ਲੁਧਿਆਣਾ : ਬਦਲ ਰਹੀ ਜੀਵਨ ਸ਼ੈਲੀ ਕਾਰਨ ਸ਼ੂਗਰ, ਮੋਟਾਪਾ, ਬਲੱਡ ਪ੍ਰੈਸ਼ਰ ਅਤੇ ਹੋਰ ਘਾਤਕ ਬੀਮਾਰੀਆਂ ਜ਼ਿਆਦਾ ਵੇਖੀਆਂ ਜਾ ਰਹੀਆਂ ਹਨ। ਇਸ ਦਾ ਮੁੱਖ ਕਾਰਨ ਸਹੀ ਤੇਲ ਅਤੇ ਚਿਕਨਾਈ ਦੀ ਚੋਣ ਨਾ ਕਰਨਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੀ ਏ ਯੂ ਦੇ ਮਾਹਿਰ ਡਾ: ਜਸਵਿੰਦਰ ਸਾਂਘਾ ਨੇ ਦੱਸਿਆ ਕਿ ਖਾਣੇ ਨੂੰ ਸੁਆਦਲਾ ਬਣਾਉਣ ਲਈ ਚੰਗੇ ਤੇਲ ਅਤੇ ਚਿਕਨਾਈ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਜ਼ਿਆਦਾ ਮਾਤਰਾ ਵਿੱਚ ਵਰਤੋਂ ਨਾਲ ਕਬਜ਼ ਅਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮੀਟ, ਅੰਡੇ ਦੀ ਜ਼ਰਦੀ, ਤਲੀਆਂ ਚੀਜ਼ਾਂ, ਘਿਉ, ਮੱਖਣ ਆਦਿ ਨਾਲ ਇਹ ਚਿਕਨਾਈ ਸਰੀਰ ਦੀਆਂ ਨਾੜਾਂ ਅਤੇ ਧਮਣੀਆਂ ਵਿੱਚ ਜੰਮ ਜਾਂਦੀ ਹੈ ਜਿਸ ਕਾਰਨ ਮਾੜੇ ਕੋਲੈਸਟਰੋਲ ਪੈਦਾ ਹੁੰਦੇ ਹਨ। ਵਿਭਾਗ ਦੀ ਇਕ ਹੋਰ ਸਾਇੰਸਦਾਨ ਡਾ: ਕਿਰਨ ਗਰੋਵਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਖਾਣੇ ਵਿੱਚ ਤੇਲ ਅਤੇ ਚਿਕਨਾਈ ਦੀ ਬਹੁਤ ਮਹੱਤਤਾ ਹੁੰਦੀ ਹੈ। ਭਾਰਤ ਦੇ ਉੱਤਰੀ ਖੇਤਰ ਵਿੱਚ ਸਰ੍ਹੋਂ ਦੇ ਤੇਲ ਦੀ ਵਰਤੋਂ ਹੁੰਦੀ ਹੈ ਜਦ ਕਿ ਦੱਖਣੀ ਖੇਤਰ ਵਿੱਚ ਨਾਰੀਅਲ ਮੂੰਗਫ਼ਲੀ ਅਤੇ ਸੂਰਜਮੁਖੀ ਤੇਲ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ। ਭਾਰਤ ਦੇ ਕੇਂਦਰੀ ਭਾਗ ਵਿੱਚ ਸੋਇਆਬੀਨ ਤੇਲ ਦੀ ਜ਼ਿਆਦਾ ਵਰਤੋਂ ਹੁੰਦੀ ਹੈ। ਪੰਜਾਬ ਸੂਬੇ ਵਿੱਚ ਦੇਸੀ ਘਿਉ ਦੀ ਵਰਤੋਂ ਸਭ ਤੋਂ ਵੱਧ ਹੁੰਦੀ ਹੈ ਅਤੇ ਇਸ ਤੋਂ ਬਾਅਦ ਬਨਸਪਤੀ ਘਿਉ, ਰਾਈਸ ਬਰਾਨ ਅਤੇ ਸਰ੍ਹੋਂ ਦੇ ਤੇਲ ਦੀ ਵਰਤੋਂ ਹੁੰਦੀ ਹੈ। ਪੰਜਾਬ ਵਿੱਚ ਚਿਕਨਾਈ ਦੀ ਵਰਤੋਂ ਪ੍ਰਤੀ ਜੀਅ ਸ਼ਹਿਰਾਂ ਵਿੱਚ 61 ਗਰਾਮ ਰੋਜ਼ਾਨਾ ਜਦ ਕਿ ਪਿੰਡਾਂ ਵਿੱਚ 58.7 ਗਰਾਮ ਰੋਜ਼ਾਨਾ ਵਰਤੋਂ ਹੁੰਦੀ ਹੈ ਜਿਸ ਕਾਰਨ ਦਿਲ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਵਧਦਾ ਹੈ। ਇਸ ਬਾਰੇ ਡਾ: ਮੋਨਿਕਾ ਚੌਧਰੀ ਨੇ ਦੱਸਿਆ ਕਿ ਸਾਨੂੰ ਆਪਣੇ ਭੋਜਨ ਵਿੱਚ ਵੱਖ ਵੱਖ ਕਿਸਮਾਂ ਦੇ ਤੇਲ ਅਤੇ ਚਿਕਨਾਈਆਂ ਵਰਤਣੀਆਂ ਚਾਹੀਦੀਆਂ ਹਨ ਅਤੇ ਸਮੇਂ ਸਮੇਂ ਅਨੁਸਾਰ ਇਨ੍ਹਾਂ ਵਿੱਚ ਤਬਦੀਲੀ ਲਿਆਉਣੀ ਚਾਹੀਦੀ ਹੈ।