ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ‘ਸਨ ਆਫ ਸਰਦਾਰ’ ਫ਼ਿਲਮ ਸਬੰਧੀ ਗਠਿਤ ਕੀਤੀ ਸਬ ਕਮੇਟੀ ਨੂੰ ਫ਼ਿਲਮੀ ਅਦਾਕਾਰ ਸ੍ਰੀ ਅਜੈ ਦੇਵਗਨ ਨੇ ਫ਼ਿਲਮ ਵਿੱਚ ਇਤਰਾਜ ਯੋਗ ਡਾਇਲਾਗ ਦੂਰ ਕਰਨ ਦਾ ਭਰੋਸਾ ਦਿੱਤਾ ਹੈ। ਜੋ ਸਬ ਕਮੇਟੀ ਵੱਲੋਂ ਪ੍ਰੋਮੋ ਦੇਖ ਕੇ ਉਠਾਏ ਗਏ ਸਨ। ਯਾਦ ਰਹੇ ਕਿ ਇਸ ਫ਼ਿਲਮ ਸਬੰਧੀ ਕੁਝ ਲੋਕਾਂ ਵੱਲੋਂ ਜਥੇਦਾਰ ਅਵਤਾਰ ਸਿੰਘ ਨੂੰ ਸ਼ਕਾਇਤਾ ਮਿਲੀਆਂ ਸਨ ਕਿ ਫ਼ਿਲਮ ਵਿੱਚ ਸਿੱਖਾਂ ਦੇ ਕਿਰਦਾਰ ਬਾਰੇ ਘਟੀਆ ਡਾਇਲਾਗ ਵਰਤੇ ਗਏ ਹਨ।
ਇਸ ਕਮੇਟੀ ਵਿੱਚ ਸ.ਰਾਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ, ਸ.ਰੂਪ ਸਿੰਘ ਡਾਇਰੈਕਟਰ ਸਿੱਖ ਇਤਿਹਾਸ ਰੀਸਰਚ ਬੋਰਡ, ਸ.ਵਰਿਆਮ ਸਿੰਘ ਸਾਬਕਾ ਡਾਇਰੈਕਟਰ ਸਿੱਖ ਇਤਿਹਾਸ ਰੀਸਰਚ ਬੋਰਡ, ਸ.ਦਿਲਜੀਤ ਸਿੰਘ ਬੇਦੀ ਮੀਤ ਸਕੱਤਰ ਦੇ ਨਾਮ ਸ਼ਾਮਲ ਕੀਤੇ ਗਏ ਹਨ। ਸ.ਬਲਵਿੰਦਰ ਸਿੰਘ ਜੌੜਾਸਿੰਘਾ ਮੀਤ ਸਕੱਤਰ ਨੂੰ ਇਸ ਕਮੇਟੀ ਦੇ ਕੋ-ਆਰਡੀਨੇਟਰ ਬਣਾਇਆ ਗਿਆ।
‘ਸਨ ਆਫ ਸਰਦਾਰ’ ਫ਼ਿਲਮ ਦੇ ਕਲਾਕਾਰ ਨਿਰਦੇਸ਼ਕ ਅਜੈ ਦੇਵਗਨ ਨੇ ਆਪ ਸਬ-ਕਮੇਟੀ ਪਾਸ ਪਹੁੰਚ ਕਰਕੇ ਈਸਤਾ ਹੋਟਲ ਅੰਮ੍ਰਿਤਸਰ ‘ਚ ਫ਼ਿਲਮ ਦਾ ਪ੍ਰੋਮੋ ਦਿਖਾਇਆ ਅਤੇ ਸਬ-ਕਮੇਟੀ ਨਾਲ ਸਦਭਾਵਨਾ ਭਰੇ ਮਾਹੌਲ ‘ਚ ਗੱਲਬਾਤ ਕੀਤੀ।
ਸਬ ਕਮੇਟੀ ਨੇ ਫ਼ਿਲਮ ਦੇ ਪ੍ਰੋਮੋ ‘ਚ ਸਿੱਖਾਂ ਪ੍ਰਤੀ ਇਤਰਾਜ ਯੋਗ ਸ਼ਬਦਾਵਲੀ ਪ੍ਰਤੀ ਅਜੈ ਦੇਵਗਨ ਨੂੰ ਜਾਣਕਾਰੀ ਦਿੱਤੀ। ਇਸ ਤੇ ਅਜੈ ਦੇਵਗਨ ਨੇ ਸਾਫ ਕੀਤਾ ਕਿ ਉਹ ਅੰਮ੍ਰਿਤਸਰ ਜਿਲ੍ਹੇ ਦੇ ਕਸਬਾ ਅਟਾਰੀ ਦੇ ਰਹਿਣ ਵਾਲੇ ਹਨ ਤੇ ਪੰਜਾਬ ਦੇ ਕਲਚਰਲ ਬਾਰੇ ਚੰਗੀ ਤਰ੍ਹਾਂ ਸਮਝਦੇ ਹਨ। ਪੰਜਾਬੀਆਂ ਪ੍ਰਤੀ ਉਹਨਾਂ ਦੇ ਮਨ ਵਿੱਚ ਬਹੁਤ ਸਤਿਕਾਰ ਹੈ ਉਹ ਕਦਾਚਿੱਤ ਵੀ ਪੰਜਾਬੀ ਮਨ੍ਹਾਂ ਨੂੰ ਠੇਸ ਨਹੀ ਪਹੁੰਚਾਉਣਗੇ। ਫ਼ਿਲਮ ‘ਚ ਜਿਹੜੀ ਸ਼ਬਦਾਵਲੀ ਸਿੱਖ ਮਨ੍ਹਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ ਉਹ ਫ਼ਿਲਮ ‘ਚੋਂ ਕੱਟ ਦਿੱਤੀ ਜਾਵੇਗੀ ਤੇ ਸ਼੍ਰੋਮਣੀ ਕਮੇਟੀ ਵੱਲੋਂ ‘ਸਨ ਆਫ ਸਰਦਾਰ’ ਫ਼ਿਲਮ ਨੂੰ ਕਲੀਨ ਚਿੱਟ ਦੇਣ ਉਪਰੰਤ ਹੀ ਰਲੀਜ਼ ਕੀਤੀ ਜਾਵੇਗੀ।
ਸਬ-ਕਮੇਟੀ ‘ਚੋਂ ਸ.ਰੂਪ ਸਿੰਘ ਵਿਦੇਸ਼ ਹੋਣ ਕਰਕੇ ਬਾਕੀ ਸਾਰੇ ਮੈਂਬਰ ਹਾਜ਼ਰ ਸਨ। ਸਬ-ਕਮੇਟੀ ਵੱਲੋਂ ਫ਼ਿਲਮ ਦੇ ਕਲਾਕਾਰ ਨਿਰਦੇਸ਼ਕ ਨਾਲ ਕੀਤੀ ਗੱਲਬਾਤ ਦੀ ਮੁਕੰਮਲ ਰੀਪੋਰਟ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤੀ ਗਈ ਹੈ।