ਅਗੱਸਤ 1947 ਵਿਚ ਫਿਰਕੂ ਆਧਾਰ ‘ਤੇ ਹੋਈ ਦੇਸ਼ ਦੀ ਚੰਦਰੀ ਵੰਡ ਭਾਰਤੀ ਉਪ-ਮਹਾਂਦੀਪ ਦਾ ਵੀਹਵੀਂ ਸਦੀ ਦਾ ਸਭ ਤੋਂ ਵੱਡਾ ਦੁਖਾਂਤ ਹੈ।ਇਸ ਬੇਲੋੜੀ ਵੰਡ ਨੇ ਹਜ਼ਾਰਾਂ ਹੀ ਨਹੀਂ ਸਗੋਂ ਲਖਾਂ ਹੀ ਪਰਿਵਾਰਾਂ ਨੂੰ ਅਪਣੇ ਜੱਦੀ ਪੁਸ਼ਤੀ ਘਰ, ਹਵੇਲੀਆਂ, ਜ਼ਮੀਨਾਂ ਜਾਇਦਾਦਾਂ, ਕਾਰੋਬਾਰ ਆਦਿ ਛੱਡ ਕੇ ਖਾਲੀ ਹੱਥ ਉਜੜ ਕੇ ਦੋ ਟੋਟੇ ਕਰਨ ਵਾਲੀ ਲਕੀਰ ਦੇ ਇਸ ਪਾਰ ਆਉਣਾ ਪਿਆ ਜਾਂ ਉਸ ਪਾਰ ਜਾਣਾ ਪਿਆ।ਲੱਖਾਂ ਹੀ ਨਿਰਦੋਸ਼ ਪੰਜਾਬੀ ਇਸ ਲਕੀਰ ਦੇ ਦੋਨੋ ਪਾਸੇ ਜਨੂੰਨੀ ਅੰਸਰਾਂ ਦੇ ਹੱਥੋ ਕੋਹ ਕੋਹ ਕੇ ਮਾਰੇ ਗਏ, ਮਾਵਾਂ, ਭੈਣਾ, ਧੀਆਂ,ਨੂੰਹਾਂ ਦੀ ਬੇਪਤੀ ਕੀਤੀ ਗਈ, ਅਪਣੀ ਇਜ਼ਤ ਬਚਾਉਂਦੀਆਂ ਹਜ਼ਾਰਾਂ ਹੀ ਬੀਬੀਆਂ ਨੇ ਖੂਹਾਂ ਜਾਂ ਨਹਿਰਾਂ ਵਿਚ ਛਾਲਾਂ ਮਾਰ ਮਾਰ ਕੇ ਅਪਣੀ ਜਾਨ ਦੇ ਦਿਤੀ।ਹਜ਼ਾਰਾਂ ਹੀ ਬੱਚੇ ਯਤੀਮ ਹੋ ਗਏ, ਸੱਜ-ਵਿਆਹੀਆਂ ਦੇ ਸੁਹਾਗ ਲੁਟੇ ਗਏ, ਬੁੱਢੇ ਮਾਪਿਆਂ ਦੀ ਡੰਗੋਰੀ ਟੁਟ ਗਈ।ਹਜ਼ਾਰਾਂ ਪਰਿਵਾਰ ਪੂਰੀ ਤਰ੍ਹਾ ਤਬਾਹ ਹੋ ਗਏ। ਦੇਸ਼-ਵੰਡ ਦੇ 65 ਸਾਲ ਬੀਤ ਜਾਣ ‘ਤੇ ਵੀ ਬਹੁਤਿਆਂ ਦੇ ਜ਼ਖ਼ਮ ਹਾਲੇ ਹਰੇ ਹਨ।
ਭਾਰਤੀ ਲੀਡਰ ਦੇਸ਼ ਦੀ ਵੰਡ ਲਈ ਮਹੁੰਮਦ ਅਲੀ ਜਿਨਾਹ ਨੂੰਜਿੰਮੇਵਾਰ ਠਹਿਰਾ ਰਹੇ ਹਨ ਅਤੇ ਪਾਕਿਸਤਾਨੀ ਲੀਡਰ ਪੰਡਤ ਨਹਿਰੂ, ਸਰਦਾਰ ਪਟੇਲ ਵਰਗੇ ਕਾਂਗਰਸੀ ਲੀਡਰਾਂ ਨੂੰ ਦੋਸ਼ ਦੇ ਰਹੇ ਹਨ। ਮਹਾਤਮਾ ਗਾਂਧੀ ਕਿਹਾ ਕਰਦੇ ਸਨ,“ਪਾਕਿਸਤਾਨ ਮੇਰੀ ਲਾਸ਼ ਤੇ ਬਣੇ ਗਾ।” ਕਈ ਵਿਦਵਾਨਾਂ ਦੀ ਇਨ੍ਹਾਂ ਗਲਾਂ ਵਿਚ ਸੱਚਾਈ ਲਗਦੀ ਹੈ ਕਿ ਨਹਿਰੂ ਤੇ ਪਟੇਲ, ਜੋ ਬੁੱਢੇ ਹੋ ਰਹੇ ਸਨ ਤੇ ਜਿਨ੍ਹਾਂ ਨੂੰ ਹਕੂਮਤ ਕਰਨ ਦੀ ਕਾਹਲੀ ਸੀ ਤੇ ਸੋਚਦੇ ਸਨ ਕਿ ਕਿਤੇ ਰਾਜ ਕਰਨ ਦਾ ਆਨੰਦ ਮਾਣੇ ਬਿਨਾ ਹੀ ਨਾ ਮਰ ਜਾਈਏ, ਬਹੁਤ ਹੱਦ ਤਕ ਇਸ ਚੰਦਰੀ ਫਿਰਕੂ ਵੰਡ ਲਈ ਜ਼ੁਮੇਵਾਰ ਹਨ।ਉਨ੍ਹਾਂ ਦੋ ਕੌਮਾਂ ਦੀ ਥਿਊਰੀ ਪਰਵਾਨ ਕਰ ਲਈ। ਹਿਮਾਲੀਆ ਪਰਬਤ ਤੋਂ ਵੀ ਵੱਡੀ ਇਸ ਗ਼ਲਤੀ ਲਈ ਪੂਰੀ ਤਰ੍ਹਾਂ ਕੌਣ ਜ਼ੁਮੇਵਾਰ ਹੈ, ਇਸ ਦਾ ਫੈਸਲਾ ਤਾਂ ਇਤਿਹਾਸ ਹੀ ਕਰੇ ਗਾ। ਇਸ ਦੇਸ਼-ਵੰਡ ਕਾਰਨ ਪੈਦਾ ਹੋਈਆ ਗੁੰਝਲਦਾਰ ਸਮਸਿਆਵਾਂ ਦਾ ਹਲ ਸ਼ਾਇਦ ਕਦੀ ਵੀ ਨਾ ਨਿਕਲ ਸਕੇ।ਵੰਡ ਵਾਲੇ ਕਾਲੇ ਸਮੇਂ ਦੀ ਸਜ਼ਾ ਇਸ ਉਪ-ਮਹਾਂਦੀਪ ਦੇ ਲੋਕਾਂ ਨੂੰ ਪਤਾ ਨਹੀਂ ਕਿਤਨੀਆ ਕੁ ਸਦੀਆਂ ਤਕ ਭੁਗਤਣੀ ਪਏ ਗੀ ।ਉਰਦੂ ਦਾ ਇਕ ਸ਼ੇਅਰ ਹੈ, ਜਿਸ ਦਾ ਭਾਵ ਹੈ ਕਿ ਇਤਿਹਾਸ ਗਵਾਹ ਹੈ ਕਿ ਕੁਝ ਪਲਾਂ ਦੀ ਗ਼ਲਤੀ ਦਾ ਖਮਿਆਜ਼ਾ ਕਈ ਸਦੀਆਂ ਤਕ ਭੁਗਤਣਾ ਪਿਆ:-
ਦੇਖੇ ਹੈਂ ਵੋਹ ਮਨਜ਼ਰ ਭੀ ਤਾਰੀਖ ਕੀ ਨਜ਼ਰੋਂ ਨੇ,
ਲਮਹੋਂ ਨੇ ਖ਼ਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ
ਕਸ਼ਮੀਰ ਦਾ ਗੁੰਝਲਦਾਰ ਮਸਲਾ, ਜੋ ਦੋਨਾਂ ਦੇਸ਼ਾਂ ਵਿਚਕਾਰ ਸੇਹ ਦਾ ਤੱਕਲਾ ਬਣਿਆਂ ਹੋਇਆ ਹੈ ਅਤੇ ਜਿਸ ਨੂੰ ਪਾਕਿਸਤਾਨ ਹਰ ਕੌਮਾਂਤਰੀ ਮੰਚ ਤੇ ਉਛਾਲਦਾ ਹੈ, ਇਸ ਦੇਸ਼-ਵੰਡ ਕਾਰਨ ਪੈਦਾ ਹੋਇਆ ਹੈ।ਇਸੇ ਕਾਰਨ 1965 ਤੇ 1971 ਵਿਚ ਭਾਰਤ-ਪਾਕਿ ਯੁੱਧ ਹੋ ਚਕੇ ਹਨ, 1999 ਵਿਚ ਕਾਰਗਿਲ ਦਾ ਯੁਧ ਹੋ ਚੁਕਾ ਹੈ । ਇਹ ਮਸਲਾ ਪਿਛਲੇ ਲਗਭਗ ਢਾਈ ਦਹਾਕਿਆਂ ਤੋਂ ਆਏ ਦਿਨ ਅਨੇਕ ਲੋਕਾਂ ਦੀ ਜਾਨ ਲੈ ਰਿਹਾ ਹੈ, ਸ਼ਾਇਦ ਹੀ ਕੋਈ ਮਹੀਨਾ ਅਜੇਹਾ ਲੰਘਿਆ ਹੋਵੇ ਕਿ ਜੰਮੂ ਕਸ਼ਮੀਰ ਜਾਂ ਸਰਹੱਦ ਤੋਂ ਕਿਸ ਪੰਜਾਬੀ ਜਵਾਨ ਦੀ ਲਾਸ਼ ਉਸ ਦੇ ਘਰ ਨਾ ਆਈ ਹੋਵੇ। ਦੋਨਾਂ ਦੇਸਾਂ ਲਈ ਇਹ ਜ਼ਿੰਦਗੀ ਮੌਤ ਦਾ ਸਵਾਲ ਬਣਿਆ ਹੋਇਆ ਹੈ, ਉਮੀਦ ਨਹੀਂ ਕਿ ਇਸ ਦਾ ਕੋਈ ਅਜੇਹਾ ਹਲ ਨਿਕਲ ਸਕੇ ਜੋ ਦੋਨਾ ਦੇਸ਼ਾ ਅਤੇ ਜੰਮੂ ਕਸ਼ਮੀਰ ਮਕਬੂਜਾ ਕਸ਼ਮੀਰ ਸਮੇਤ ਦੇ ਲੋਕਾਂ ਲਈ ਸਰਬ-ਪਰਵਾਣਿਤ ਹੋਵੇ। ਕਸ਼ਮੀਰ ਕਾਰਨ ਦੋਨਾਂ ਦੇਸ਼ਾਂ ਵਿਚ ਦਹਿਸ਼ਤਗਰਦੀ ਨੇ ਅਤਿ ਮਚਾਈ ਹੋਈ ਹੈ।ਹਿੰਦੁਸਤਾਨ ਵਿਚ ਪਾਕਿਸਤਾਨ ਦੀ ਆਈ.ਐਸ.ਆਈ. ਦੀ ਹਿਮਾਇਤ ਪ੍ਰਾਪਤ ਦਹਿਸ਼ਤਗਰਦਾ ਵਲੌਂ ਭਾਰਤੀ ਪਾਰਲੀਮੈਂਟ, ਗੁਜਰਾਤ ਦੇ ਅਕਸ਼ੈਧਾਮ ਮੰਦਰ, ਜੰਮੂ ਦੇ ਰਘੂਨਾਥ ਮੰਦਰ ਤੇ 26/11 ਦੇ ਮੁੰਬਈ ਹਮਲਿਆਂ ਨੇ ਦੋਨਾਂ ਦੇਸ਼ਾਂ ਦੇ ਸਬੰਧਾਂ ਵਿਚ ਹੋਰ ਕੁਰੱਤਨ ਵਧਾਈ ਹੈ।ਅਜ ਦਹਿਸ਼ਤਗਰਦੀ ਸਭ ਤੋਂ ਵੱਡਾ ਮਸਲਾ ਬਣ ਗਿਆ ਹੈ, ਕੋਈ ਥਾਂ ਸੁਰੱਖਿਅਤ ਨਹੀਂ। ਭਾਰਤ-ਪਾਕਿਸਤਾਨ ਦੇ ਸਬੰਧ ਸੁਧਰਨ ਦੀ ਥਾਂ ਹੋਰ ਵਿਗੜ ਰਹੇ ਹਨ।
ਫਿਰਕੂ ਆਧਾਰ ‘ਤੇ ਹੋਈ ਇਸ ਵੰਡ ਨੇ 1947 ਵਿਚ ਇਨਸਾਨ ਨੂੰ ਹੈਵਾਨ ਬਣਾ ਦਿਤਾ, ਸ਼ੈਤਾਨ ਬਣਾ ਦਿਤਾ, ਦਰਿੰਦਾ ਬਣਾ ਦਿਤਾ ਸੀ, ਜੋ ਸਾਰੀਆਂ ਇਨਸਾਨੀ ਕਦਰਾਂ ਕੀਮਤਾਂ ਭੁਲ ਗਏ ।ਦੂਜੇ ਧਰਮ ਦੇ ਨਿਰਦੋਸ਼ ਲੋਕਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ, ਬੀਬੀਆਂ ਦੀ ਬੇਪਤੀ ਕੀਤੀ ਗਈ ,ਧਾਰਮਿਕ ਅਸਥਾਣਾ ਦੀ ਪਵਿਤ੍ਰਤਾ ਭੰਗ ਕੀਤੀ ਗਈ ।ਇਸ ਵੰਡ ਕਾਰਨ ਲੱਖਾਂ ਹੀ ਪਰਿਵਾਰ ਅਪਣੇ ਕਈ ਮੈਂਬਰਾਂ ਤੋਂ ਵਿਛੜ ਗਏ।ਕਈ ਹਿੰਦੂ ਤੇ ਸਿੱਖ ਜੋ ਅਣਸੁਰਖਿਅਤ ਤੇ ਤਨਾਓ ਭਰੇ ਹਾਲਾਤ ਕਾਰਨ ਪਾਕਿਸਤਾਨ ਤੋਂ ਇਧਰ ਨਹੀਂ ਆ ਸਕੇ, ਉਧਰ ਰਹਿ ਗਏ ਅਤੇ ਮਜਬੂਰਨ ਇਸਲਾਮ ਧਰਮ ਧਾਰਨ ਕਰਨਾ ਪਿਆ, ਇਸੇ ਤਰ੍ਹਾਂ ਮੁਸਲਮਾਨ ਇੱਧਰ ਰਹਿ ਗਏ, ਜਿਨ੍ਹਾ ਚੋਂ ਕਈ ਹਿੰਦੂ ਜਾਂ ਸਿੱਖ ਧਰਮ ਕਬੂਲ ਕਰਨ ਲਈ ਮਜਬੂਰ ਹੋਏ। ਅਨੇਕਾਂ ਹਿੰਦੂ ਤੇ ਸਿੱਖ ਮੁਟਿਆਰਾਂ ਨੂੰ ਮੁਸਲਮਾਨਾ ਨੇ ਉਧਾਲ ਕੇ ਜ਼ਬਰਦਸਤੀ ਅਪਣੇ ਘਰ ਬਿਠਾ ਲਿਆ, ਤੇ ਇਧਰ ਮੁਸਲਮਾਨ ਔਰਤਾਂ ਨੂੰ ਹਿੰਦੂਆਂ ਜਾਂ ਸਿੱਖਾਂ ਨੇ ਅਪਣੇ ਘਰੀਂ ਪਾ ਲਿਆ। ਉਹ ਅਪਣੇ ਵਿਛੜੇ ਭੈਣ ਭਰਾਵਾਂ ਨੂੰ ਮਿਲਣ ਲਈ ਤਰਸਦੀਆਂ ਰਹੀਆਂ ਹਨ। ਹਜ਼ਾਰਾਂ ਹੀ ਪਰਿਵਾਰ, ਵਿਸ਼ੇਸ਼ ਕਰ ਮੁਸਲਮਾਨ ਪਰਿਵਾਰ, ਦੋਨਾਂ ਦੇਸ਼ਾਂ ਵਿਚ ਵੰਡੇ ਗਏ।ਅਟਾਰੀ-ਲਾਹੋਰ ਵਿਚਕਾਰ ਚਲਣ ਵਾਲੀ ਸਮਝੌਤਾ ਐਕਸਪ੍ਰੈਸ ਤੇ ਦਿਲੀ –ਲਾਹੌਰ ਬੱਸ ਵਿਚ ਆਉਣ ਜਾਣ ਵਾਲੇ ਬਹੁਤ ਮਸਾਫਿਰ ਉਹ ਹੁੰਦੇ ਹਨ ਜੋ ਅਪਣੇ ਕਿਸੇ ਭੈਣ ਭਰਾ ਜਾਂ ਨਜ਼ਦੀਕੀ ਰਿਸ਼ਤੇਦਾਰ ਨੂੰ ਮਿਲਣ ਚਲੇ ਹੁੰਦੇ ਹਨ।
ਸਿੱਖਾ ਦੇ ਸੈਂਕੜੇ ਹੀ ਇਤਿਹਾਸਿਕ ਗੁਰਦੁਆਰੇ, ਜਿਨ੍ਹਾਂ ਨੂੰ ਗੁਰੂ ਸਾਹਿਬਾਨ ਦੀ ਪਵਿੱਤਰ ਚਰਨ-ਛੋਹ ਪ੍ਰਾਪਤ ਹੈ, ਪਾਕਿਸਤਾਨ (ਅਤੇ ਬੰਗਲਾ ਦੇਸ਼) ਰਹਿ ਗਏ,ਜਿੰਨ੍ਹਾ ਦੇ ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਲਈ ਉਹ ਹਰੋਜ਼ ਅਰਦਾਸ ਕਰਦੇ ਹਨ। ਸਮਾਂ ਬੀਤਣ ਨਾਲ ਇਨ੍ਹਾਂ ਚੋਂ ਬਹੁਤ ਗੁਰਦੁਆਰੇ ਢਹਿ ਢੇਰੀ ਹੋ ਰਹੇ ਹਨ, ਅਤੇ ਕਿਸੇ ਦਿਨ ਇਨ੍ਹਾਂ ਦਾ ਨਾਂ-ਨਿਸ਼ਾਨ ਮਿੱਟ ਜਾਏ ਗਾ। ਇਸੈ ਤਰ੍ਹਾਂ ਹਿੰਦੂਆ ਦੇ ਸੈਂਕੜੇ ਪਾਵਨ ਮੰਦਰ ਉਧਰ ਰਹਿ ਗਏ, ਮੁਸਲਮਾਨਾਂ ਦੇ ਕਈ ਧਾਰਮਿਕ ਅਸਥਾਣ ਇਧਰ ਭਾਰਤ ਰਹਿ ਗਏ ਹਨ।
ਭਾਰਤ ਤੇ ਪਾਕਿਸਤਾਨ (ਦਸੰਬਰ 1971ਤਕ ਬੰਗਲਾ ਦੇਸ਼ ਵੀ ਪਾਕਿਸਤਾਨ ਦਾ ਹੀ ਇਕ ਹਿੱਸਾ ਸੀ ) ਨੂੰ ਆਜ਼ਾਦ ਹੋਇਆਂ 65 ਵਰ੍ਹੇ ਹੋ ਚੁਕੇ ਹਨ, ਪਰ ਇਨ੍ਹਾਂ ਦੇਸ਼ਾਂ ਵਿਚ ਲੱਖਾਂ ਨਹੀਂ ਕਰੋੜਾਂ ਹੀ ਅਜੇਹੇ ਲੋਕ ਹਨ ਜਿਨ੍ਹਾਂ ਲਈ ਆਜ਼ਾਦੀ ਕੋਈ ਅਰਥ ਨਹੀਂ ਰਖਦੀ।ਉਨ੍ਹ੍ਹਾਂ ਲਈ ਗੋਰੇ ਅੰਗਰੇਜ਼ਾਂ ਤੇ ਕਾਲੇ ਅੰਗਰੇਜ਼ਾਂ (ਭਾਰਤੀ ਜਾਂ ਪਕਿਸਤਾਨੀ ਲੀਡਰਾਂ) ਵਿਚ ਕੋਈ ਫਰਕ ਨਹੀਂ ਕਿ ਕਿਸ ਦੀ ਹਕੂਮਤ ਹੈ। ਇਨ੍ਹਾਂ ਲਈ ਆਜ਼ਾਦੀ ਅਈ ਜਾਂ ਨਾ ਆਈ ਇਕੋ ਬਰਾਬਰ ਹੈ।ਇਨ੍ਹਾਂ ਲੋਕਾਂ ਨੂੰ ਤਾਂ ਦੋ ਵਕਤ ਦੀ ਰੋਟੀ ਦਾ ਫਿਕਰ ਹੈ, ਕੁਲੀ, ਗੁਲੀ ਤੇ ਜੁਲੀ (ਰੋਟੀ, ਕੱਪੜਾ ਤੇ ਮਕਾਨ) ਦੀ ਚਿੰਤਾ ਹੈ। ਉਹ ਜ਼ਿੰਦਗੀ ਜਿਓਂ ਨਹੀਂ ਰਹੇ, ਦਿਨ-ਕਟੀ ਕਰ ਰਹੇ ਹਨ।
ਪਾਕਿਸਤਾਨ ਵਿਚ ਤਾਂ ਅਗੱਸਤ 1947 ਤੋਂ ਹੀ ਫੌਜ ਦਾ ਬੋਲ ਬਾਲਾ ਹੈ, ਜਮਹ੍ਰੂਰੀਅਤ ਦੇ ਪੈਰ ਹੀ ਨਹੀਂ ਲਗਣ ਦਿਤੇ। ਭਾਰਤ ਵਿਚ ਜਮਹੂਰੀਅਤ ਹੈ ਪਰ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਵੋਟਾਂ ਬਟੋਰਨ ਖਾਤਰ ਲੋਕਾਂ ਨੂੰ ਧਰਮ, ਜ਼ਾਤ-ਪਾਤ, ਭਾਸ਼ਾ ਤੇ ਇਲਾਕਾਪ੍ਰਸਤੀ ਦੇ ਨਾਂ ਉਤੇ ਵੰਡੀਆਂ ਪਾ ਰਹੀਆਂ ਹਨ। ਕੇਂਦਰ ਜਾ ਸੂਬਿਆਂ ਵਿਚ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਪ੍ਰਸਾਸ਼ਨ ਵਿਚ ਭ੍ਰਿਸ਼ਟਾਚਾਰ ਹੈ, ਵਿਚ ਭਾਈ ਭਤੀਜਾਵਾਦ ਤੇ ਰਿਸ਼ਵਤਖੋਰੀ ਦਾ ਬੋਲ ਬਾਲਾ ਹੈ।ਕਿਸ ਦਫਤਰ ਚਲੇ ਜਾਓ ਸਿਫਾਰਿਸ਼ ਜਾਂ ਰਿਸ਼ਵਤ ਬਿਨਾ ਕੋਈ ਕੰਮ ਹੁੰਦਾ ਹੀ ਨਹੀਂ।ਕਈ ਸੂਬਿਆ ਦੇ ਮੌਜੂਦਾ ਜਾਂ ਸਾਬਕ ਮੁਖ ਮੰਤਰੀਆਂ, ਮੰਤਰੀਆਂ ਤੇ ਵੱਡੇ ਵੱਡੇ ਲੀਡਰ ਭ੍ਰਿਸ਼ਟਾਚਾਰ ਦੀ ਦਲਦਲ ਵਿਚ ਬੁਰੀ ਤਰ੍ਹਾਂ ਫਸੇ ਹੋਏ ਹਨ, ਅਫਸਰਾਹੀ ਤੇ ਬਾਬੂਸ਼ਾਹੀ ਵਲੋਂ ਹੀ ਸਾਰਾ ਪ੍ਰਸ਼ਾਸਨ ਚਲਾਇਆ ਜਾ ਰਿਹਾ ਹੈ, ਜਿਨ੍ਹਾਂ ਨੇ ਭ੍ਰਿਸ਼ਟਾਚਾਰ ਦੇ ਸਾਰੇ ਹੱਦ ਬਨੇ ਤੋੜ ਦਿਤੇ ਹਨ। ਜੇ ਦੇਸ਼ ਦੇ ਲੀਡਰ ਹੀ ਕੁਰੱਪਟ ਹੋਣ, ਤਾਂ ਦੇਸ਼ ਰਸਾਤਲ ਵਲ ਨਹੀਂ ਜਾਏ ਗਾ ਤਾਂ ਕਿੱਧਰ ਨੂੰ ਜਾਏ ਗਾ। ਸਿਅਸਤ ਦੇ ਅਪਰਾਧੀਕਰਨ ਨੇ ਆਮ ਲੋਕਾਂ ਨੂੰ ਚਿੰਤਾ ਵਿਚ ਪਾ ਦਿਤਾ ਹੈ। ਅਜੱ ਸਿਆਸਤ ਧਨਾਢਾਂ ਤੇ ਗੁੰਡੇ ਪਾਲਣ ਵਾਲਿਆਂ ਦੀ ਰਖੇਲ ਬਣ ਕੇ ਰਹਿ ਗਈ ਹੈ ਪਾਕਿਸਤਾਨ ਤੇ ਬੰਗਲਾ ਦੇਸ਼ ਦਾ ਹਾਲ ਸਾਡੇ ਨਾਲੋਂ ਵੀ ਬਹੁਤਾ ਮਾੜਾ ਹੈ।
ਜੇਕਰ ਦੇਸ਼-ਵੰਡ ਨਾ ਹੋਈ ਹੁੰਦੀ ਤਾਂ ਇਕੋ ਦੇਸ਼ ਵਿਚ ਸਾਰੇ ਧਰਮਾਂ ਦੇ ਲੋਕਾਂ ਨੇ ਇਕ ਭਾਈਚਾਰੇ ਵਾਗ ਰਹੀ ਜਾਣਾ ਸੀ, ਜਿਵੇਂ ਉਹ ਸਦੀਆਂ ਤੋਂ ਰਹਿੰਦੇ ਆਏ ਸਨ ਅਤ ਇਕਮੁੱਠ ਹੋਕੇ ਆਜ਼ਾਦੀ ਦੀ ਲੜਾਈ ਵਿਚ ਹਿੱਸਾ ਲਿਆ ਸੀ।ਹੁਣ ਦੋਨਾਂ ਦੇਸ਼ਾਂ ਵਲੋਂ ਆਪਣੇ ਆਪਣੇ ਬੱਜਟ ਦਾ ਵੱਡਾ ਹਿੱਸਾ ਫੌਜਾਂ ਤੇ ਆਧੁਨਿਕ ਹਥਿਆਰ ਖਰੀਦਣ ‘ਤੇ ਲਗਾਇਆ ਜਾ ਰਿਹਾ ਹੈ, ਆਮ ਲੋਕਾਂ ਦੀ ਭਲਾਈ, ਗਰੀਬੀ ਦੂਰ ਕਰਨ ਤੇ ਦੇਸ਼ ਦੇ ਵਿਕਾਸ ‘ਤੇ ਖਰਚ ਹੋਣਾ ਸੀਪਹੁਣ ਜਦ ਤਕ ਭਾਰਤ ਤੇ ਪਾਕਿਸਾਨ ਦੇ ਆਪਸੀ ਸਬੰਧ ਸੁਖਾਵੇਂ ਨਹੀਂ ਹੋ ਜਾਂਦੇ, ਕਸ਼ਮੀਰ ਮਸਲੇ ਦਾ ਕੋਈ ਸਰਬ-ਪਰਮਾਣਿਤ ਹਲ ਨਹੀਂ ਨਿਕਲ ਆਉਂਦਾ ਅਤੇ ਦੋਨਾਂ ਦੇਸ਼ਾਂ ਦੇ ਲੋਕ ਅਮਰੀਕਾ-ਕੈਨੇਡਾ ਵਾਂਗ ਬਿਨਾ ਰੋਕ ਟੋਕ ਇਧਰ ਉਧਰ ਆ ਜਾ ਨਹੀਂ ਸਕਦੇ, ਭਾਰਤੀ ਉਪ-ਮਹਾਂਦੀਪ ਵਿਚ ਅਸ਼ਾਂਤੀ ਬਣੀ ਰਹੇ ਗੀ ਅਤੇ ਆਮ ਲੋਕਾਂ ਨੂੰ ਬਿਨਾ ਕਿਸੇ ਕਾਰਨ ਇਸ ਦੇ ਨਤੀਜੇ ਭੁਗਤਣੇ ਪੈਣ ਗੇ।ਪਤਾ ਨਹੀਂ ਕਿੰਨੀਆਂ ਕੁ ਹੋਰ ਨਸਲਾਂ ਨੂੰ ਇਸ ਦੇਸ਼-ਵੰਡ ਦਾ ਖਮਿਆਜ਼ਾ ਭੁਗਤਣਾ ਪਏਗਾ।