ਫਤਹਿਗੜ੍ਹ ਸਾਹਿਬ – “ਅਸੀਂ ਬਹੁਤ ਪਹਿਲੇ ਤੋ ਆਪਣੇ ਮਨੁੱਖੀ ਤੇ ਇਨਸਾਨੀ ਫਰਜ਼ਾਂ ਨੂੰ ਪੂਰਨ ਕਰਦੇ ਹੋਏ ਪੰਜਾਬ ਦੀ ਹਕੂਮਤ ਅਤੇ ਦਿੱਲੀ ਦੀ ਹਕੂਮਤ ਨੂੰ ਖ਼ਬਰਦਾਰ ਕਰਦੇ ਆ ਰਹੇ ਹਾਂ ਕਿ ਨੈਂਸਨਲ ਫਰਟੀਲਾਈਜਰ ਨੰਗਲ ਦੀ ਫੈਕਟਰੀ ਵਿਚ ਜਾਂ ਸਤਲੁਜ,ਬਿਆਸ ਦਰਿਆਵਾਂ ਦੇ ਕਿਸੇ ਗੁਪਤ ਕੰਢੇ ਉਤੇ ਸੈਂਟਰ ਹਕੂਮਤ ਨੇ ਨਿਊਕਲਰ ਬੰਬ ਬਣਾਉਣ ਅਤੇ ਤੁਜ਼ਰਬੇ ਕਰਨ ਲਈ “ਐਨਰਿਚ ਪਲਾਂਟ” ਲਗਾਇਆ ਹੋਇਆ ਹੈ । ਜਿਸ ਦਾ ਤੇਜ਼ਾਬੀ ਅਤੇ ਮਨੁੱਖੀ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲਾ ਤਰਲ ਸਾਡੇ ਦਰਿਆਵਾਂ ਵਿਚ ਕਈ ਸਾਲਾਂ ਤੋ ਨਿਰੰਤਰ ਸੁੱਟਿਆ ਜਾ ਰਿਹਾ ਹੈ । ਦੂਸਰਾ ਜੋ ਪੰਜਾਬ ਦੇ ਵੱਡੇ ਸ਼ਹਿਰਾਂ ਵਿਚ ਫੈਕਟਰੀਆਂ, ਕਾਰਖਾਨੇ ਹਨ ਉਹਨਾਂ ਦਾ ਤੇਜ਼ਾਬੀ ਪਾਣੀ ਵੀ ਨਹਿਰਾਂ, ਦਰਿਆਵਾਂ ਵਿਚ ਸੁੱਟਣ ਕਾਰਨ ਇਥੋ ਦਾ ਪਾਣੀ ਨਾ ਤਾਂ ਫ਼ਸਲਾਂ ਨੂੰ ਸਿੰਜਣ ਦੇ ਕਾਬਿਲ ਰਿਹਾ ਹੈ ਅਤੇ ਨਾ ਹੀ ਮਨੁੱਖੀ ਸਰੀਰਾਂ ਦੇ ਪੀਣ ਦੇ ਕਾਬਿਲ ਰਿਹਾ ਹੈ । ਲੇਕਿਨ ਪੰਜਾਬ ਤੇ ਬਾਦਲ ਹਕੂਮਤ ਨੇ ਸਾਡੇ ਵੱਲੋਂ ਸੁਚੇਤਾਂ ਭਰਪੂਰ ਦਿੱਤੇ ਗਏ ਖਿਆਲਾਤਾਂ ਨੂੰ ਕਦੀ ਵਜਨ ਨਹੀ ਦਿੱਤਾ । ਜਿਸ ਦੀ ਬਦੌਲਤ ਅੱਜ ਪੰਜਾਬ ਦਾ ਸਮੁੱਚਾ ਪਾਣੀ ਯੂਰੇਨੀਅਮ ਕਾਰਨ ਕੈਂਸਰ ਦੇ ਰੂਪ ਵਿਚ ਤਬਾਹੀ ਮਚਾ ਰਿਹਾ ਹੈ । ਇਸ ਲਈ ਦੋਹਵੇ ਹਕੂਮਤਾਂ ਸਿੱਧੇ ਤੌਰ ਤੇ ਜਿੰਮੇਵਾਰ ਤੇ ਪੰਜਾਬ ਦੇ ਬਸਿੰਦਿਆਂ ਦੇ ਜੀਵਨ ਨਾਲ ਖਿਲਵਾੜ ਕਰਨ ਦੀਆਂ ਦੋਸੀ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਬਾ ਐਟਮੀ ਰਿਸਰਚ ਸੈਂਟਰ ਵੱਲੋਂ ਅੱਜ ਦੇ ਅਖ਼ਬਾਰਾਂ ਵਿਚ ਪੰਜਾਬ ਦੇ ਸਮੁੱਚੇ ਪਾਣੀਆਂ ਵਿਚ ਯੂਰੇਨੀਅਮ ਪਾਏ ਜਾਣ ਅਤੇ ਕੈਂਸਰ ਦੀ ਬੀਮਾਰੀ ਦਾ ਤੇਜੀ ਨਾਲ ਵੱਧਣ ਦੀ ਦਿੱਤੀ ਗਈ ਜਾਣਕਾਰੀ ਉਤੇ ਖਿ਼ਆਲਾਤ ਪ੍ਰਗਟਾਉਦੇ ਹੋਏ ਜ਼ਾਹਿਰ ਕੀਤੇ । ਉਹਨਾਂ ਕਿਹਾ ਕਿ ਇਸ ਸੰਬੰਧ ਵਿਚ ਅਸੀਂ ਸੈਂਟਰ ਹਕੂਮਤ, ਪੰਜਾਬ ਹਕੂਮਤ ਅਤੇ ਕੌਮਾਂਤਰੀ ਪੱਧਰ ਦੀ “ਇੰਟਰਨੈਸਨਲ ਐਟੋਮਿਕ ਐਨਰਜ਼ੀ ਐਸੋਸੀਏਸ਼ਨ” ਨੂੰ ਵੀ ਲਿਖ ਚੁੱਕੇ ਹਾਂ । ਪਰ ਹਿੰਦ ਅਤੇ ਪੰਜਾਬ ਦੀ ਹਕੂਮਤ ਵੱਲੋਂ ਇਸ ਦਿਸਾ ਵੱਲ ਕੋਈ ਵੀ ਸੰਜ਼ੀਦਗੀ ਨਾ ਦਿਖਾਉਣ ਦੇ ਅਮਲ ਅੱਜ ਸਾਰੇ ਪੰਜਾਬ ਲਈ ਇਕ ਵੱਡਾ ਦੁਖਾਂਤ ਬਣਕੇ ਸਾਹਮਣੇ ਆ ਰਹੇ ਹਨ । ਅਸੀਂ ਬਾਦਲ ਹਕੂਮਤ ਨੂੰ ਕਈ ਵਾਰ ਬਿਆਨਾਂ ਰਾਹੀ ਅਤੇ ਕਈ ਵਾਰ ਪੱਤਰ ਲਿਖਕੇ ਬੇਨਤੀ ਕਰ ਚੁੱਕੇ ਹਾਂ ਕਿ ਹਿੰਦ ਹਕੂਮਤ ਵੱਲੋਂ ਪੰਜਾਬ ਦੇ ਕਿਸੇ ਗੁਪਤ ਕੋਨੇ ਜਾਂ ਉਪਰੋਕਤ ਖਾਂਦ ਨੰਗਲ ਫੈਕਟਰੀ ਵਿਚ ਹਿੰਦੂਤਵ ਹੁਕਮਰਾਨਾਂ ਨੇ ਪ੍ਰਮਾਣੂ ਤੁਜ਼ਰਬੇ ਕਰਨ ਲਈ ਅਤੇ ਹਥਿਆਰ ਬਣਾਉਣ ਲਈ ਐਨਰਿਚ ਪਲਾਂਟ ਲਗਾਏ ਹੋਏ ਹਨ । ਜਿਨ੍ਹਾਂ ਨੂੰ ਖੋਜ ਕਰਕੇ ਸਾਨੂੰ ਇਥੋ ਖ਼ਤਮ ਕਰਨ ਲਈ ਉੱਦਮ ਕਰਨ ਦੀ ਜਿੰਮੇਵਾਰੀ ਬਣਦੀ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਹਿੰਦੂਤਵ ਤਾਕਤਾਂ, ਆਰ.ਐਸ.ਐਸ, ਬੀਜੇਪੀ, ਸਿ਼ਵ ਸੈਨਾਂ, ਆਪਣੇ ਭਾਈਵਾਲਾਂ ਦੇ ਡਰ ਅਤੇ ਆਪਣੀ ਸਿਆਸੀ ਰਾਜਸੀ ਸ਼ਕਤੀ ਖੁਸ ਜਾਣ ਦੇ ਡਰੋ ਨਾ ਸ. ਪ੍ਰਕਾਸ ਸਿੰਘ ਬਾਦਲ ਨੇ, ਨਾ ਕੈਪਟਨ ਅਮਰਿੰਦਰ ਸਿੰਘ ਨੇ, ਨਾ ਬੀਬੀ ਰਜਿੰਦਰ ਕੌਰ ਭੱਠਲ ਨੇ, ਨਾ ਸੁਰਜੀਤ ਸਿੰਘ ਬਰਨਾਲਾ ਆਦਿ ਕਿਸੇ ਵੀ ਮੁੱਖ ਮੰਤਰੀ ਜਾਂ ਪੰਜਾਬ ਹਕੂਮਤ ਨੇ ਆਪਣੀ ਇਨਸਾਨੀ ਅਤੇ ਇਖ਼ਲਾਕੀ ਜਿੰਮੇਵਾਰੀ ਨੂੰ ਪੂਰਨ ਨਾ ਕੀਤਾ ਅਤੇ ਨਾ ਹੀ ਵੱਡੇ ਸ਼ਹਿਰਾਂ ਦੇ ਵੱਡੀਆਂ ਫੈਕਟਰੀਆਂ ਦੇ ਮਾਲਿਕਾਂ ਨੂੰ ਖ਼ਤਰਨਾਕ ਗੰਧਲਾਂ ਪਾਣੀ ਪੰਜਾਬ ਦੀਆਂ ਨਹਿਰਾਂ ਅਤੇ ਦਰਿਆਵਾਂ ਵਿਚ ਸੁੱਟਣ ਤੋ ਬੀਜੇਪੀ ਤੇ ਆਰ.ਐਸ.ਐਸ. ਦੇ ਰੁੱਸ ਜਾਣ ਦੇ ਡਰ ਤੋ ਕਦੀ ਨਹੀ ਰੋਕਿਆ । ਜੋ ਹੁਕਮਰਾਨ ਆਪਣੇ ਸਿਆਸੀ, ਪਰਿਵਾਰਿਕ ਅਤੇ ਮਾਲੀ ਸਵਾਰਥਾਂ ਨੂੰ ਮੁੱਖ ਰੱਖਕੇ ਅਜਿਹੇ ਹੋਣ ਵਾਲੇ ਮਨੁੱਖਤਾ ਦੇ ਨੁਕਸਾਨ ਨੂੰ ਰੋਕਣ ਲਈ ਆਪਣੀਆਂ ਜਿੰਮੇਵਾਰੀਆਂ ਨੂੰ ਪੂਰਨ ਕਰਨ ਦੀ ਸਮਰੱਥਾਂ ਨਾ ਰੱਖਦਾ ਹੋਵੇ, ਅਜਿਹੇ ਹੁਕਮਰਾਨ ਨੂੰ ਕੋਈ ਇਖ਼ਲਾਕੀ ਹੱਕ ਨਹੀ ਰਹਿ ਜਾਂਦਾ ਕਿ ਉਹ ਲੋਕਾਂ ਤੇ ਜ਼ਬਰੀ ਰਾਜ ਕਰੇ ਅਤੇ ਪੰਜਾਬ ਦੇ ਬਸਿੰਦਿਆਂ ਨੂੰ ਮੌਤ ਦੇ ਮੂੰਹ ਵਿਚ ਧਕੇਲੇ ।
ਸ. ਮਾਨ ਨੇ ਇੰਟਰਨੈਸ਼ਨਲ ਐਟੋਮਿਕ ਐਨਰਜ਼ੀ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਮੈਂਬਰਾਂ ਨੂੰ ਮਨੁੱਖਤਾਂ ਦੇ ਬਿਨ੍ਹਾਂ ਤੇ ਅਖ਼ਬਾਰਾਂ ਤੇ ਮੀਡੀਏ ਰਾਹੀ ਪੁਰਜੋਰ ਅਪੀਲ ਕੀਤੀ ਕਿ ਉਹ ਸਭ ਤੋ ਪਹਿਲੇ ਪੰਜਾਬ ਵਿਚ ਕਿਸੇ ਗੁਪਤ ਸਥਾਨ ਤੇ ਹਿੰਦ ਹਕੂਮਤ ਵੱਲੋਂ ਲਗਾਏ ਗਏ ਪ੍ਰਮਾਣੂ ਐਨਰਿੰਚ ਪਲਾਂਟ ਦੀ ਭਾਲ ਕਰਕੇ, ਉਸ ਨੂੰ ਖ਼ਤਮ ਕਰਨ ਦੀ ਜਿੰਮੇਵਾਰੀ ਨਿਭਾਉਣ, ਦੂਸਰਾ ਪੰਜਾਬ ਦੇ ਪਾਣੀਆਂ ਵਿਚ ਜੋ ਹੁਣ ਤੱਕ ਯੂਰੇਨੀਅਮ, ਨਾਈਟ੍ਰੇਟ, ਨਾਈਟ੍ਰੋਜ਼ਨ ਆਦਿ ਖ਼ਤਰਨਾਕ ਧਾਤਾਂ ਦੀ ਮਾਤਰਾ ਵੱਧ ਚੁੱਕੀ ਹੈ, ਉਸ ਨੂੰ ਖ਼ਤਮ ਕਰਨ ਲਈ ਕੌਮਾਂਤਰੀ ਪੱਧਰ ਤੇ ਫੋਰੀ ਉਪਾਅ ਕਰਨ ਤੇ ਪੰਜਾਬੀਆਂ ਅਤੇ ਸਿੱਖ ਕੌਮ ਦੀਆਂ ਜਿੰਦਗਾਨੀਆਂ ਸੁਰੱਖਿਅਤ ਕਰਨ ।