ਨਵੀਂ ਦਿੱਲੀ- ਰਾਸ਼ਟਰਪਤੀ ਪ੍ਰਣਬ ਮੁੱਖਰਜੀ ਨੇ ਅੰਨਾ ਅਤੇ ਬਾਬਾ ਰਾਮਦੇਵ ਦੇ ਅੰਦੋਲਨਾਂ ਦੀ ਅਲੋਚਨਾ ਕਰਦੇ ਹੋਏ ਕਿਹਾ ਹੈ ਕਿ ਜੇ ਲੋਕਤੰਤਰਿਕ ਸੰਸਥਾਵਾਂ ਤੇ ਹਮਲਾ ਹੋਇਆ ਤਾਂ ਦੇਸ਼ ਵਿੱਚ ਅਰਾਜਕਤਾ ਫੈਲ ਜਾਵੇਗੀ।ਬਾਬਾ ਰਾਮਦੇਵ ਅਤੇ ਅੰਨਾ ਦੇ ਭ੍ਰਿਸ਼ਟਾਚਾਰ ਸਬੰਧੀ ਵਿਰੋਧ ਪ੍ਰਦਰਸ਼ਨਾਂ ਦਾ ਸਿੱਧਾ ਨਾਮ ਨਾਂ ਲੈਂਦੇ ਹੋਏ ਰਾਸ਼ਟਰਪਤੀ ਨੇ ਸੰਸਦ ਵਰਗੀਆਂ ਸੰਸਥਾਵਾਂ ਦੀ ਅਹਿਮੀਅਤ ਨੂੰ ਘੱਟ ਕਰਕੇ ਵੇਖਣ ਦੇ ਖਤਰਿਆਂ ਤੋਂ ਸਾਵਧਾਨ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਸੰਸਥਾਵਾਂ ਨੂੰ ਨਸ਼ਟ ਕਰਨਾ ਸਮਸਿਆਂ ਦਾ ਹਲ ਨਹੀਂ ਹੈ।
ਰਾਸ਼ਟਰਪਤੀ ਪ੍ਰਣਬ ਮੁੱਖਰਜੀ ਨੇ ਦੇਸ਼ ਦੇ 66ਵੇਂ ਸੁਤੰਤਰਤਾ ਦਿਵਸ ਤੇ ਰਾਸ਼ਟਰ ਦੇ ਨਾਂ ਆਪਣੇ ਸੰਦੇਸ਼ ਵਿੱਚ ਕਿਹਾ ਹੈ ਕਿ ਭ੍ਰਿਸ਼ਟਾਚਾਰ ਦੇ ਖਿਲਾਫ਼ ਗੁਸਾ ਅਤੇ ਅੰਦੋਲਨ ਜਾਇਜ਼ ਹੈ ਕਿਉਂਕਿ ਭ੍ਰਿਸ਼ਟਾਚਾਰ ਦੀ ਇਹ ਬਿਮਾਰੀ ਸਾਡੇ ਦੇਸ਼ ਦੀ ਸ਼ਕਤੀ ਅਤੇ ਕੁਸ਼ਲਤਾ ਨੂੰ ਘੱਟ ਕਰ ਰਹੀ ਹੈ। ਟੀਮ ਅੰਨਾ ਅਤੇ ਬਾਬਾ ਰਾਮਦੇਵ ਵੱਲੋਂ ਸੰਸਦ ਅਤੇ ਰਾਸ਼ਟਰਪਤੀ ਸਮੇਤ ਸੱਭ ਸੰਸਥਾਵਾਂ ਤੇ ਵਾਰ ਕਰਨ ਸਬੰਧੀ ਇਸ਼ਾਰਿਆਂ ਵਿੱਚ ਸੰਜਮ ਵਿੱਚ ਰਹਿਣ ਦੀ ਨਸੀਹਤ ਦਿੰਦੇ ਹੋਏ ਕਿਹਾ ਹੈ ਕਿ ਕਈ ਵਾਰ ਲੋਕ ਆਪੇ ਤੋਂ ਬਾਹਰ ਹੋ ਜਾਂਦੇ ਹਨ ਪਰ ਇਸ ਨੂੰ ਲੋਕਤੰਤਰਿਕ ਸੰਸਥਾਵਾਂ ਤੇ ਵਾਰ ਕਰਨ ਦਾ ਬਹਾਨਾ ਨਹੀਂ ਬਣਾਇਆ ਜਾ ਸਕਦਾ। ਇਹ ਸੰਸਥਾਵਾਂ ਸੰਵਿਧਾਨ ਦੇ ਮੁੱਖ ਸਤੰਭ ਹਨ ਜੇ ਇਨ੍ਹਾਂ ਵਿੱਚ ਥੋੜੀ ਜਿੰਨੀ ਵੀ ਦਰਾਰ ਆਂਉਦੀ ਹੈ ਤਾਂ ਸੰਵਿਧਾਨ ਦਾ ਆਦਰਸ਼ਵਾਦ ਨਹੀਂ ਬਚੇਗਾ।ਇਹ ਸੰਸਥਾਵਾਂ ਹੀ ਸਾਡੀ ਸੁਤੰਤਰਤਾ ਦੀ ਰੱਖਿਅਕ ਹਨ। ਉਨ੍ਹਾਂ ਨੇ ਕਿਹਾ ਕਿ ਸੰਸਦ ਭਾਰਤ ਦੀ ਆਤਮਾ ਹੈ। ਅੰਦੋਲਨਕਾਰੀਆਂ ਵੱਲੋਂ ਕੀਤੀ ਜਾ ਰਹੀ ਬੇਲਗਾਮ ਬਿਆਨਬਾਜ਼ੀ ਤੇ ਉਨ੍ਹਾਂ ਨੂੰ ਚੋਣ ਰਾਜਨੀਤੀ ਵਿੱਚ ਆਉਣ ਦੀ ਸਲਾਹ ਦਿੱਤੀ।