ਚੇਨੱਈ- ਕੇਂਦਰੀ ਵਿਗਿਆਨ ਅਤੇ ਉਦਯੋਗਿਕ ਮੰਤਰੀ ਵਿਲਾਸਰਾਵ ਦੇਸ਼ਮੁੱਖ ਦਾ ਲੀਵਰ ਅਤੇ ਕਿਡਨੀ ਫੇਲ ਹੋਣ ਕਰਕੇ ਮੰਗਲਵਾਰ ਦੁਪਹਿਰ ਦੇ 1 ਵਜ ਕੇ 40 ਮਿੰਟ ਤੇ ਦੇਹਾਂਤ ਹੋ ਗਿਆ ਹੈ। ਉਹ 67 ਸਾਲ ਦੇ ਸਨ। ਉਹ 8 ਸਾਲ ਤੱਕ ਮਹਾਂਰਾਸ਼ਟਰ ਦੇ ਮੁੱਖਮੰਤਰੀ ਵੀ ਰਹੇ। ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਪਿੰਡ ਲਾਤੂਰ ਵਿੱਚ ਬੁੱਧਵਾਰ ਨੂੰ ਕੀਤਾ ਜਾਵੇਗਾ। ਦੇਸ਼ਮੁੱਖ ਦੀ ਮੌਤ ਦੀ ਸੂਚਨਾ ਮਿਲਦੇ ਹੀ ਦੋਵਾਂ ਸਦਨਾਂ ਦੀ ਕਾਰਵਾਈ ਸਥਗਿਤ ਕਰ ਦਿੱਤੀ ਗਈ।
ਦੇਸ਼ਮੁੱਖ ਦੀ ਸਿਹਤ ਖਰਾਬ ਹੋਣ ਕਰਕੇ ਪਿੱਛਲੇ ਕੁਝ ਦਿਨਾਂ ਤੋਂ ਮੁੰਬਈ ਦੇ ਬਰੀਚ ਕੈਂਡੀ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਸਿਹਤ ਜਿਆਦਾ ਖਰਾਬ ਹੋਣ ਤੇ ਤੁਰੰਤ ਚੇਨੱਈ ਦੇ ਗਲੋਬਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਲਾਈਫ਼ ਸਪੋਰਟ ਸਿਸਟਮ ਤੇ ਰੱਖਿਆ ਹੋਇਆ ਸੀ। ਚੇਨੱਈ ਦੇ ਜਿਸ 31 ਸਾਲਾ ਵਿਅਕਤੀ ਦੀ ਕਿਡਨੀ ਅਤੇ ਲੀਵਰ ਦੇਸ਼ਮੁੱਖ ਨੂੰ ਲਗਾਉਣਾ ਸੀ, ਉਸ ਦੀ ਵੀ ਐਕਸੀਡੈਂਟ ਵਿੱਚ ਮੌਤ ਹੋ ਗਈ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਦੇਸ਼ਮੁੱਖ ਦੀ ਮੌਤ ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਆਪਣਾ ਇੱਕ ਅਨਮੋਲ ਸਾਥੀ ਖੋਹ ਦਿੱਤਾ ਹੈ। ਸੋਨੀਆ ਗਾਂਧੀ ਨੇ ਵੀ ਦੇਸ਼ਮੁੱਖ ਦੀ ਮੌਤ ਤੇ ਅਫ਼ਸੋਸ ਜਾਹਿਰ ਕੀਤਾ ਹੈ। ਕੇਂਦਰੀ ਮੰਤਰੀ ਦੀ ਮੌਤ ਤੇ ਦੇਸ਼ ਦਾ ਝੰਡਾ ਅੱਧਾ ਝੁਕਿਆ ਰਹੇਗਾ। ਉਹ ਆਪਣੇ ਪਿੱਛੇ ਤਿੰਨ ਪੁੱਤਰ ਛੱਡ ਗਏ ਹਨ। ਮਹਾਂਰਾਸ਼ਟਰ ਦੀ ਰਾਜਨੀਤੀ ਵਿੱਚ ਉਹ ਕਾਂਗਰਸ ਦੇ ਅਹਿਮ ਨੇਤਾ ਸਨ। ਗ੍ਰਹਿਮੰਤਰੀ ਸੁਸ਼ੀਲ ਕੁਮਾਰ ਛਿੰਦੇ ਨੇ ਕਿਹਾ ਕਿ ਮਹਾਂਰਾਸ਼ਟਰ ਦੀ ਰਾਜਨੀਤੀ ਵਿੱਚ ਛਿੰਦੇ ਅਤੇ ਦੇਸ਼ਮੁੱਖ ਦੀ ਜੋੜੀ ਨੂੰ ਦੋ ਹੰਸਾਂ ਦਾ ਜੋੜਾ ਮੰਨਿਆ ਜਾਂਦਾ ਸੀ। ਅੱਜ ਹੰਸਾਂ ਦੀ ਜੋੜੀ ਵਿੱਛੜ ਗਈ।