ਰਸਤੇ ਤੇ ਵਿਚਾਰਧਾਰਾਵਾਂ ਵੱਖਰੀਆਂ ਵੱਖਰੀਆਂ ਹਨ। ਪਿਛਲੀਆਂ 30 ਜਨਵਰੀ 2012 ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸਾਢੇ ਚਾਰ ਸਾਲ ਸ੍ਰ ਬਾਦਲ , ਸਰਕਾਰ ਦੀ ਧਰਮ ਨਿਰਪੱਖਤਾ ਦਾ ਪ੍ਰਚਾਰ ਕਰਦੇ ਰਹੇ ਪ੍ਰੰਤੂ ਅਖੀਰਲੇ ਛੇ ਮਹੀਨਿਆਂ ਵਿੱਚ ਸਿੱਖਾਂ ਨੂੰ ਖੁਸ਼ ਕਰਕੇ ਵੋਟਾਂ ਲੈਣ ਲਈ ਸਿੱਖ ਏਜੰਡੇ ਦਾ ਪ੍ਰਚਾਰ ਸ਼ੁਰੂ ਕਰ ਦਿਤਾ। ਅਸਲ ਵਿੱਖ ਚੁੱਪ ਚੁੱਪੀਤੇ ਸਰਕਾਰ ਸਿੱਖ ਏਜੰਡੇ ਤੇ ਕੰਮ ਕਰੀ ਜਾ ਰਹੀ ਸੀ।ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਰਾਸਤ ਖਾਲਸਾ ਯਾਦਗਾਰ ਨੂੰ ਮੁਕੰਮਲ ਕਰਕੇ ਉਸ ਦਾ ਉਦਘਾਟਨ ਕਰ ਦਿੱਤਾ।ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਦੀ ਮੋਹਾਲੀ ਨੇੜੇ ਚੱਪੜਚਿੜੀ ਵਿਖੇ 54 ਕਰੋੜ ਰੁਪਏ ਦੀ ਰਾਸ਼ੀ ਨਾਲ ਉਸਾਰੀ ਪੂਰੀ ਕਰਕੇ ਉਸਦਾ ਉਦਘਾਟਨ ਕਰਕੇ ਸਿੱਖਾਂ ਦੀ ਵਾਹਵਾ ਸ਼ਾਹਵਾ ਖੱਟ ਲਈ।ਏਸੇ ਤਰ੍ਹਾਂ ਕੁਪ ਰਹੀੜਾ ਵਿਖੇ ਅਹਿਮਦ ਸ਼ਾਹ ਅਬਦਾਲੀ ਨਾਲ ਸਿੱਖਾਂ ਦੀ ਹੋਈ ਲੜਾਈ ਜਿਸਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ, ਜਿਸ ਵਿੱਚ ਕਿਹਾ ਜਾਂਦਾ ਹੈ ਕਿ 35000 ਸਿੱਖ ਸ਼ਹੀਦ ਹੋਏ ਸਨ ,ਦੀ ਯਾਦਗਾਰ ਦੀ ਉਸਾਰੀ 14 ਕਰੋੜ 25 ਲੱਖ ਦੀ ਕੀਮਤ ਨਾਲ ਮੁਕੰਮਲ ਕਰ ਦਿੱਤੀ ਕਰ ਦਿੱਤੀ । ਬਿਲਕੁਲ ਏਸੇ ਤਰਜ ਤੇ ਕਾਹਨੂੰਵਾਨ ਛੰਭ ਵਿਖੇ ,ਜਿਸ ਨੂੰ ਸਿੱਖਾਂ ਦਾ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ ,ਜਿਥੇ ਜਕਰੀਆ ਖਾਨ ਦੇ ਪੋਤਰੇ ਲੱਖਪੱਤ ਰਾਏ ਨਾਲ ਸਿੱਖਾਂ ਦਾ ਯੁਧ ਹੋਇਆ ਸੀ, ਜਿਥੇ 10000 ਤੋਂ ਉਪਰ ਸਿੰਘ ਸ਼ਹੀਦ ਹੋਏ ਸਨ, ਦੀ ਵੀ ਯਾਦਗਾਰ 9 ਕਰੋੜ ਰੁਪਏ ਨਾਲ ਉਸਾਰ ਦਿੱਤੀ ਹੈ। ਸਰਦਾਰ ਪਰਕਾਰਸ਼ ਸਿੰਘ ਬਾਦਲ ਨੇ ਇੱਕ ਸ਼ਾਤਰ ਸਿਆਸਤਦਾਨ ਦਾ ਰੋਲ ਨਿਭਾਉਂਦਿਆਂ ਇਹ ਯਾਦਗਾਰਾਂ ਉਸਾਰਕੇ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਵੋਟਾਂ ਵਿੱਚ ਬਦਲ ਲਿਆ ਹੈ। ਇਹਨਾਂ ਯਾਦਗਾਰਾਂ ਦਾ ਡੱਟਕੇ ਸਰਕਾਰੀ ਤੰਤਰ ਨੇ ਪ੍ਰਚਾਰ ਕੀਤਾ ਤੇ ਸਿੱਖਾਂ ਨੂੰ ਜਚਾ ਦਿੱਤਾ ਕਿ ਸਰਕਾਰ ਉਹਨਾ ਦੇ ਹਿਤਾਂ ਨੂੰ ਹੀ ਪਹਿਲ ਦੇ ਰਹੀ ਹੈ।ਵਿਧਾਨ ਸਭਾ ਚੋਣਾਂ ਤੋਂ ਬਾਅਦ ਉਹਨਾਂ ਇੱਕ ਹੋਰ ਪੈਂਤੜਾ ਮਾਰਿਆ ਹੈ, ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਮੂਹਰੇ ਲਾ ਕੇ ਬਲਿਊ ਸਟਾਰ ਅਪ੍ਰੇਸ਼ਨ ਦੌਰਾਨ ਸ਼ਹੀਦ ਹੋਏ ਸ਼ਰਧਾਲੂਆਂ ਦੀ ਯਾਦ ਵਿੱਚ ਹਰਿਮੰਦਰ ਸਾਹਿਬ ਦੇ ਅੰਦਰ ਇੱਕ ਯਾਦਗਾਰ ਦਾ ਨੀਂਹ ਪੱਥਰ ਰਖਵਾ ਦਿੱਤਾ ਹੈ ਜੋ ਕਿ ਅੱਜ ਕਲ ਚਰਚਾ ਦਾ ਵਿਸ਼ਾ ਬਣਿਆਂ ਹੋਇਆ ਹੈ। ਇਸ ਯਾਦਗਾਰ ਦੇ ਬਣਨ ਨਾਲ ਸਿੱਖਾਂ ਦੀਆਂ ਭਾਵਨਾਵਾਂ ਜਿਥੇ ਸੰਤੁਸ਼ਟ ਹੋਣਗੀਆਂ ਉਥੇ ਉਹਨਾ ਦੀ ਸਰਕਾਰ ਵਿੱਚ ਸਹਿਯੋਗੀ ਭਾਰਤੀ ਜਨਤਾ ਪਾਰਟੀ ਦਾ ਸਿਆਸੀ ਕਤਲ ਹੋ ਜਾਵੇਗਾ। ਬੀ ਜੇ ਪੀ ਅੰਦਰਖਾਤੇ ਉਸਲਵੱਟੇ ਲੈ ਰਹੀ ਹੈ ,ਉਹ ਸਮਝ ਤਾਂ ਸਾਰਾ ਕੁਝ ਰਹੀ ਹੈ ਪਰੰਤੂ ਬੇਬਸੀ ਵਿੱਚ ਹੈ।ਇਹ ਸਾਰਾ ਕੁਝ ਸ੍ਰ ਬਾਦਲ ਦੀ ਮਿਕਨਾਤੀਸੀ ਨੀਤੀ ਦਾ ਹੀ ਸਿੱਟਾ ਹੈ। ਸ੍ਰ ਬਾਦਲ ਦੀ ਸਿਆਸੀ ਸੂਝ ਦਾ ਮੁਕਾਬਲਾ ਕਰਨਾ ਅਤੇ ਉਹਨਾ ਨੂੰ ਸਮਝਣਾ ਔਖਾ ਹੈ।ਉਹਨਾ ਵਿਧਾਨ ਸਭਾ ਅਤੇ ਨਗਰਪਾਲਕਾ ਚੋਣਾਂ ਵਿੱਚ ਹਿੰਦੂਆਂ ਨੂੰ ਟਿਕਟਾਂ ਦੇ ਕੇ ਬੀ ਜੇ ਪੀ ਨੂੰ ਠਿੱਬੀ ਤਾਂ ਮਾਰੀ ਹੀ ਹੈ ਅਤੇ ਇਹ ਵੀ ਪ੍ਰਭਾਵ ਦਿੱਤਾ ਹੈ, ਉਹ ਧਰਮ ਨਿਰਪੱਖ ਹਨ ਪ੍ਰੰਤੂ ਅਮਲੀ ਤੌਰ ਤੇ ਸਰਕਾਰ ਜਿਹੜੇ ਕੰਮ ਕਰ ਰਹੀ ਹੈ ਉਸ ਤੋਂ ਪ੍ਰਭਾਵ ਬਿਲਕੁਲ ਇਸਦੇ ਉਲਟ ਜਾਂਦਾ ਹੈ। ਅਸਲ ਵਿੱਚ ਅਕਾਲੀ ਦਲ ਆਪਣੀ ਬੀ ਜੇ ਪੀ ਤੋਂ ਨਿਰਭਰਤਾ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਵਿੱਚ ਉਹ ਹੁਣ ਤਕ ਕਾਮਯਾਬ ਵੀ ਰਿਹਾ ਹੈ।
ਉਪਰੋਕਤ ਵਿਚਾਰ ਚਰਚਾ ਦਾ ਸਿੱਟਾ ਇਹ ਨਿਕਲਦਾ ਹੈ ਕਿ ਰਾਜ ਕਰ ਰਹੀਆਂ ਦੋਵੇਂ ਪਾਰਟੀਆਂ ਸ਼ਰੋਮਣੀ ਅਕਾਲੀ ਦਲ ਅਤੇ ਬੀ ਜੇ ਪੀ ਨੂੰ ਪਾਰਟੀ ਪੱਧਰ ਤੋਂ ਉਪਰ ਉੱਠਕੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਭਲੇ, ਪੰਜਾਬ ਦੀ ਅਮਨ,ਖੁਸ਼ਹਾਲੀ ਤੇ ਸ਼ਾਂਤੀ ਅਤੇ ਆਪਸੀ ਸਹਿਯੋਗ ਤੇ ਸਹਿਹੋਂਦ ,ਸ਼ਹਿਨਸ਼ੀਲਤਾ,ਭਾਈਚਾਰਾ ਤੇ ਭਰਾਤਰੀ ਭਾਵ ਨੂੰ ਜਰੂਰ ਮੁੱਖ ਰੱਖਣਾ ਚਾਹੀਦਾ ਹੈ ਤਾਂ ਜੋ ਪੰਜਾਬ ਬੁਲੰਦੀਆਂ ਤੇ ਪਹੁੰਚ ਸਕੇ। ਜੇਕਰ ਦੋਵੇਂ ਪਾਰਟੀਆਂ ਏਸੇ ਤਰ੍ਹਾਂ ਇੱਕ ਦੂਜੇ ਨੂੰ ਠਿੱਬੀ ਲਾਉਂਦੀਆਂ ਰਹੀਆਂ ਤਾਂ ਪੰਜਾਬ ਵਿਕਾਸ ਪੱਖੋਂ ਪਛੜ ਜਾਵੇਗਾ ਅਤੇ ਪੰਜਾਬ ਦੇ ਲੋਕਾਂ ਨੂੰ ਇਸਦਾ ਸੰਤਾਪ ਭੋਗਣਾਂ ਪੈ ਸਕਦਾ ਹੈ।ਸਿਆਸਤ ਵਿੱਚ ਸਿਆਸੀ ਚਾਲਾਂ ਤਾਂ ਸਿਆਸਤ ਦਾ ਹਿੱਸਾ ਹਨ ਪ੍ਰੰਤੂ ਸ੍ਰ ਬਾਦਲ ਨੂੰ ਥੋੜ੍ਹਾ ਬਹੁਤਾ ਪੰਜਾਬ ਦੇ ਲੋਕਾਂ ਦੇ ਭਵਿਖ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ, ਨਿਰੀ ਸਿਅਸਤ ਹੀ ਨਹੀਂ ਕਰਨੀ ਚਾਹੀਦੀ।