ਨਵੀਂ ਦਿੱਲੀ – ਹਰੀ ਨਗਰ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ-ਅਧੀਨ ਚਲ ਰਹੀ ਗੁਰੂ ਹਰਿਕ੍ਰਿਸ਼ਨ ਡਿਸਪੈਂਸਰੀ ਵਿਖੇ ਬੀਤੇ ਦਿਨੀਂ ਆਰ ਜੀ ਸਟੋਨ ਬੀ. ਐਮ. ਡੀ. ਅਤੇ ਡੈਂਟਲ ਚੈਕ-ਅਪ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਦਾ ਉਦਘਾਟਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਸਮਾਗਮ ਦੇ ਮੁਖ ਮਹਿਮਾਨ ਵਜੋਂ ਕੀਤਾ। ਉਨ੍ਹਾਂ ਇਸ ਮੌਕੇ ਤੇ ਕਿਹਾ ਕਿ ਇਸ ਡਿਸਪੈਂਸਰੀ ਦੀਆਂ ਸਾਰੀਆਂ ਲੌੜੀਂਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣਗੀਆਂ। ਡਿਸਪੈਂਸਰੀ ਦੇ ਚੇਅਰਮੈਨ ਸ. ਹਰਨਾਮ ਸਿੰਘ ਖਾਲਸਾ, ਵਾਈਸ ਚੇਅਰਮੈਨ ਸ. ਇੰਦਰਪਾਲ ਸਿੰਘ ਕਾਲਾ, ਸ. ਮਨੋਹਰ ਸਿੰਘ ਪਨੇਸਰ, ਸ. ਹਰਦੀਪ ਸਿੰਘ ਚੱਡਾ ਅਤੇ ਕਨਵੀਨਰ ਸ. ਐਚ. ਐਸ. ਓਬਰਾਏ ਨੇ ਸਮਾਗਮ ਦੇ ਮੁਖ ਮਹਿਮਾਨ ਸ. ਪਰਮਜੀਤ ਸਿੰਘ ਸਰਨਾ ਦਾ ਸੁਆਗਤ ਕੀਤਾ।ਮੈਡੀਕਲ ਸੁਪ੍ਰਿਟੈਂਡੈਂਟ ਡਾ. ਸਰਲਾ ਕੌਰ ਦੀ ਦੇਖ ਰੇਖ ਵਿਚ ਆਰ ਜੀ ਸਟੋਨ ਹਸਪਤਾਲ ਰਾਜੌਰੀ ਗਾਰਡਨ ਦੇ ਸਹਿਯੋਗ ਨਾਲ ਲਾਏ ਗਏ ਇਸ ਕੈਂਪ ਵਿਚ ਦੋ ਸੌ (200) ਤੋਂ ਵਧ ਮਰੀਜ਼ਾਂ ਨੇ ਲਾਭ ਉਠਾਇਆ। ਹਰੀ ਨਗਰ ਤੋਂ ਦਿੱਲੀ ਨਗਰ ਨਿਗਮ ਦੀ ਮੈਂਬਰ ਰਾਜ ਕੁਮਾਰੀ ਕੋਕਿਲਾ ਨੇ ਡਿਸਪੈਂਸਰੀ ਦੇ ਪ੍ਰਬੰਧਕਾਂ ਵਲੋਂ ਕੀਤੇ ਗਏ ਇਸ ਉਦਮ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਯੂਥ ਇਕਾਈ ਦੇ ਮੁਖੀਆਂ ਸ. ਓਂਕਾਰ ਸਿੰਘ ਰਾਜਾ, ਸ. ਅਵਤਾਰ ਸਿੰਘ ਤਾਰੀ, ਸ. ਪਰਮਜੀਤ ਸਿੰਘ ਪੰਮਾ, ਸੁਭਾਸ਼ ਨਗਰ ਤੋਂ ਸ. ਸੁਰਿੰਦਰ ਸਿੰਘ ਓਬਰਾਏ ਅਤੇ ਗੋਪਾ ਜੀ ਨੇ ਵਿਸ਼ੇਸ਼ ਤੋਰ ਤੇ ਇਸ ਕੈਂਪ ਦੀ ਸਫਲਤਾ ਵਿਚ ਆਪਣਾ ਹਿਸਾ ਪਾਇਆ।