ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕੋਇਲਾ ਬਲਾਕ ਵੰਡਣ ਦੇ ਮਾਮਲੇ ਤੇ ਸੰਸਦ ਵਿੱਚ ਭਾਰੀ ਹੰਗਾਮੇ ਦਰਮਿਆਨ ਹੀ ਸੋਮਵਾਰ ਨੂੰ ਆਪਣਾ ਬਿਆਨ ਦਿੱਤਾ। ਉਨ੍ਹਾਂ ਨੇ ਕੈਗ ਰਿਪੋਰਟ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਉਨ੍ਹਾਂ ਤੇ ਲਗਾਏ ਗਏ ਦੋਸ਼ ਬੇਬੁਨਿਆਦ ਹਨ।
ਡਾ: ਮਨਮੋਹਨ ਸਿੰਘ ਨੇ ਸੰਸਦ ਦੇ ਦੋਵਾਂ ਸਦਨਾਂ ਵਿੱਚ ਭਾਜਪਾ ਵੱਲੋਂ ਕੀਤੇ ਜਾ ਰਹੇ ਸ਼ੋਰ ਸ਼ਰਾਬੇ ਅਤੇ ਘੱਟੀਆ ਹਰਕਤਾਂ ਦੇ ਬਾਵਜੂਦ ਆਪਣੇ ਬਿਆਨ ਵਿੱਚ ਕਿਹਾ, ‘ ਮੈਂ ਆਦਰਯੋਗ ਸਾਂਸਦਾਂ ਨੂੰ ਵਿਸ਼ਵਾਸ਼ ਦਿਵਾਉਣਾ ਚਾਹੁੰਦਾ ਹਾਂ ਕਿ ਰਿਪੋਰਟ ਵਿੱਚ ਜਿਸ ਸਮੇਂ ਦਾ ਜਿਕਰ ਕੀਤਾ ਗਿਆ ਹੈ, ਉਸ ਦੌਰਾਨ ਕੁਝ ਸਮੇਂ ਲਈ ਕੋਇਲਾ ਵਿਭਾਗ ਮੇਰੇ ਅਧੀਨ ਹੋਣ ਕਰਕੇ ਮੈਂ ਵਿਭਾਗ ਵੱਲੋਂ ਲਏ ਗਏ ਸਾਰੇ ਨਿਰਣਿਆਂ ਦੀ ਜਿੰਮੇਵਾਰੀ ਲੈਂਦਾ ਹਾਂ। ਮੈਂ ਕਹਿਣਾ ਚਾਹੁੰਦਾ ਹਾਂ ਕਿ ਬੇਨਿਯਮੀਆਂ ਦੇ ਜੋ ਅਰੋਪ ਲਗਾਏ ਗਏ ਹਨ, ਉਹ ਤੱਥਾਂ ਤੇ ਅਧਾਰਿਤ ਨਹੀਂ ਹਨ ਅਤੇ ਸਰਾਸਰ ਬੇਬੁਨਿਆਦ ਹਨ।’
ਪ੍ਰਧਾਨਮੰਤਰੀ ਦੇ ਬਿਆਨ ਦਿੰਦੇ ਸਮੇਂ ਬੀਜੇਪੀ ਨੇ ਜਮ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਕਰਕੇ ਪ੍ਰਧਾਨਮੰਤਰੀ ਨੇ ਆਪਣੇ ਬਿਆਨ ਦਾ ਕੁਝ ਹਿੱਸਾ ਪੜ੍ਹਨ ਤੋਂ ਬਾਅਦ ਉਸ ਨੂੰ ਸਦਨ ਦੇ ਪਟਲ ਤੇ ਰੱਖ ਦਿੱਤਾ। ਪ੍ਰਧਾਨੰਤਰੀ ਨੇ ਲੋਕ ਸੱਭਾ ਵਿੱਚ ਬਿਆਨ ਦੇਣ ਤੋਂ ਬਾਅਦ ਜਲਦੀ ਹੀ ਸੰਸਦ ਭਵਨ ਦੇ ਬਾਹਰ ਮੀਡੀਆ ਵਿੱਚ ਆਪਣਾ ਬਿਆਨ ਰੱਖਿਆ।ਪ੍ਰਧਾਨਮੰਤਰੀ ਨੇ ਉਨ੍ਹਾਂ ਦੀ ਖਾਮੋਸ਼ੀ ਤੇ ਤਾਅਨੇ ਕਸਣ ਵਾਲਿਆਂ ਨੂੰ ਸ਼ਾਇਰਾਨਾ ਅੰਦਾਜ ਵਿੱਚ ਬੜਾ ਢੁੱਕਵਾਂ ਜਵਾਬ ਦਿੰਦੇ ਹੋਏ ਕਿਹਾ, “ ਹਜ਼ਾਰੋਂ ਜਵਾਬੋਂ ਸੇ ਅੱਛੀ ਹੈ ਮੇਰੀ ਖਾਮੋਸ਼ੀ,ਨਾਂ ਜਾਣੇ ਕਿਤਨੇ ਸਵਾਲੋਂ ਕੀ ਆਬਰੂ ਰੱਖੀ।”
ਸੰਸਦ ਨਾਂ ਚਲਣ ਦੇਣ ਦੇ ਮਾਮਲੇ ਤੇ ਬੀਜੇਪੀ ਅਲੱਗ-ਥਲੱਗ ਪੈਂਦਾ ਜਾ ਰਿਹਾ ਹੈ। ਉਸ ਨਾਲ ਖੜ੍ਹੇ ਹੋਣ ਵਾਲੇ ਦਲ ਹੁਣ ਉਸ ਤੋਂ ਪਾਸਾ ਵੱਟਣ ਲਗ ਪਏ ਹਨ।ਅਕਾਲੀ ਦਲ ਨੇ ਵੀ ਇਸ ਮਾਮਲੇ ਤੇ ਕਿਹਾ ਹੈ ਕਿ ਸਦਨ ਵਿੱਚ ਬਹਿਸ ਹੋਣੀ ਚਾਹੀਦੀ ਹੈ।ਇਸ ਸੱਭ ਦੇ ਬਾਵਜੂਦ ਵੀ ਬੀਜੇਪੀ ਨੇ ਆਪਣੇ ਅੜੀਅਲ ਰਵਈਏ ਵਿੱਚ ਕੋਈ ਸੁਧਾਰ ਨਹੀਂ ਕੀਤਾ। ਕਾਂਗਰਸ ਨੇ ਵੀ ਇਸ ਮੁੱਦੇ ਤੇ ਆਪਣੇ ਸਾਰੇ ਸਾਂਸਦਾਂ ਦੀ ਬੈਠਕ ਬੁਲਾਈ ਹੈ।