ਫਤਹਿਗੜ੍ਹ ਸਾਹਿਬ -“ਜਿਸ ਲੜਕੀ ਦੇ ਪੇਕੇ ਇਖ਼ਲਾਕੀ, ਸਮਾਜਿਕ, ਮਾਲੀ ਅਤੇ ਸੱਭਿਆਚਾਰਕ ਤੌਰ ਤੇ ਮਜ਼ਬੂਤ ਹੁੰਦੇ ਹਨ, ਉਹ ਲੜਕੀ ਹੀ ਸਹੁਰੇ ਘਰ ਵਿਚ ਸਥਾਈ ਤੌਰ ਤੇ ਇੱਜ਼ਤ-ਮਾਣ ਨਾਲ ਵੱਸਦੀ ਹੈ, ਵਰਨਾ ਉਸ ਨੂੰ ਆਪਣੀ ਅੱਣਖ਼, ਸਵੈਮਾਨ ਨੂੰ ਖ਼ਤਮ ਕਰਕੇ ਗੁਲਾਮਾਂ ਦੀ ਤਰ੍ਹਾਂ ਜਿੰਦਗੀ ਬਸ਼ਰ ਕਰਨ ਲਈ ਮਜ਼ਬੂਰ ਹੋਣਾ ਪੈਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਵਿਖੇ ਇਕ ਮਹੀਨੇ ਵਿਚ ਚਾਰ ਵਾਰੀ ਸਿੱਖਾਂ ਉਤੇ ਗੋਲੀ ਚੱਲਣ ਅਤੇ ਦਹਿਸ਼ਤ ਦੇ ਮਾਹੌਲ ਵਿਚ ਉੱਥੋ ਦੇ ਸਿੱਖਾਂ ਵੱਲੋਂ ਜਿੰਦਗੀ ਬਸ਼ਰ ਕਰਨ ਦੇ ਹੋ ਰਹੇ ਦੁੱਖਦਾਂਇਕ ਵਰਤਾਰੇ ਦੇ ਉਤੇ ਆਪਣਾ ਪ੍ਰਤੀਕਰਮ ਜ਼ਾਹਿਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਅਸੀਂ ਅਮਰੀਕਾ ਦੀ ਓਬਾਮਾ ਹਕੂਮਤ ਅਤੇ ਮਿਸਜ਼ ਓਬਾਮਾ ਵੱਲੋਂ ਸਿੱਖਾਂ ਨਾਲ ਕੀਤੀ ਜਾ ਰਹੀ ਡੂੰਘੀ ਹਮਦਰਦੀ ਅਤੇ ਉਹਨਾਂ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਪ੍ਰਬੰਧਾਂ ਲਈ ਬੇਸੱ਼ਕ ਅਤਿ ਧੰਨਵਾਦੀ ਹਾਂ, ਪਰ ਇਸ ਦੇ ਬਾਵਜੂਦ ਵੀ ਅਮਰੀਕਾ, ਫਿਲਪਾਈਨਜ਼, ਕੈਨੇਡਾ ਅਤੇ ਕਈ ਹੋਰ ਮੁਲਕਾਂ ਵਿਚ ਸਿੱਖਾਂ ਉਤੇ ਜਾਨਲੇਵਾ ਹਮਲੇ ਇਸ ਲਈ ਹੋ ਰਹੇ ਹਨ ਕਿ ਇਕ ਤਾਂ ਉਹਨਾਂ ਦਾ ਆਪਣਾ ਕੋਈ ਮੁਲਕ (ਘਰ) ਨਹੀ ਹੈ, ਦੂਸਰਾ ਬਾਹਰਲੇ ਸਿੱਖਾਂ ਦੀ ਬਹੁਗਿਣਤੀ ਧਨ-ਦੌਲਤਾਂ ਦੇ ਭੰਡਾਰ ਇਕੱਤਰ ਕਰਨ, ਕਾਰੋਬਾਰਾਂ ਨੂੰ ਵਧਾਕੇ ਕਾਰਾ,ਬੰਗਲਿਆਂ ਆਦਿ ਦੁਨਿਆਵੀਂ ਵਸਤਾਂ ਨੂੰ ਇਕੱਤਰ ਕਰਨ ਹਿੱਤ ਇਖ਼ਲਾਕੀ ਤੇ ਧਰਮੀ ਸੋਚ ਨੂੰ ਅਲਵਿਦਾ ਕਹਿ ਕੇ ਬਾਦਲ ਦਲੀਆਂ ਦੀ ਉਪਰੋਕਤ ਮਾਰੂ ਸੋਚ ਵਿਚ ਗ੍ਰਸਤ ਹੋ ਚੁੱਕੇ ਹਨ । ਉਹਨਾਂ ਕਿਹਾ ਜਿਸ ਕੌਮ ਦਾ ਆਪਣਾ ਕੋਈ ਘਰ ਨਾ ਹੋਵੇ ਅਤੇ ਕੌਮਾਂਤਰੀ ਪੱਧਰ ਉਤੇ ਉਸ ਦੀ ਵਿਲੱਖਣ ਪਹਿਚਾਣ ਸਥਾਪਿਤ ਨਾ ਹੋਵੇ, ਉਸ ਦੇ ਪੇਕੇ ਘਰ ਦੇ ਬਸਿੰਦਿਆਂ ਕੋਲ ਇਖ਼ਲਾਕੀ ਤੇ ਮਾਲੀ ਤਾਕਤ ਨਾ ਹੋਵੇ, ਉਸ ਦਾ ਹਸ਼ਰ “ਟੱਪਰੀਵਾਸਾਂ” ਵਰਗਾ ਹੀ ਹੁੰਦਾ ਹੈ ਤੇ ਉਸ ਨੂੰ ਕੋਈ ਵੀ ਮੁਲਕ, ਕੌਮ ਜਾਂ ਪ੍ਰਬੰਧ ਕਦੀ ਨਹੀ ਸੰਘੀਲਦਾ ।
ਇਥੇ ਇਹ ਯਾਦ ਦਿਵਾਉਣਾ ਜ਼ਰੂਰੀ ਹੈ ਕਿ ਅਮਰੀਕਾ ਦੀ ਅਫਗਾਨੀਆਂ, ਇਰਾਨੀਆਂ, ਤਾਲਿਬਾਨਾਂ ਨਾਲ ਦੁਸ਼ਮਣੀ ਹੈ । ਇਹ ਵੀ ਇਕ ਇਤਫ਼ਾਕ ਹੀ ਹੈ ਕਿ ਅਫਗਾਨੀ, ਇਰਾਨੀ, ਤਾਲਿਬਾਨ ਵੀ ਸਿੱਖਾਂ ਦੀ ਤਰ੍ਹਾਂ ਆਪਣੇ ਸਿਰਾਂ ਤੇ ਦਸਤਾਰ ਸਜਾਉਦੇ ਹਨ । ਪਰ ਫਰਕ ਕੇਵਲ ਇਹ ਹੈ ਕਿ ਅਫ਼ਗਾਨੀਆਂ, ਇਰਾਨੀਆਂ ਅਤੇ ਤਾਲਿਬਾਨਾਂ ਉਤੇ ਅਮਰੀਕਾ ਵਿਚ ਇਸ ਕਰਕੇ ਹਮਲੇ ਨਹੀ ਹੁੰਦੇ ਕਿਉਂਕਿ ਉਹਨਾਂ ਦੇ ਆਪੋ-ਆਪਣੇ ਆਜ਼ਾਦ ਮੁਲਕ ਅਤੇ ਸੰਪੂਰਨ ਪ੍ਰਭੂਸਤਾ ਵਾਲੀਆਂ ਹਕੂਮਤਾਂ ਹਨ । ਅਜਿਹੇ ਨਸਲੀ ਹਮਲੇ ਹੋਣ ਤੇ ਉਹਨਾਂ ਦੀਆਂ ਹਕੂਮਤਾਂ ਵੱਲੋਂ ਜੁਆਬੀ ਕਾਰਵਾਈ ਹੋਣ ਅਤੇ ਰੋਸ ਹੋਣ ਦੀ ਸੰਭਾਵਨਾਂ ਵਧੇਰੇ ਹੁੰਦੀ ਹੈ । ਜਦੋ ਕਿ ਅੱਜ ਤੱਕ ਸਿੱਖ ਕੌਮ ਦਾ ਕੋਈ ਪੇਕਾ ਘਰ ਹੀ ਨਹੀ ਬਣ ਸਕਿਆ, ਜੋ ਕਿ ਅਜੋਕੇ ਹਾਲਾਤਾਂ ਵਿਚ ਅਤਿ ਜ਼ਰੂਰੀ ਹੈ । ਉਹਨਾਂ ਕਿਹਾ ਕਿ ਅਮਰੀਕਾ ਦੀ ਹਕੂਮਤ ਵੱਲੋਂ ਤਾਂ ਸਿੱਖਾਂ ਦੀ ਹਿਫ਼ਾਜਤ ਲਈ ਉਚੇਚਾ ਪ੍ਰਬੰਧ ਹੋ ਰਿਹਾ ਹੈ, ਲੇਕਿਨ ਹਿੰਦੂਤਵ ਹਕੂਮਤ ਜਿਥੋ ਦੇ ਸਿੱਖ ਨਾਗਰਿਕ ਹਨ, ਉਹ ਹਕੂਮਤ ਸਿੱਖ ਕੌਮ ਦੀ ਵੱਖਰੀ ਪਹਿਚਾਨ ਨੂੰ ਕਾਇਮ ਕਰਨ ਅਤੇ ਸਿੱਖਾਂ ਬਾਰੇ ਸਮੁੱਚੀਆਂ ਕੌਮਾਂ ਨੂੰ ਜਾਣਕਾਰੀ ਦੇਣ ਦੇ ਫਰਜ ਹੀ ਅਦਾ ਨਹੀ ਕਰਦੀ ਅਤੇ ਨਾ ਹੀ ਵਿਜ਼ਾਰਤ ਪੱਧਰ ਤੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਵਿਚ ਕੋਈ ਦਿਲਚਸਪੀ ਰੱਖਦੀ ਹੈ । ਬਲਕਿ ਫਰਾਂਸ ਵਰਗੇ ਮੁਲਕ ਜਿਸ ਨੇ ਸਿੱਖਾਂ ਦੇ ਚਿੰਨ੍ਹ ਦਸਤਾਰ ਉਤੇ ਪਾਬੰਦੀਆਂ ਲਗਾਈਆਂ ਹੋਈਆ ਹਨ, ਉਸ ਫਰਾਂਸ ਹਕੂਮਤ ਤੋ ਹਿੰਦੂਤਵ ਹਕੂਮਤ ਨੇ 12 ਬਿਲੀਅਨ ਡਾਲਰ ਦੇ “ਰਾਫੈਲ ਲੜਾਕੂ ਹਵਾਈ ਜ਼ਹਾਜ” ਖਰੀਦੇ ਹਨ । ਜਦੋਕਿ ਅਜਿਹੇ ਮੁਲਕ ਨਾਲ ਤਾਂ ਸੰਬੰਧ ਰੱਖਣ ਦੀ ਕੋਈ ਤੁੱਕ ਨਹੀ ਬਣਦੀ, ਜੋ ਉਸ ਦੇ ਨਾਗਰਿਕਾਂ ਨੂੰ ਪ੍ਰੇਸ਼ਾਨ ਕਰਦਾ ਹੋਵੇ । ਫਿਰ ਫਰਾਂਸ ਦੀ ਫ਼ੌਜ ਵਿਚ ਯਹੂਦੀ ਮੁਸਲਮਾਨ ਤੇ ਸਿੱਖ ਵੀ ਹਨ । ਇਸਾਈ ਕੌਮ ਨੈਕਟਾਈ ਇਸ ਕਰਕੇ ਪਹਿਣਦੀ ਹੈ ਕਿ ਉਹਨਾਂ ਦੇ ਗੁਰੂ ਈਸਾ ਮਸੀਹ ਨੂੰ ਸੂਲੀ ਤੇ ਚੜ੍ਹਾ ਦਿੱਤਾ ਗਿਆ ਸੀ । ਇਹ ਨੈਕਟਾਈ ਉਹਨਾਂ ਦੀ ਧਾਰਮਿਕ ਨਿਸ਼ਾਨੀ ਹੈ । ਫਿਰ ਇਸਾਈ ਪੋਪ ਵੀ ਆਪਣਾ ਸਿਰ ਕੱਜਣ ਲਈ ਟੋਪੀ ਪਹਿਣਦੇ ਹਨ ਅਤੇ ਨੰਨਜਾਂ ਹੈਬਿਟ ਪਹਿਨਕੇ ਸਿਰ ਢੱਕਦੀਆਂ ਹਨ, ਮੁਸਲਿਮ ਕੌਮ ਵੀ ਟੋਪੀ ਪਹਿਨਦੀ ਹੈ । ਫਿਰ ਸਿੱਖਾਂ ਦੀ ਦਸਤਾਰ ਜੋ ਯਹੂਦੀਆਂ, ਇਸਾਈਆਂ ਤੇ ਮੁਸਲਿਮ ਕੌਮ ਦੀ ਤਰ੍ਹਾਂ ਸਿੱਖਾਂ ਦਾ ਧਾਰਮਿਕ ਸਤਿਕਾਰਿਤ ਚਿੰਨ੍ਹ ਹੈ, ਉਸ ਉਤੇ ਫਰਾਂਸ ਹਕੂਮਤ ਵੱਲੋਂ ਪਾਬੰਦੀ ਲਗਾਉਣੀ ਬਹੁਤ ਵੱਡਾ ਵਿਤਕਰੇ ਭਰਿਆ ਕਾਨੂੰਨੀ ਤੇ ਸਮਾਜਿਕ ਤੌਰ ਤੇ ਜ਼ਲੀਲ ਕਰਨ ਵਾਲਾ ਹੈ । ਉਹਨਾਂ ਕਿਹਾ ਕਿ ਦੂਸਰੇ ਮੁਲਕਾਂ ਵਿਚ ਸਿੱਖਾਂ ਤੇ ਹੋ ਰਹੇ ਹਮਲਿਆਂ ਅਤੇ ਉਹਨਾਂ ਨਾਲ ਉਥੋ ਦੀਆਂ ਹਕੂਮਤਾਂ ਤੇ ਹਿੰਦ ਹਕੂਮਤ ਵੱਲੋਂ ਜ਼ਲੀਲ ਕਰਨ ਦੀਆਂ ਹੋ ਰਹੀਆਂ ਕਾਰਵਾਈਆਂ ਦਾ ਇਕੋ-ਇਕ ਸਹੀ ਹੱਲ ਹੈ ਕਿ ਸਮੁੱਚੀ ਸਿੱਖ ਕੌਮ ਅਤੇ ਬਾਹਰਲੇ ਮੁਲਕਾਂ ਵਿਚ ਡਾ. ਪ੍ਰਿਤਪਾਲ ਸਿੰਘ ਅਤੇ ਡਾ. ਅਮਰਜੀਤ ਸਿੰਘ ਵਰਗੇ ਸਿੱਖ ਜਾਂ ਸਿੱਖ ਯੂਥ ਆਫ਼ ਅਮਰੀਕਾ ਵਰਗੀਆਂ ਜਥੇਬੰਦੀਆਂ ਜੋ ਕਿਸੇ ਨਾ ਕਿਸੇ ਕਾਰਨ ਬਾਦਲ ਦਲੀਆਂ ਦੇ ਚੁੰਗਲ ਵਿਚ ਫਸੀਆਂ ਹੋਈਆਂ ਹਨ, ਉਹ ਆਪਣੇ ਆਪ ਨੂੰ ਆਜ਼ਾਦ ਕਰਕੇ ਆਪਣੇ ਘਰ ਵਾਪਿਸ ਆਉਣ ਅਤੇ ਕੌਮੀ ਨਿਸ਼ਾਨੇ “ਖ਼ਾਲਿਸਤਾਨ” ਨੂੰ ਕਾਇਮ ਕਰਕੇ ਆਪਣੇ ਪੇਕੇ ਘਰ ਦੀ ਮਜ਼ਬੂਤੀ ਨੂੰ ਹੋਂਦ ਵਿਚ ਲਿਆਉਣ ਲਈ ਸੰਜ਼ੀਦਗੀ ਨਾਲ ਭੂਮਿਕਾ ਨਿਭਾਉਣ ।