ਨਵੀਂ ਦਿੱਲੀ :-ਸ. ਬੀਰਦਵਿੰਦਰ ਸਿੰਘ ਵਲੋਂ ਪੀਪੀਪੀ ਦੇ ਬੁਲਾਰੇ ਦੇ ਅਹੁਦੇ ਤੋਂ ਅਸਤੀਫਾ ਦਿਤੇ ਜਾਣ ਤੋਂ ਬਾਅਦ ਪੀਪੀਪੀ ਦੀ ਮੁਢਲੀ ਮੈਂਬਰਸ਼ਿਪ ਨਾ ਲਏ ਜਾਣ ਸਬੰਧੀ ਦਿਤੇ ਗਏ ਬਿਆਨ ਤੇ ਟਿੱਪਣੀ ਕਰਦਿਆਂ ਸ. ਸੰਸਾਰ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ-ਮਾਨ) ਦਿੱਲੀ ਪ੍ਰਦੇਸ਼ ਨੇ ਕਿਹਾ ਕਿ ਉਨ੍ਹਾਂ ਨੂੰ ਹੈਰਾਨੀ ਹੈ ਕਿ ਪੀਪੀਪੀ ਦੇ ਮੁਖੀਆਂ ਨੇ ਸ. ਬੀਰਦਵਿੰਦਰ ਸਿੰਘ ਨੂੰ ਪਾਰਟੀ ਦੀ ਪ੍ਰਾਇਮਰੀ ਮੈਂਬਰਸ਼ਿਪ ਦਿੱਤੇ ਬਿਨਾਂ ਹੀ ਕਿਵੇਂ ਪਾਰਟੀ ਦੇ ਬੁਲਾਰੇ ਵਰਗੇ ਜ਼ਿਮੇਂਦਾਰ ਅਹੁਦੇ ਦੀਆਂ ਜ਼ਿਮੇਂਦਾਰੀਆਂ ਸੌਂਪ ਦਿਤੀਆਂ। ਉਨ੍ਹਾਂ ਇਸ ਸਬੰਧ ਵਿੱਚ ਜਾਰੀ ਅਪਣੇ ਬਿਆਨ ਵਿੱਚ ਕਿਹਾ ਕਿ ਜਾਪਦਾ ਹੈ ਕਿ ਪੰਜਾਬ ਵਿਚਲੀਆਂ ਇਨ੍ਹਾਂ ਅਖੌਤੀ ਪਾਰਟੀਆਂ ਅਤੇ ਦਲਾਂ ਦਾ ਕੋਈ ਵਿਧਾਨ ਨਹੀਂ, ਜੋ ਇਨ੍ਹਾਂ ਦੇ ਧਰਮ-ਈਮਾਨ ਦੀ ਗਰੰਟੀ ਦਿੰਦਾ ਹੋਵੇ ਅਤੇ ਜਿਸ ਦੇ ਆਧਾਰ ਤੇ ਇਨ੍ਹਾਂ ਦਾ ਗਠਨ ਜਾਂ ਸੰਚਾਲਣ ਹੁੰਦਾ ਹੋਵੇ। ਇਨ੍ਹਾਂ ਦੇ ਆਗੂ ਜਿਸਨੂੰ ਚਾਹੁਣ ਬਿਨਾਂ ਕਿਸੇ ਵਿਧਾਨਕ ਮਾਨਤਾ ਦਾ ਪਾਲਣ ਕਰਦਿਆਂ ਕਿਸੇ ਵੀ ਅਹੁਦੇ ਤੇ ਬਿਠਾ ਦੇਣ ਅਤੇ ਫਿਰ ਜਦੋਂ ਚਾਹੁਣ ਹਟਾ ਦੇਣ। ਸ. ਸੰਸਾਰ ਸਿੰਘ ਨੇ ਪੁਛਿਆ ਕਿ ਕੀ ਅਜਿਹੀਆਂ ਪਾਰਟੀਆਂ ਅਤੇ ਦਲ ਪੰਜਾਬੀਆਂ ਦੀ ਪ੍ਰਤੀਨਿਧਤਾ ਕਰਨ ਪ੍ਰਤੀ ਇਮਾਨਦਾਰ ਹੋ ਸਕਦੇ ਹਨ, ਜਿਨ੍ਹਾਂ ਨੇ ਆਪਣੇ ਕਿਸੇ ਪ੍ਰੋਗਰਾਮ ਅਤੇ ਸੰਗਠਨ ਦੀ ਰੂਪ-ਰੇਖਾ ਹੀ ਨਹੀਂ ਮਿਥੀ ਹੋਈ? ਸ. ਸੰਸਾਰ ਸਿੰਘ ਨੇ ਦਾਅਵਾ ਕੀਤਾ ਕਿ ਕੇਵਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੀ ਇਕੋ ਇਕ ਅਜਿਹੀ ਪਾਰਟੀ ਹੈ, ਜੋ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਪ੍ਰਵਾਨਤ ਅਤੇ ਲਿਖਿਤ ਸੰਵਿਧਾਨ ਅਨੁਸਾਰ ਸਿੱਖਾਂ ਅਤੇ ਸਮੁਚੇ ਪੰਜਾਬੀਆਂ ਦੀ ਪ੍ਰਤੀਨਿਧਤਾ ਕਰ ਉਨ੍ਹਾਂ ਦੇ ਹਿਤਾਂ ਅਧਿਕਾਰਾਂ ਲਈ ਸੰਘਰਸ਼ ਕਰ ਰਹੀ ਹੈ। ਸ. ਸੰਸਾਰ ਸਿੰਘ ਨੇ ਸ. ਦੀਦਾਰ ਸਿੰਘ ਭੱਟੀ ਵਲੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਅਲਗ ਹੋ ਮੁੜ ਬਾਦਲ ਅਕਾਲੀ ਦਲ ਵਿੱਚ ਚਲੇ ਜਾਣ ਤੇ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਜੋ ਵਿਅਕਤੀ ਆਏ ਦਿਨ ਨਿਜ ਸੁਆਰਥ ਅਧੀਨ ਦਲ-ਬਦਲ ਦੀ ਰਾਹ ਤੇ ਚਲਦਾ ਹੋਵੇ ਉਸ ਪੁਰ ਵਿਸ਼ਵਾਸ ਕਰਨਾ ਆਪਣੇ ਆਪਨੂੰ ਧੋਖਾ ਦੇਣਾ ਹੀ ਹੈ। ਉਨ੍ਹਾਂ ਕਿਹਾ ਕੁਝ ਸਮਾਂ ਪਹਿਲਾਂ ਹੀ ਵਿਧਾਨ ਸਭਾ ਚੋਣਾਂ ਵਿੱਚ ਟਿਕਟ ਨਾ ਮਿਲਣ ਤੇ ਇਸਨੇ ਬਾਦਲ ਅਕਾਲੀ ਦਲ ਛੱਡ, ਵਫਾਦਾਰੀ ਦਾ ਭਰੋਸਾ ਦੁਆਉਂਦਿਆਂ ਸ. ਮਾਨ ਦੀ ਸ਼ਰਣ ਕਬੂਲੀ ਸੀ। ਹੁਣ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਸਬਜ਼ ਬਾਗ ਵਿਖਾਏ ਜਾਣ ਤੇ ਇਹ ਮੁੜ ਸ. ਬਾਦਲ ਦੀ ਸ਼ਰਣ ਵਿੱਚ ਜਾ ਬੈਠਾ ਹੈ। ਉਨ੍ਹਾਂ ਸੁਆਲ ਉਠਾਇਆ ਕਿ ਅਜਿਹੇ ਦਲ-ਬਦਲੂ ਕੀ ਕਿਸੇ ਦੇ ਵਫਾਦਾਰ ਬਣੇ ਰਹਿ ਸਕਦੇ ਹਨ ਜਾਂ ਇਨ੍ਹਾਂ ਦੀ ਈਮਾਨਦਾਰੀ ਪੁਰ ਵਿਸ਼ਵਾਸ ਕੀਤਾ ਜਾ ਸਕਦਾ ਹੈ?