ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਰਾਜਾ ਪਰਵੇਜ਼ ਅਸ਼ਰਫ਼ ਨੇ ਅਧਿਕਾਰੀਆਂ ਨੂੰ ਆਮ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਰਾਜਾ ਨੇ ਦੇਸ਼ਵਾਸੀਆਂ ਨੂੰ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਦਾ ਭਰੋਸਾ ਵੀ ਦਿਵਾਇਆ। ਉਨ੍ਹਾਂ ਨੇ ਕੈਬਨਿਟ ਦੀ ਹਫ਼ਤਾਵਾਰੀ ਬੈਠਕ ਦੌਰਾਨ ਇਹ ਜਾਣਕਾਰੀ ਦਿੱਤੀ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸੁਪਰੀਮ ਕੋਰਟ ਦੇ ਸਰਕਾਰ ਤੇ ਵੱਧ ਰਹੇ ਦਬਾਅ ਕਾਰਣ ਵੀ ਸੱਤਾਧਾਰੀ ਪਾਰਟੀ ਚੋਣਾਂ ਕਰਵਾਉਣ ਦੇ ਪੱਖ ਵਿੱਚ ਹੈ। ਅਜੇ ਚੋਣਾਂ ਦੀ ਤਾਰੀਖ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਸੁਪਰੀਮ ਕੋਰਟ ਨੇ ਰਾਸ਼ਟਰਪਤੀ ਜਰਦਾਰੀ ਦੇ ਖਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਨਾਂ ਖੋਲਣ ਕਰਕੇ ਪਾਕਿਸਤਾਨੀ ਪ੍ਰਧਾਨਮੰਤਰੀ ਅਸ਼ਰੱਫ਼ ਨੂੰ 27 ਅਗੱਸਤ ਨੂੰ ਕੋਰਟ ਵਿੱਚ ਤਲਬ ਕੀਤਾ ਹੈ। ਇਸੇ ਮੁੱਦੇ ਤੇ ਚਲਦਿਆਂ ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨਮੰਤਰੀ ਯੂਸਫ ਰਜ਼ਾ ਗਿਲਾਨੀ ਨੂੰ ਅਯੋਗ ਕਰਾਰ ਦਿੱਤਾ ਸੀ। ਅਦਲਤ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਰਾਜਾ ਵੀ ਗਿਲਾਨੀ ਦੇ ਕਦਮਾਂ ਤੇ ਹੀ ਚੱਲ ਰਹੇ ਹਨ। ਅਜਿਹੇ ਹਾਲਾਤਾਂ ਦੇ ਚੱਲਦੇ ਨਵੇਂ ਬਣੇ ਪ੍ਰਧਾਨਮੰਤਰੀ ਦੀ ਕੁਰਸੀ ਵੀ ਖ਼ਤਰੇ ਵਿੱਚ ਵਿਖਾਈ ਦੇ ਰਹੀ ਹੈ। ਸਪੱਸ਼ਟ ਵਿਖਾਈ ਦੇ ਰਿਹਾ ਹੈ ਕਿ ਜੇ ਰਾਜਾ ਨੇ ਸਵਿਟਜਰਲੈਂਡ ਨੂੰ ਚਿੱਠੀ ਨਾਂ ਲਿਖੀ ਤਾਂ ਸੁਪਰੀਮ ਕੋਰਟ ਉਨ੍ਹਾਂ ਨੂੰ ਵੀ ਅਯੋਗ ਕਰਾਰ ਦੇ ਸਕਦਾ ਹੈ। ਇਸੇ ਕਰਕੇ ਪ੍ਰਧਾਨਮੰਤਰੀ ਨੇ ਚੋਣਾਂ ਦਾ ਐਲਾਨ ਕੀਤਾ ਹੈ।