ਭਿੰਡਰ ਕਲਾਂ, (ਮੋਗਾ) – ਬੀਤੇ ਦਿਨੀਂ ਭੂਤਾਂ ਪ੍ਰੇਤਾਂ ਦੇ ਚੱਕਰਾਂ ਵਿੱਚ ਪਖੰਡੀ ਸਾਧਾਂ ਦੀ ਦਰਦਿਗੀ ਦਾ ਸ਼ਿਕਾਰ ਹੋਈ ਅਣਭੋਲ ਬੱਚੀ ਬੀਰਪਾਲ ਕੌਰ ਦੀ ਯਾਦ ਵਿੱਚ ਪਿੰਡ ਭਿੰਡਰ ਕਲਾਂ ਵਿਖੇ ਹੀ ਇੱਕ ਤਰਕਸ਼ੀਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਤਰਕਸ਼ੀਲ ਸੁਸਾਇਟੀ ਭਾਰਤ (ਰਜਿ.) ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਪਿੰਡ ਅਤੇ ਇਲਾਕੇ ਦੇ ਹਜ਼ਾਰਾਂ ਲੋਕਾਂ ਵੱਲੋਂ ਬੀਰਪਾਲ ਕੌਰ ਨੂੰ ਆਪਣੀ ਭਾਵਪੂਰਨ ਸਰਧਾਂਜਲੀ ਭੇਂਟ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਤਰਕਸ਼ੀਲ ਆਗੂ ਹਰਮੇਸ਼ ਜਿੰਦਲ ਵੱਲੋਂ ਅੱਖਾਂ ਉਤੇ ਪੱਟੀ ਬੰਨ੍ਹਕੇ ਇਲਾਕੇ ਮੋਟਰਸਾਈਕਲ ਚਲਾਉਣ ਨਾਲ ਕੀਤੀ ਗਈ। ਇਸ ਤੋਂ ਬਾਅਦ ਹਜ਼ਾਰਾਂ ਲੋਕ ਸਥਾਨਿਕ ਹਾਈ ਸਕੂਲ ਦੇ ਗਰਾਉਂਡ ਵਿੱਚ ਆਉਣੇ ਸ਼ੁਰੂ ਹੋ ਗਏ। ਰਾਜਾ ਰਾਮ ਹੰਢਆਇਆ ਵੱਲੋਂ ਇਸ ਮੌਕੇ ਆਪਣੇ ਜਾਦੂ ਦੇ ਟਰਿੱਕਾਂ ਰਾਹੀਂ ਲੋਕਾਂ ਨੂੰ ਅੰਧਵਿਸ਼ਵਾਸਾਂ ਵਿੱਚੋਂ ਨਿਕਲਣ ਦਾ ਸੱਦਾ ਦਿੱਤਾ। ਤਰਕਸ਼ੀਲ ਆਗੂ ਮੇਘ ਰਾਜ ਮਿੱਤਰ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਜਿੱਥੇ ਬੀਰਪਾਲ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਨਾਲ ਹੀ ਲੋਕਾਂ ਨੂੰ ਇਹ ਪ੍ਰਣ ਕਰਨ ਲਈ ਵੀ ਕਿਹਾ ਕਿ ਮੁੜ ਪਿੰਡ ਭਿੰਡਰ ਕਲਾਂ ਵਿਖੇ ਅਜਿਹੀ ਘਟਨਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਭੂਤਾਂ-ਪ੍ਰੇਤਾਂ ਦੀ ਕੋਈ ਹੋਂਦ ਨਹੀਂ ਹੁੰਦੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਡਰੱਗਜ਼ ਐਂਡ ਰੈਮਡੀਜ਼ ਐਕਟ 1954 ਦੀ ਧਾਰਾ 2,3,4,5 ਅਨੁਸਾਰ ਪੰਜਾਬ ਵਿੱਚ ਪਖੰਡ ਕਰਦੇ ਅਤੇ ਭੂਤ-ਪ੍ਰੇਤ, ਧਾਗੇ ਤਵੀਤਾਂ ਦੇ ਨਾਂ ਥੱਲੇ ਲੋਕਾਂ ਨੂੰ ਲੁੱਟ ਰਹੇ ਹਜ਼ਾਰਾਂ ਹੀ ਪਖੰਡੀ ਸਾਧਾਂ ਖਿਲਾਫ਼ ਕਾਰਵਾਈ ਕਰਕੇ ਇਨ੍ਹਾਂ ਨੂੰ ਜੇਲ੍ਹੀ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਚਾਹੁੰਦੀ ਹੈ ਕਿ ਅਜਿਹੀ ਕੋਈ ਬੀਰਪਾਲ ਮੁੜ ਕਿਸੇ ਪਖੰਡੀ ਸਾਧ ਦੀ ਦਰਿੰਦਗੀ ਦਾ ਸ਼ਿੰਕਾਰ ਨਾ ਹੋਵੇ ਤਾਂ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਪੈਣਗੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਭੂਤਾਂ-ਪ੍ਰੇਤਾਂ ਦਾ ਖੈਹੜਾ ਛੱਡ ਕੇ ਵਿਗਿਆਨਕ ਸੋਚ ਨੂੰ ਅਪਣਾਉਣ। ਇਸ ਮੌਕੇ ਤਰਕਸ਼ੀਲ ਆਗੁੂ ਮੇਘ ਰਾਜ ਰੱਲਾ, ਲਖਵਿੰਦਰ ਹਾਲੀ ਅਤੇ ਜਗਪਾਲ ਬਰਾੜ ਨੇ ਵੀ ਆਪਣੇ ਵਿਚਾਰ ਰੱਖੇ।
ਪ੍ਰਸਿੱਧ ਕਥਾ-ਵਾਚਕ ਜਗਤਾਰ ਸਿੰਘ ਜਾਚਕ ਨੇ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤਰਕਸ਼ੀਲਾਂ ਦਾ ਸਾਥ ਦੇਣ ਅਤੇ ਅੰਧਵਿਸ਼ਵਾਸਾਂ ਦਾ ਤਿਆਗ ਕਰਨ। ਹਜ਼ਾਰਾਂ ਲੋਕਾਂ ਨੇ ਹੱਥ ਖੜ੍ਹੇ ਕਰਕੇ ਇਸ ਗੱਲ ਦਾ ਪ੍ਰਣ ਲਿਆ ਕਿ ਮੁੜ ਇਸ ਇਲਾਕੇ ਵਿੱਚ ਕੋਈ ਬੀਰਪਾਲ ਪਖੰਡੀ ਸਾਧਾਂ ਦੀ ਦਰਿੰਦਗੀ ਦਾ ਸ਼ਿਕਾਰ ਨਹੀਂ ਹੋਣ ਦਿੱਤੀ ਜਾਵੇਗੀ।
ਚੇਤਨਾ ਕਲਾ ਕੇਂਦਰ ਬਰਨਾਲਾ ਦੇ ਕਲਾਕਾਰਾਂ ਵੱਲੋਂ ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ ਹੇਠ ਨਾਟਕ ‘ਪ੍ਰੇਤ’ ਅਤੇ ‘ਮਿੱਟੀ ਰੁਦਨ ਕਰੇ’, ਦੋ ਕੋਰੀਓਗ੍ਰਾਫ਼ੀਆਂ ‘ਧੀ ਦੀ ਪੁਕਾਰ’ ਅਤੇ ‘ਸੁੱਤਾ ਜਾਗ ਅੰਨ੍ਹ ਦਾਤਿਆ’ ਵੀ ਪੇਸ਼ ਕੀਤੀਆਂ ਗਈਆਂ। ਅੰਤ ਵਿੱਚ ਪਿੰਡ ਦੇ ਲੋਕਾਂ ਵੱਲੋਂ ਤਰਕਸ਼ੀਲ ਆਗੂ ਮੇਘ ਰਾਜ ਮਿੱਤਰ ਦਾ ਸਨਮਾਨ ਕੀਤਾ ਗਿਆ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਪਿੰਡ ਭਿੰਡਰ ਕਲਾਂ ਨਿਵਾਸੀ ਹਰਦੀਪ ਸਿੰਘ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ।