ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ 66ਵੇਂ ਆਜ਼ਾਦੀ ਦਿਵਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕੌਮੀ ਝੰਡਾ ਲਹਿਰਾਉਣ ਉਪਰੰਤ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਬਹੁ ਮੁੱਲੀ ਆਜ਼ਾਦੀ ਪ੍ਰਾਪਤ ਕਰਨ ਲਈ ਸਾਨੂੰ ਅਨੇਕਾਂ ਕੁਰਬਾਨੀਆਂ ਦੇਣੀਆਂ ਪਈਆਂ ਹਨ ਅਤੇ ਇਸ ਆਜ਼ਾਦੀ ਨੂੰ ਸਦੀਵੀ ਕਾਇਮ ਰੱਖਣ ਲਈ ਸਖਤ ਮਿਹਨਤ ਕਰਨ ਦੀ ਲੋੜ ਹੈ।
ਉਨ੍ਹਾਂ ਆਖਿਆ ਕਿ ਜਿਵੇਂ ਦੇਸ਼ ਦੀਆਂ ਬਾਹਰਲੀਆਂ ਸਰਹੱਦਾਂ ਦੀ ਰਾਖੀ ਜਵਾਨ ਕਰਦਾ ਹੈ ਉਵੇਂ ਵਿਦਿਆਰਥੀਆਂ ਦੇ ਸਿਰ ਭਾਰੀ ਜਿੰਮੇਂਵਾਰੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਆਖਿਆ ਕਿ ਆਜ਼ਾਦੀ ਦੇ 65 ਸਾਲ ਗੁਜ਼ਾਰ ਕੇ ਜੇ ਅੱਜ ਵੀ ਸਾਨੂੰ ਆਤਮ ਨਿਰਭਰਤਾ ਨਸੀਬ ਨਹੀਂ ਹੋਈ ਤਾਂ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਕਿਸਾਨਾਂ, ਸਾਇੰਸਦਾਨਾਂ, ਵਿਦਿਆਰਥੀਆਂ ਅਤੇ ਦੇਸ਼ ਦੇ ਹਰ ਨਾਗਰਿਕ ਨੂੰ ਕਮਰਕੱਸਾ ਕਰਨਾ ਪੈਣਾ ਹੈ। 60 ਦੇ ਦਹਾਕੇ ਤੋਂ ਬਾਅਦ ਭਾਰਤ ਦੇਸ਼, ਜੋ ਅਨਾਜ ਪੱਖੋਂ ਦੂਜੇ ਦੇਸ਼ਾਂ ਵੱਲ ਵੇਖਦਾ ਸੀ, ਅੱਜ ਬਾਹਰਲੇ ਮੁਲਕਾਂ ਨੂੰ ਅਨਾਜ ਨਿਰਯਾਤ ਕਰਨ ਲੱਗਾ ਹੈ। ਦੇਸ਼ ਦੀ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਇੰਸਦਾਨਾਂ ਵੱਲੋਂ ਵਿਕਸਤ ਤਕਨਾਲੋਜੀ ਕਿਸਾਨਾਂ ਤਕ ਪਹੁੰਚਾਉਣ ਦੇ ਹੋਰ ਸੰਭਵ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ਲਈ ਵਿਦਿਆਰਥੀਆਂ, ਜੋ ਕੌਮ ਦਾ ਸਰਮਾਇਆ ਹੁੰਦੇ ਹਨ, ਵਿੱਚ ਅਨੁਸਾਸ਼ਨ ਦੀ ਭਾਵਨਾ ਭਰੀ ਹੋਣੀ ਚਾਹੀਦੀ ਹੈ।
ਡਾ: ਢਿੱਲੋਂ ਨੇ ਆਖਿਆ ਕਿ ਸਮਾਜਿਕ ਤੌਰ ਤੇ ਜਿੰਮੇਂਵਾਰ ਵਿਗਿਆਨੀ, ਵਿਦਿਆਰਥੀ ਅਤੇ ਕਰਮਚਾਰੀ ਬਣਨਾ ਸਾਡੇ ਲਈ ਜ਼ਰੂਰੀ ਹੈ ਅਤੇ ਅੱਜ ਦੇ ਆਜ਼ਾਦੀ ਦਿਵਸ ਨੂੰ ਸਮਰਪਣ ਦਿਵਸ ਵਜੋਂ ਚੇਤੇ ਰੱਖਣ ਦੀ ਲੋੜ ਹੈ। ਡਾ: ਢਿੱਲੋਂ ਨੇ ਐਨ ਸੀ ਸੀ ਕੈਡਿਟਾਂ ਤੋਂ ਸਲਾਮੀ ਲਈ। ਇਸ ਮੌਕੇ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਦਵਿੰਦਰ ਸਿੰਘ ਚੀਮਾ ਨੇ ਮੁੱਖ ਮਹਿਮਾਨ ਡਾ: ਢਿੱਲੋਂ, ਯੂਨੀਵਰਸਿਟੀ ਦੇ ਸਮੂਹ ਡੀਨਜ਼, ਡਾਇਰੈਕਟਰ ਸਾਹਿਬਾਨ, ਅਧਿਆਪਕਾਂ, ਵਿਦਿਆਰਥੀਆਂ ਅਤੇ ਕਰਮਚਾਰੀਆਂ ਦਾ ਸੁਆਗਤ ਕੀਤਾ।