ਪਰਥ (ਹਰਮੰਦਰ ਕੰਗ)- ਵੈਸਟਰਨ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਦੇ ਗੁਰਦੁਆਰਾ ਸਾਹਿਬ ਵਿਖੇ, ਐਤਵਾਰੀ ਦੀਵਾਨ ਵਿਚ, ਅਮ੍ਰੀਕਾ ਦੀ ਸਟੇਟ ਵਿਨਕਾਂਨਸਿਨ ਦੇ ਸ਼ਹਿਰ ਓਕ ਕਰੀਕ ਦੇ ਗੁਰਦੁਆਰਾ ਸਾਹਿਬ ਵਿਖੇ, ਇਕ ਸਿਰ ਫਿਰੇ ਸਾਬਕ ਫੌਜੀ ਦੇ ਅਚਾਨਕ ਹਮਲੇ ਦੌਰਾਨ, ਗੋਲ਼ੀਆਂ ਦਾ ਸ਼ਿਕਾਰ ਹੋ ਕੇ ਪਰਲੋਕ ਗਮਨ ਕਰ ਗਏ ਸ. ਸਤਵੰਤ ਸਿੰਘ, ਬੀਬੀ ਪਰਮਜੀਤ ਕੌਰ, ਸ. ਸੁਵੇਗ ਸਿੰਘ, ਸ. ਪ੍ਰਕਾਸ਼ ਸਿੰਘ, ਸ. ਰਣਜੀਤ ਸਿੰਘ, ਸ. ਸੀਤਾ ਸਿੰਘ ਬੇਗੁਨਾਹ ਛੇ ਸਿੱਖਾਂ ਦੀਆਂ ਆਤਮਾਵਾਂ ਦੀ ਸ਼ਾਂਤੀ ਵਾਸਤੇ, ਸਰਬੱਤ ਸੰਗਤ ਨੇ, ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕੀਤੀ।
ਗੁਰਬਾਣੀ ਦੇ ਕੀਰਤਨ ਉਪ੍ਰੰਤ ਇਸ ਸਮਾਗਮ ਵਿਚ ਗਿਆਨੀ ਸੰਤੋਖ ਸਿੰਘ ਜੀ ਨੇ ਇਸ ਮੰਦਭਾਗੀ ਘਟਨਾ ਉਪਰ ਸੰਖੇਪ ਚਾਨਣਾ ਪਾਉਂਦਿਆਂ ਹੋਇਆਂ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਸਤਵੰਤ ਸਿੰਘ ਜੀ ਵੱਲੋਂ, ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ, ਕਾਤਲ ਹਮਲਾਵਰ ਨੂੰ ਖਾਲੀ ਹੱਥੀਂ ਜੱਫਾ ਮਾਰ ਕੇ ਕਈ ਕੀਮਤੀ ਜਾਨਾਂ ਬਚਾਉਣ ਵਿਚ ਸਹਾਈ ਹੋਣ ਵਾਲ਼ੇ ਬਹਾਦਰਾਨਾ ਕਾਰਜ ਦੀ ਸਰਾਹਨਾ ਕੀਤੀ ਗਈ। ਇਸ ਦਲੇਰੀ ਭਰੇ ਕਾਰਨਾਮੇ ਦੌਰਾਨ ਭਾਵੇਂ ਸ. ਸਤਵੰਤ ਸਿੰਘ ਜੀ ਨੂੰ ਆਪਣੀ ਜਾਨ ਵੀ ਗਵਾਉਣੀ ਪਈ ਪਰ ਕਈ ਹੋਰ ਜਾਨਾਂ ਬਚਾਉਣ ਵਿਚ ਉਹ ਸਫ਼ਲ ਰਹੇ। ਇਸ ਤੋਂ ਇਲਾਵਾ ਸਮੇ ਸਿਰ ਪਹੁੰਚੇ ਪੋਲੀਸ ਅਫ਼ਸਰ ਦੀ ਸਮੇ ਸਿਰ ਕੀਤੀ ਗਈ ਦਲੇਰੀ ਭਰੀ ਕਾਰਵਾਈ ਦੀ ਵੀ ਪ੍ਰਸੰਸਾ ਕੀਤੀ ਗਈ।ਗਿਆਨੀ ਜੀ ਵੱਲੋਂ ਅਮ੍ਰੀਕਾ ਦੇ ਪ੍ਰਧਾਨ ਬਰਾਕ ਓਬਾਮਾ ਵੱਲੋਂ ਸਮੇ ਸਿਰ ਸਿੱਖ ਸੰਸਾਰ ਨਾਲ਼ ਪ੍ਰਗਟਾਈ ਗਈ ਗਈ ਹਮਦਰਦੀ ਅਤੇ ਸਰਕਾਰੀ ਤੌਰ ਤੇ ਪ੍ਰਗਟਾਏ ਗਏ ਸੋਗ ਵਾਸਤੇ ਵੀ ਧੰਨਵਾਦ ਕੀਤਾ ਗਿਆ