ਲੁਧਿਆਣਾ,(ਸਿੱਖ ਸਿਆਸਤ)-ਅਕਾਲੀ ਦਲ ਪੰਚ ਪਰਧਾਨੀ ਦੇ ਪ੍ਰਧਾਨ ਭਾਈ ਕੁਲਵੀਰ ਸਿੰਘ ਬੜਾਪਿੰਡ ਨੇ ਪੰਜਾਬ ਸਰਕਾਰ ਵਲੋਂ ਤੰਬਾਕੂ-ਜਰਦੇ ‘ਤੇ ਪਾਬੰਦੀ ਸਬੰਧੀ ਲਏ ਫੈਸਲੇ ਨੂੰ ਦੇਰ ਨਾਲ ਪੁੱਟਿਆ ਸਹੀ ਕਦਮ ਕਿਹਾ ਹੈ ਅਤੇ ਉਹਨਾਂ ਕਿਹਾ ਕਿ ਤੰਬਾਕੂ ਪਦਾਰਥਾਂ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਦਿੱਤੇ ਮੁਢਲੇ ਉਪਦੇਸ਼ਾਂ ਵਿਚ ਹੀ ਵਰਜ਼ ਦਿੱਤਾ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1699 ਈਸਵੀ ਵਿਚ ਖ਼ਾਲਸਾ ਪਰਗਟ ਕਰਨ ਮੌਕੇ ਤੰਬਾਕੂ ਵਰਤਣ ਵਾਲੇ ਨੂੰ ਬੱਜਰ ਕੁਰਹਿਤੀਆ ਤੇ ਸਿੱਖੀ ਤੋਂ ਪਤਿਤ ਘੋਸ਼ਤ ਕਰ ਦਿੱਤਾ ਸੀ।ਉਹਨਾਂ ਕਿਹਾ ਕਿ ਨਸ਼ੇ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੇ ਹਨ ਅਤੇ ਮੁੱਢਲੇ ਰੂਪ ਵਿਚ ਤੰਬਾਕੂ ਤੇ ਸ਼ਰਾਬ ਤੋਂ ਮਨੁੱਖ ਨਸ਼ਿਆਂ ਦੀ ਦਲਦਲ ਵਿਚ ਧੱਸਦਾ ਹੈ ਪਰ ਸਰਕਾਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਕੇ ਨਸ਼ਿਆਂ ਨੂੰ ਆਪਣੀ ਕਮਾਈ ਦਾ ਸਾਧਨ ਬਣਾ ਲੈਂਦੀ ਹੈ ਅਤੇ ਜਦੋਂ ਪਾਣੀ ਸਿਰ ਤੋਂ ਉੱਤੇ ਲੰਘ ਜਾਂਦਾ ਹੈ ਤਾਂ ਫਿਰ ਪਾਬੰਦੀਆਂ ਲਗਾਉਂਣ ਦਾ ਦੌਰ ਸ਼ੁਰੂ ਹੋ ਜਾਂਦਾ ਹੈ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਅੱਜ ਕਈ ਦਹਾਕਿਆਂ ਬਾਦ ਸਿੱਖਾਂ ਦੀ ਭਾਵਨਾ ਨੂੰ ਪੂਰਾ ਕੀਤਾ ਹੈ ਪਰ ਦੂਜੇ ਪਾਸੇ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਪੰਜਾਬ ਦੇ ਹਰ ਪਿੰਡ-ਸ਼ਹਿਰ ਦੇ ਗਲੀ ਮੋੜ੍ਹ ਉੱਤੇ ਵੱਧ ਰਹੀ ਹੈ ਅਤੇ ਇਹ ਸਰਕਾਰ ਦੀ ਕਮਾਈ ਦਾ ਸਾਧਨ ਦੱਸ ਕੇ ਠੇਕਿਆਂ ਨੂੰ ਸਥਾਨਕ ਲੋਕਾਂ ਵਲੋਂ ਵਿਰੋਧ ਹੋਣ ਦੇ ਬਾਵਜੂਦ ਖੋਲ੍ਹਿਆ ਜਾ ਰਿਹਾ ਹੈ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਤੰਬਾਕੂ-ਜਰਦੇ ਉਤੇ ਲਗਾਈ ਜਾ ਰਹੀ ਪਾਬੰਦੀ ਤਾਂ ਹੀ ਸਫਲ ਹੈ ਜੇ ਕਰ ਸ਼ਰਾਬ ਦੀ ਵੱਧ ਰਹੀ ਖਪਤ ਨੂੰ ਘਟਾਉਂਣ ਤੇ ਹੌਲੀ-ਹੌਲੀ ਇਸ ਉੱਤੇ ਵੀ ਪਾਬੰਦੀ ਲਾਗਾਉਣ ਵੱਲ ਕਦਮ ਵਧਾਇਆ ਜਾਵੇ।
ਭਾਈ ਬੜਾਪਿੰਡ ਨੇ ਕਿਹਾ ਕਿ ਸ਼ਰਾਬ ਤੇ ਤੰਬਾਕੂ ਵਰਗੇ ਨਸ਼ਿਆਂ ਤੋਂ ਵੀ ਅੱਗੇ ਸਮੈਕ-ਹੈਰੋਇਨ ਵਰਗੇ ਨਸ਼ਿਆਂ ਦੇ ਵਪਾਰੀ ਵੀ ਸਿਆਸੀ ਸਰਪ੍ਰਸਤੀ ਤੋਂ ਬਿਨਾਂ ਆਪਣਾ ਕਾਰੋਬਾਰ ਅੱਗੇ ਨਹੀਂ ਵਧਾ ਸਕਦੇ ਅਤੇ ਸੀਮਾ ਪਾਰ ਤੋਂ ਆ ਰਹੇ ਅਜਿਹੇ ਨਸ਼ਿਆਂ ਵਿਚ ਜਿੱਥੇ ਪੰਜਾਬ ਤੇ ਵੱਡੇ ਸਿਅਸੀ ਲੋਕਾਂ ਤੇ ਪੁਲਿਸ ਅਫਸਰਾਂ ਦੀ ਸਿੱਧੀ ਸ਼ਹਿ ਹੈ ਉੱਥੇ ਕੇਂਦਰ ਸਰਕਾਰ ਦੇ ਨੀਮ ਫੌਜੀ ਬਲ਼ਾਂ ਦਾ ਵੀ ਵੱਡਾ ਹੱਥ ਹੈ ਜਿਸ ਕਾਰਨ ਐਨੀਆਂ ਤਾਰਾਂ ਤੇ ਸਕਿਓਰਟੀ ਹੋਣ ਦੇ ਬਾਵਜੂਦ ਨਸ਼ੇ ਆ ਰਹੇ ਹਨ।
ਉਹਨਾਂ ਪੰਜਾਬ ਤੇ ਪੰਥ ਦਰਦੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਪ੍ਰਤੀ ਇਕਸਾਰ ਵਿਰੋਧੀ ਸੋਚ ਰੱਖ ਕੇ ਗੁਰੂਆਂ ਦੀ ਧਰਤ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਾਉਂਣ ਲਈ ਲਾਮਬੱਧ ਹੋਣ।