ਨਵੀਂ ਦਿੱਲੀ- ਸ: ਭਜਨ ਸਿੰਘ ਵਾਲੀਆ ਸੀਨੀਅਰ ਮੀਤ-ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੱਕਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਜਾਰੀ ਆਪਣੇ ਬਿਆਨ ਵਿਚ ਕਿਹਾ ਹੈ ਕਿ ਉਨ੍ਹਾਂ ਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਬਾਦਲਕਿਆਂ ਦਾ ਗੁੱਸਾ ਤੇ ਰੋਸਾ ਸਰਨਾ-ਭਰਾਵਾਂ ਨਾਲ ਹੈ, ਕਿਉਂਕਿ ਬੀਤੇ ਦਸਾਂ ਵਰ੍ਹਿਆਂ ਤੋਂ ਵੀ ਵੱਧ ਸਮੇਂ ਤੋਂ ਦਿੱਲੀ ਦੇ ਸਿੱਖ-ਮਤਦਾਤਾਵਾਂ ਨੇ ਸਰਨਾ-ਭਰਾਵਾਂ ਪ੍ਰਤੀ ਵਿਸ਼ਵਾਸ ਪ੍ਰਗਟ ਕਰਦਿਆਂ, ਬਾਦਲਕਿਆਂ ਨੂੰ ਨਕਾਰ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਤੋਂ ਬਾਹਰ ਕੀਤਾ ਹੋਇਆ ਹੈ, ਜੋ ਉਨ੍ਹਾਂ ਦੀ ਤੜਪੜ੍ਹਾਤ ਦਾ ਮੁਖ ਕਾਰਣ ਹੈ, ਪ੍ਰੰਤੂ ਉਹ ਆਪਣਾ ਸਰਨਾ-ਭਰਾਵਾਂ ਵਿਰੋਧੀ ਗੁੱਸਾ ਪੰਥਕ ਸੰਸਥਾਵਾਂ ਵਿਰੁਧ ਕਢ ਸਿੱਖ ਨੌਜਵਾਨਾਂ ਤੇ ਕੌਮ ਦਾ ਭਵਿਖ ਵਿਗਾੜਨ ਤੇ ਤੁਲ ਬੈਠੇ ਹਨ।
ਸ: ਵਾਲਿਆ ਨੇ ਦਸਿਆ ਕਿ ਬਾਦਲਕਿਆਂ ਨੇ ਪਹਿਲਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ-ਅਧੀਨ ਚਲ ਰਹੇ ਸਕੂਲਾਂ, ਕਾਲਜਾਂ ਦਾ ਅਕਸ ਵਿਗਾੜ ਉਨ੍ਹਾਂ ਨੂੰ ਬੰਦ ਕਰਵਾਉਣ ਦੀ ਸਾਜ਼ਸ਼ ਕੀਤੀ, ਪ੍ਰੰਤੂ ਇਨ੍ਹਾਂ ਸੰਸਥਾਵਾਂ ਦੇ ਸ਼ਾਨਦਾਰ ਨਤੀਜਿਆਂ ਨੇ ਸਿੱਖਾਂ ਵਿਚ ਹੀ ਨਹੀਂ ਸਗੋਂ ਹੋਰਾਂ ਵਿਚ ਵੀ ਆਪਣਾ ਵਿਸ਼ਵਾਸ ਮਜ਼ਬੂਤ ਕਰ ਇਨ੍ਹਾਂ ਦੀ ਸਾਜ਼ਸ਼ ਨੂੰ ਸਫਲ ਨਹੀਂ ਹੋਣ ਦਿਤਾ। ਇਸ ਸਾਜ਼ਸ਼ ਦੇ ਅਸਫਲ ਹੋਣ ਤੋਂ ਇਹ ਇਤਨੇ ਬੌਖਲਾਏ ਕਿ ਇਨ੍ਹਾਂ ਗੁਰਦੁਆਰਾ ਕਮੇਟੀ ਦੀਆਂ ਤਕਨੀਕੀ ਸੰਸਥਾਵਾਂ ਬੰਦ ਕਰਵਾ ਉਥੇ ਸਿਖਿਆ ਲੈ ਰਹੇ ਬਚਿਆਂ ਦਾ ਭਵਿਖ ਵਿਗਾੜਨ ਤੇ ਉਨ੍ਹਾਂ ਦੇ ਮਾਪਿਆਂ ਲਈ ਪ੍ਰੇਸ਼ਾਨੀ ਪੈਦਾ ਕਰਨ ਦੀ ਸਾਜ਼ਸ਼ ਸ਼ੁਰੂ ਕਰ ਦਿਤੀ ।
ਸ: ਵਾਲੀਆ ਨੇ ਹੋਰ ਦਸਿਆ ਕਿ ਇਨ੍ਹਾਂ ਕੁਝ ਸਮਾਂ ਪਹਿਲਾਂ ਗੁਰਦੁਆਰਾ ਕਮੇਟੀ ਅਧੀਨ ਚਲ ਰਹੇ ਇੰਜੀਨੀਅਰਿੰਗ ਕਾਲਜਨੂੰ ਬੰਦ ਕਰਵਾਉਣ ਲਈ ਅਦਾਲਤ ਵਿਚ ਮੁਕਦਮੇ ਕਰਵਾਏ, ਪ੍ਰੰਤੂ ਸਤਿਗੁਰਾਂ ਦੀ ਕਿਰਪਾ ਨਾਲ ਉਨ੍ਹਾਂ ਦੀ ਇਹ ਸਾਜ਼ਸ਼ ਸਫਲ ਨਾ ਹੋ ਸਕੀ ਤੇ ਇਥੇ ਪੜ੍ਹ ਰਹੇ ਹਜ਼ਾਰਾਂ ਬਚਿਆਂ ਦਾ ਭਵਿਖ ਬੱਚ ਗਿਆ। ਹੁਣ ਇਨ੍ਹਾਂ ਨੇ ਪਾਲੀਟੈਕਨੀਕਲ ਕਾਲਜ ਨੂੰ ਬੰਦ ਕਰਵਾ ਉਥੇ ਪੜ੍ਹ ਰਹੇ ਬਚਿਆਂ ਦਾ ਭਵਿਖ ਵਿਗਾੜਨ ਤੇ ਲਕ ਬੰਨ੍ਹ ਲਿਆ ਤੇ ਇਸ ਉਦੇਸ਼ ਲਈ ਮੁਕਦਮਾ ਕਰਵਾ ਦਿਤਾ । ਸ: ਵਾਲਿਆ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਸਤਿਗੁਰਾਂ ਦੀ ਕਿਰਪਾ ਨਾਲ ਬਾਦਲਕਿਆਂ ਦੀ ਇਹ ਸਾਜ਼ਸ਼ ਵੀ ਸਫਲ ਨਹੀਂ ਹੋਵੇਗੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੁਖੀ ਇੰਜੀਨੀਅਰਿੰਗ ਕਾਲਜ ਵਾਂਗ ਇਸ ਕਾਲਜ ਦੀ ਵੀ ਹੋਂਦ ਕਾਇਮ ਰਖਣ ਅਤੇ ਵਿਦਿਆਰਥੀਆਂ ਦਾ ਭਵਿਖ ਵਿਗੜਨ ਤੋਂ ਬਚਾਣ ਵਿਚ ਸਫਲ ਹੋਣਗੇਂ।
ਸ. ਵਾਲਿਆ ਨੇ ਕਿਹਾ ਕਿ ਹੈਰਾਨੀ ਇਸ ਗਲ ਦੀ ਵੀ ਹੈ ਕਿ ਇਕ ਪਾਸੇ ਬਾਦਲਕੇ ਆਪ ਗੁਰਦੁਆਰਾ ਕਮੇਟੀ ਦੀਆਂ ਵਿਦਿਅਕ ਅਤੇ ਤਕਨੀਕੀ ਸੰਸਥਾਵਾਂ ਬੰਦ ਕਰਵਾ ਵਿਦਿਆਰਥੀਆਂ ਦਾ ਭਵਿਖ ਵਿਗਾੜਨ ਲਈ ਸਾਰੀ ਤਾਕਤ ਝੌਂਕੀ ਬੈਠੇ ਹਨ ਅਤੇ ਦੂਜੇ ਪਾਸੇ ਇਸਦਾ ਦੋਸ਼ ਗੁਰਦੁਆਰਾ ਕਮੇਟੀ ਦੇ ਮੁਖੀਆਂ ਪੁਰ ਲਾ ਰਹੇ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਸੰਸਥਾਵਾਂ ਨੂੰ ਬੰਦ ਕਰਵਾਉਣ ਲਈ ਉਹ ਤੇ ਉਨ੍ਹਾਂ ਦੇ ਸਾਥੀ ਅਦਾਲਤਾਂ ਵਿਚ ਜਾ ਰਹੇ ਹਨ ਅਤੇ ਗੁਰਦੁਆਰਾ ਕਮੇਟੀ ਇਨ੍ਹਾਂ ਨੂੰ ਬਚਾੳੇਣ ਲਈ ਸੰਘਰਸ਼ ਕਰ ਰਹੀ ਹੈ । ਇਸ ਹਾਲਤ ਵਿਚ ਦੋਸ਼ੀ ਕੌਣ ਹੈ? ਇਹ ਫੈਸਲਾ ਸਿੱਖ ਜਗਤ ਕਰੇ।
ਸ: ਵਾਲੀਆ ਨੇ ਕਿਹਾ ਕਿ ਬਾਦਲਕਿਆਂ ਨੂੰ ਚਾਹੀਦਾ ਹੈ ਕਿ ਉਹ ਦਿੱਲੀ ਦੇ ਮਤਦਾਤਾਵਾਂ ਵਲੋਂ ਠੁਕਰਾਏ ਚਲੇ ਆਉਣ ਦੇ ਕਾਰਣ ਪੈਦਾ ਹੋਏ ਆਪਣੇ ਰੋਸੇ ਅਤੇ ਗੁੱਸੇ ਦਾ ਸ਼ਿਕਾਰ ਪੰਥਕ ਸੰਸਥਾਵਾਂ ਨੂੰ ਬਣਾ ਕੇ ਸਿੱਖ ਬਚਿਆਂ ਦਾ ਭਵਿਖ ਵਿਗਾੜਨ ਤੋਂ ਸੰਕੋਚ ਕਰਨ, ਕਿਉਂਕਿ ਇਸਤਰ੍ਹਾਂ ਦੀਆਂ ਹਰਕਤਾਂ ਕਰ ਉਹ ਦਿੱਲੀ ਦੇ ਸਿੱਖਾਂ ਦਾ ਵਿਸ਼ਵਾਸ ਨਹੀਂ ਜਿਤ ਸਕਣਗੇ। ਜੇ ਉਨ੍ਹਾਂ ਅਜਿਹੀਆਂ ਹਰਕਤਾਂ ਜਾਰੀ ਰਖੀਆਂ ਤਾਂ ਨੇੜ ਭਵਿਖ ਵਿਚ ਹੋਣ ਵਾਲੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿਚ ਦਿੱਲੀ ਦੇ ਸਿੱਖ ਮਤਦਾਤਾ ਜ਼ਰੂਰ ਉਨ੍ਹਾਂ ਤੋਂ ਇਹ ਪੁਛਣਗੇ ਕਿ ਕੀ ਗੁਰੂਘਰ ਦੇ ਕੰਮਾਂ ਵਿਚ ਰੁਕਾਵਟਾਂ ਪਾਣਾ, ਪੰਥ ਦੀਆਂ ਵਿਦਿਅਕ ਸੰਸਥਾਵਾਂ ਬੰਦ ਕਰਵਾ, ਸਿੱਖ ਬਚਿਆਂ ਦਾ ਭਵਿਖ ਵਿਗਾੜਨਾ ਅਤੇ ਸਿੱਖਾਂ ਦੇ ਹਿਤਾਂ ਅਧਿਕਾਰਾਂ ਦੀ ਰਾਖੀ ਲਈ ਕੀਤੇ ਜਾਂਦੇ ਸੰਘਰਸ਼ ਨੂੰ ਤਾਰਪੀਡੋ ਕਰਨਾ ਹੀ ਉਨ੍ਹਾਂ ਦੀ ਪੰਥਕ ਸੇਵਾ ਦਾ ਉਦੇਸ਼ ਹੈ?