ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) – ‘ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜ ਗਏ’ ਕਹਾਵਤ ਅਨੁਸਾਰ ਕਾਂਗਰਸੀ ਨੇਤਾ ਅਤੇ ਲੋਕਲ ਆਗੂ ਹੁਣ ਕਿੱਧਰੇ ਨਜ਼ਰ ਨਹੀਂ ਆ ਰਹੇ। ਆਮ ਲੋਕਾਂ ਵਿਚ ਇਹ ਸਵਾਲ ਚਰਚਾ ਦਾ ਵਿਸ਼ਾ ਹੈ ਕਿ ਵਿਰੋਧੀ ਧਿਰ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਾਂਗਰਸੀ ਖੰਭ ਲਾਅ ਕੇ ਉਡ ਗਏ ਹਨ। ਇਕ ਹਜ਼ਾਰ ਕਰੋੜ ਰੁਪਏ ਦੇ ਨਵੇਂ ਟੈਕਸ ਲਗਾ ਕੇ ਜਨਤਾ ਤੇ ਬੋਝ ਪਾਇਆ ਗਿਆ। ਭਾਵੇਂ ਕਿ ਪਿਛਲੇ ਦਿਨਾਂ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਿਹਾ ਸੀ ਕਿ ਜੇਕਰ ਬਿਜਲੀ ਦੇ ਵਧੇ ਹੋਏ ਬਿਲ ਆਉਂਦੇ ਹਨ ਤਾਂ ਉਹ ਬਿਲ ਨਾ ਭਰਨ ਤੇ ਕਾਂਗਰਸੀਆਂ ਕੋਲ ਜਾਣ, ਪਰ ਲੋਕਾਂ ਨੂੰ ਹੁਣ ਕਾਂਗਰਸੀ ਲੱਭ ਹੀ ਨਹੀਂ ਰਹੇ। ਬਿਲ ਭਰਨ ਤੋਂ ਇਲਾਵਾ ਉਨ੍ਹਾਂ ਕੋਲ ਕੋਈ ਚਾਰਾ ਨਹੀਂ ਕਿਉਂਕਿ ਵਿਭਾਗਾਂ ਦੇ ਜੁਰਮਾਨੇ ਉਨ੍ਹਾਂ ਨੂੰ ਅਦਾ ਕਰਨੇ ਹੀ ਪੈਣਗੇ। ਇਸੇ ਤਰ੍ਹਾਂ ਹੀ ਹਾਊਸ ਟੈਕਸ ਦੇ ਸਥਾਨ ਤੇ ਪ੍ਰਾਪਰਟੀ ਟੈਕਸ ਲਾਉਣ ਦੇ ਹੁਕਮ ਜਾਰੀ ਹੁੰਦਿਆਂ ਹੀ ਲੋਕਾਂ ਨੇ ਟੈਕਸ ਦੇਣ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ। ਟੈਕਸ ਮੰਗਣ ਵਾਲਿਆਂ ਨੂੰ ਕਿਹਾ ਜਾ ਰਿਹਾ ਹੈ ਕਿ ਜਦੋਂ ਸਰਕਾਰ ਨੇ ਪ੍ਰਾਪਰਟੀ ਟੈਕਸ ਹੀ ਲਾ ਦਿੱਤਾ ਹੈ ਤਾਂ ਹਾਉਸ ਟੈਕਸ ਕਿਸ ਚੀਜ ਦਾ? ਨਗਰ ਕੌਂਸਲ ਦਾ ਤਰਕ ਹੈ ਕਿ ਹਾਊਸ ਟੈਕਸ ਦੀ ਰਿਕਵਰੀ ਪਿਛਲੇ ਕਈ ਸਾਲਾਂ ਤੋਂ ਨਹੀਂ ਹੋਈ, ਟੈਕਸ ਵਸੂਲੀ ਦਾ ਟੀਚਾ ਪੂਰਾ ਕਰਨ ਲਈ ਵਿਭਾਗ ਨੂੰ ਸਖਤੀ ਕਰਨੀ ਪਵੇਗੀ। ਜਿਹੜੀਆਂ ਫਰਮਾਂ ਦੇ ਚੈਕ ਬਾਉਂਸ ਹੋਏ ਹਨ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪੁਰਾਣੀ ਵਸੂਲੀ ਹਰ ਹੀਲੇ ਕੀਤੀ ਜਾਣੀ ਜਰੂਰੀ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਭਾਰੀ ਟੈਕਸਾਂ ਨਾਲ ਜਨਤਾ ਦਾ ਲੱਕ ਟੁੱਟ ਗਿਆ ਹੈ। ਜਦਕਿ ਸੂਬਾ ਸਰਕਾਰ ਦੇ ਨੁਮਾਇੰਦੇ ਤਰਕ ਦਿੰਦੇ ਹਨ ਕਿ ਕਾਂਗਰਸ ਦੀਆਂ ਗਲਤ ਨੀਤੀਆਂ ਕਰਕੇ ਸੂਬੇ ਸਿਰ ਕਰਜਾ ਚੜ੍ਹਿਆ ਹੈ। ਮੌਜੂਦਾ ਸਮੇਂ ਵਿਚ ਇਹ ਟੈਕਸ ਲਾਉਣੇ ਜਿੱਥੇ ਜ਼ਰੂਰੀ ਸੀ ਉ¤ਥੇ ਵਿਕਾਸ ਲਈ ਫੰਡ ਇਕੱਠਾ ਕਰਨ ਅਤੇ ਸੂਬਾ ਵਾਸੀਆਂ ਨੂੰ ਸਹੂਲਤਾਂ ਵੀ ਇਨ੍ਹਾਂ ਟੈਕਸਾਂ ਦੀ ਉਗਰਾਈ ਕਾਰਨ ਹੀ ਮਿਲਣਗੀਆਂ ਕਿਉਂਕਿ ਇਹ ਸਾਰਾ ਪੈਸਾ ਜਨਤਾ ਦੀ ਭਲਾਈ ਲਈ ਹੀ ਖਰਚਿਆ ਜਾਣਾ ਹੈ। ਇਸ ਸਭ ਕੁਝ ਦੇ ਬਾਵਜੂਦ ਜ਼ਿਲ੍ਹਾ ਮੁਕਤਸਰ ਦੇ ਵਿਚ ਕਿਸੇ ਵੀ ਕਾਂਗਰਸੀ ਆਗੂ ਜਾਂ ਨੇਤਾ ਨੇ ਕੋਈ ਵਿਰੋਧ ਦਾ ਪ੍ਰਤੀਕਰਮ ਨਹੀਂ ਦਿੱਤਾ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਤਾਂ ਮੁਕਤਸਰ ਨੂੰ ਛੱਡ ਕੇ ਚੰਡੀਗੜ੍ਹ ਵਿਖੇ ਆਪਣੀ ਰਿਹਾਇਸ਼ ਬਣਾ ਚੁੱਕੇ ਹਨ। ਵਿਰੋਧੀ ਧਿਰ ਦਾ ਕੋਈ ਵਾਲੀ-ਵਾਰਸ ਨਜ਼ਰ ਨਾ ਆਉਣ ਕਰਕੇ ਲੋਕਾਂ ਦਾ ਕਹਿਣਾ ਹੈ ਕਿ ਮੁਕਤਸਰ ਹਲਕੇ ਤੋਂ ਕਾਂਗਰਸੀ ਵਿਧਾਇਕ ਨੂੰ ਜਿੱਤਾ ਕੇ ਜਿੱਥੇ ਉਨ੍ਹਾਂ ਨੇ ਵੱਡੀ ਗਲਤੀ ਕੀਤੀ ਹੈ ਉ¤ਥੇ ਇਸ ਗੱਲ ਦਾ ਵੀ ਪਛਤਾਵਾ ਹੈ ਕਿ ਲੰਬੀ, ਮਲੋਟ ਵਿਚ ਜਿਸ ਤਰਜ ਤੇ ਵਿਕਾਸ ਕਾਰਜ ਹੋ ਰਹੇ ਹਨ ਮੁਕਤਸਰ ਹਲਕਾ ਉਸ ਤੇ ਤਰੱਕੀ ਨਹੀਂ ਕਰ ਰਿਹਾ।