ਬਰਨਾਲਾ – ਤਰਕਸ਼ੀਲ ਸੁਸਾਇਟੀ ਭਾਰਤ ਦੇ ਆਗੂ ਮੇਘ ਰਾਜ ਮਿੱਤਰ ਨੇ ਕਿ ਕਿਹਾ ਕਿ ਅੱਜ ਵਿਗਿਆਨ ਦਾ ਯੁੱਗ ਹੈ ਮਨੁੱਖ ਦੇ ਭੇਜੇ ਹੋਏ ਰਾਕਟ ਮੰਗਲ ’ਤੇ ਘੋਖ ਪੜ੍ਹਤਾਲ ਕਰ ਰਹੇ ਹਨ, ਦੁਨੀਆਂ ਭਰ ਦੇ ਵਿਗਿਆਨਕਾਂ ਨੇ ਹਿੰਗਸ ਪਾਰਟੀਕਲ ਦੀ ਖੋਜ ਦਾ ਕੰਮ ਨੇੜੇ ਲਾ ਲਿਆ ਹੈ। ਪਰ ਫਿਰ ਵੀ ਸਾਡੇ ਭਾਰਤ ਦੇ ਲੋਕੀਂ ਅਜੇ ਵੀ ਭੂਤਾਂ-ਪ੍ਰੇਤਾਂ ਦੀ ਹੋਂਦ ਵਿੱਚ ਯਕੀਨ ਰੱਖਦੇ ਹਨ। ਇਹ ਸਾਰਾ ਕੁਝ ਸਾਡੇ ਦੇਸ਼ ਦੀ ਗਰੀਬੀ, ਅਣਪੜ੍ਹਤਾ ਅਤੇ ਅੰਧਵਿਸ਼ਵਾਸੀ ਸੋਚ ਕਾਰਨ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਭੂਤਾਂ-ਪ੍ਰੇਤਾਂ ਦੀ ਹੋਂਦ ਹੋ ਹੀ ਨਹੀਂ ਸਕਦੀ ਕਿਉਂਕਿ ਇਹ ਇੱਕ ਵਿਗਿਆਨਕ ਸੱਚਾਈ ਹੈ ਕਿ ਕੋਈ ਵੀ ਵਿਚਾਰ, ਚੇਤਨਤਾ, ਖਿਆਲ, ਸੁਪਨਾ ਜਾਂ ਗਿਆਨ ਕਿਸੇ ਪਦਾਰਥਕ ਵਸਤੂ ਵਿੱਚ ਹੀ ਹੋ ਸਕਦਾ ਹੈ। ਇਸ ਲਈ ਕਿਸੇ ਵਿਅਕਤੀ ਦੀ ਕੁੱਟਮਾਰ ਕਰਨ ਨਾਲ ਕੋਈ ਵਿਚਾਰ ਕੱਢ ਦੇਣਾ ਜਾਂ ਪਾ ਦੇਣਾ ਅਸੰਭਵ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਦੀ ਸਰਪੰਚ ਵੱਲੋਂ ਚੌਕੀ ਲਾ ਕੇ ਪਿੰਡ ਮੁਨਾਵਾਂ ਦੀ 10 ਸਾਲਾ ਲੜਕੀ ਵੀਰਪਾਲ ਕੌਰ ਨੂੰ ਜਾਨੋ ਮੁਕਾ ਦੇਣ ਦੀ ਘਟਨਾ ਨੂੰ ਉਨ੍ਹਾਂ ਬਹੁਤ ਹੀ ਅਫ਼ਸੋਸਨਾਕ ਘਟਨਾ ਮੰਨਿਆ ਹੈ।
ਉਨ੍ਹਾਂ ਕਿ ਤਰਕਸ਼ੀਲ ਸੁਸਾਇਟੀ ਭਾਰਤ ਇਸ ਘਟਨਾ ਦੀ ਪੁਰਜ਼ੋਰ ਨਿਖੇਧੀ ਕਰਦੀ ਹੈ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇੰਡੀਅਨ ਡਰਗਜ਼ ਐਂਡ ਰੈਮੀਡੀਜ਼ ਐਕਟ 1954 ਦੀਆਂ ਕਈ ਧਾਰਾਵਾਂ ਅਜਿਹੀਆਂ ਹਨ ਜਿਹੜੀਆਂ ਚੌਕੀ ਲਾ ਕੇ ਮਾਨਸਿਕ ਰੋਗੀਆਂ ਦਾ ਇਲਾਜ ਕਰਨਾ ਅਤੇ ਲੋਕਾਂ ਦੀਆਂ ਪੁੱਛਾਂ ਕੱਢਣ ਦੀ ਮਨਾਹੀ ਕਰਦੀਆਂ ਹਨ। ਸ਼੍ਰੋਮਣੀ ਪੰਜਾਬੀ ਲੇਖਕ ਮੇਘ ਰਾਜ ਮਿੱਤਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਭਰ ਵਿੱਚ ਚੌਕੀ ਲਾਉਣ ਵਾਲਿਆਂ ਖਿਲਾਫ਼ ਰੈਮੀਡੀਜ਼ ਐਕਟ ਅਧੀਨ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਭੂਤਾਂ-ਪ੍ਰੇਤਾਂ ਦੀ ਹੋਂਦ ਨੂੰ ਸਿੱਧ ਕਰਨ ਵਾਲਿਆਂ ਲਈ ਤਰਕਸ਼ੀਲ ਸੁਸਾਇਟੀ ਵੱਲੋਂ ਇੱਕ ਕਰੋੜ ਰੁਪਏ ਦੇ ਇਨਾਮ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।