ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੇਹ ਲਦਾਖ ਦੇ ਗੁਰਦੁਆਰਾ ‘ਪੱਥਰ ਸਾਹਿਬ’ ਤੇ ਗੁਰਦੁਆਰਾ ‘ਦਾਤਣ ਸਾਹਿਬ’ ਜੋ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹਨ ਦੀ ਮੁਕੰਮਲ ਸਾਂਭ-ਸੰਭਾਲ ਤੇ ਗੁਰਦੁਆਰਾ ਸਾਹਿਬਾਨ ਦੀ ਇਮਾਰਤੀ ਸਥਿਤੀ ਦਾ ਜਾਇਜਾ ਲੈਣ ਲਈ ਸ.ਰਾਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ, ਸ.ਸਤਿਬੀਰ ਸਿੰਘ ਐਡੀ:ਸਕੱਤਰ ਧਰਮ ਪ੍ਰਚਾਰ ਕਮੇਟੀ ਅਤੇ ਸ.ਦਿਲਜੀਤ ਸਿੰਘ ਬੇਦੀ ਮੀਤ ਸਕੱਤਰ ਸ਼੍ਰੋਮਣੀ ਕਮੇਟੀ ‘ਤੇ ਅਧਾਰਤ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਹੈ ਜੋ ਆਉਂਦੇ ਕੁਝ ਦਿਨਾਂ ‘ਚ ਮੌਕੇ ਤੇ ਜਾ ਕੇ ਸਾਰੀ ਸਥਿਤੀ ਦਾ ਜਾਇਜਾ ਲਵੇਗੀ ਤੇ ਮੁਕੰਮਲ ਰੀਪੋਰਟ ਦੇਵੇਗੀ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਮੈਨੂੰ ਕੁਝ ਸਿੱਖਾਂ ਵੱਲੋਂ ਇਤਲਾਹ ਪੁੱਜੀ ਹੈ ਕਿ ਲੇਹ ਲਦਾਖ ਦੇ ਗੁਰਦੁਆਰਾ ਸਾਹਿਬਾਨ ਦੀ ਸਾਂਭ ਸੰਭਾਲ ਠੀਕ ਤਰੀਕੇ ਨਹੀ ਹੋ ਰਹੀ। ਉਨ੍ਹਾਂ ਕਿਹਾ ਕਿ ਗਠਿਤ ਕਮੇਟੀ ਸਮੁੱਚੀ ਮਰਯਾਦਾ ਅਤੇ ਅਜੋਕੇ ਹਲਾਤਾਂ ਵਿੱਚ ਗੁਰਧਾਮਾਂ ਦੀ ਦਿਸ਼ਾ ਬਾਰੇ ਮੁਕੰਮਲ ਜਾਣਕਾਰੀ ਇਕੱਤਰ ਕਰਕੇ ਰੀਪੋਰਟ ਦੇਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਧਾਰਮਿਕ ਸੰਸਥਾ ਹੈ ਤੇ ਕਿਸੇ ਸੂਬੇ ਵਿੱਚ ਗੁਰੂ-ਘਰ ਪ੍ਰਤੀ ਜੇਕਰ ਕੋਈ ਮੁਸ਼ਕਲ ਹੁੰਦੀ ਹੈ ਤਾਂ ਪਹਿਲ ਦੇ ਅਧਾਰ ਤੇ ਉਸ ਮਸਲੇ ਵੱਲ੍ਹ ਧਿਆਨ ਦੇ ਕੇ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉੱਤਰਾਖੰਡ ‘ਚ ਹਰਿਦੁਆਰ ਵਿਖੇ ਸਥਿਤ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ‘ਹਰਿ ਕੀ ਪੌੜੀ’ ਵਿਖੇ ‘ਗੁਰਦੁਆਰਾ ਗਿਆਨ ਗੋਦੜੀ’ ਦੁਬਾਰਾ ਉਸੇ ਜਗ੍ਹਾ ਸਸ਼ੋਭਿਤ ਕਰਨ ਲਈ ਅਪ੍ਰੈਲ 2011 ‘ਚ ਮੁੱਖ ਮੰਤਰੀ ਡਾਕਟਰ ਰਮੇਸ਼ ਪੋਖਿਆਲ ਨਾਲ ਡੇਹਰਾਦੂਨ ਵਿਖੇ ਮੁਲਾਕਾਤ ਕੀਤੀ ਸੀ। ਮੁੱਖ ਮੰਤਰੀ ਵੱਲੋਂ ਭਰੋਸਾ ਦਿਤਾ ਸੀ ਕਿ ਉਹ ਇਹ ਮਸਲਾ ਪਹਿਲ ਦੇ ਅਧਾਰ ਤੇ ਹੱਲ ਕਰਨਗੇ, ਪ੍ਰੰਤੂ ਅਜੇ ਤੀਕ ਉਤਰਾਖੰਡ ਸਰਕਾਰ ਵੱਲੋਂ ਕੋਈ ਸੰਜੀਦਗੀ ਨਹੀ ਦਿਖਾਈ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਦੁਬਾਰਾ ਫਿਰ ਮੌਜੂਦਾ ਮੁੱਖ ਮੰਤਰੀ ਵਿਜੇ ਬਹੁਗੁਨਾ ਨੂੰ ਮਿਲ ਕੇ ਸਿੱਖ ਭਾਵਨਾਵਾਂ ਤੋਂ ਜਾਣੂੰ ਕਰਵਾਉਂਗੇ ਅਤੇ ‘ਹਰਿ ਕੀ ਪੌੜੀ’ ਵਿਖੇ ਗੁਰਦੁਆਰਾ ਸਾਹਿਬ ਸ਼ਸੋਭਿਤ ਕਰਵਾਉਣ ਲਈ ਕੋਸ਼ਿਸ਼ ਕਰਨਗੇ।
ਉਨ੍ਹਾਂ ਕਿਹਾ ਕਿ ਸੂਬਾ ਗੁਜਰਾਤ ‘ਚ ਸਿੱਖ ਭਾਈਚਾਰੇ ਨਾਲ ਸਬੰਧਤ ਕਿਸਾਨਾਂ ਵੱਲੋਂ ਹੱਡ ਚੀਰਵੀਂ ਮਿਹਨਤ ਨਾਲ ਜਮੀਨਾਂ ਆਬਾਦ ਕੀਤੀਆਂ ਸਨ ਜੋ ਉਨ੍ਹਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸਾਸ਼ਤਰੀ ਦੇ ਸਮੇਂ ਅਲਾਟ ਹੋਈਆਂ ਸਨ। ਤਕਰੀਬਨ 40-50 ਸਾਲ ਪਹਿਲਾਂ ਕੀਮਤਨ ਅਲਾਟ ਹੋਈਆਂ ਜਮੀਨਾਂ ਕਿਸਾਨਾਂ ਕੋਲੋਂ ਵਾਪਸ ਲੈਣ ਦੀ ਕੋਸ਼ਿਸ਼ ਹੋ ਰਹੀ ਹੈ। ਇਸ ਸਾਰੇ ਮਾਮਲੇ ਬਾਰੇ ਗੁਜਰਾਤ ਹਾਈਕੋਰਟ ਦਾ ਫੈਸਲਾ ਵੀ ਪੰਜਾਬੀ ਕਿਸਾਨਾਂ ਦੇ ਹੱਕ ਵਿੱਚ ਹੋਇਆ ਹੈ। ਪ੍ਰੰਤੂ ਕੁਝ ਲੋਕਲ ਕਿਸਾਨ ਜਬਰੀ ਪੰਜਾਬੀ ਕਿਸਾਨਾਂ ਨਾਲ ਧੱਕਾ ਕਰਦੇ ਹੋਏ ਉਹਨਾਂ ਦੀਆਂ ਜਮੀਨਾਂ ਉੱਪਰ ਨਜਾਇਜ਼ ਕਬਜੇ ਕਰਕੇ ਸਿੱਖ ਕਿਸਾਨਾਂ ਨੂੰ ਉਜਾੜ ਰਹੇ ਹਨ ਜੋ ਠੀਕ ਨਹੀ।
ਇਸੇ ਤਰ੍ਹਾਂ ਗੁਜਰਾਤ ਦੇ ਹੀ ਸ਼ਹਿਰ ਜਾਮਨਗਰ ਸਥਿਤ ਈ.ਐਸ.ਐਸ.ਏ.ਆਰ. ਤੇਲ ਸੋਧਕ ਕਾਰਖਾਨੇ ‘ਚ ਕੰਮ ਕਰਦੇ 300 ਦੇ ਕਰੀਬ ਅੰਮ੍ਰਿਤਧਾਰੀ ਸਿੱਖਾਂ ਨੂੰ ਸਿਰੀ ਸਾਹਿਬ ਪਾ ਕੇ ਕੰਮ ਕਰਨ ਤੋਂ ਰੋਕਿਆ ਗਿਆ ਹੈ, ਜਿਸ ਨਾਲ ਸਿੱਖ ਭਾਵਨਾ ਨੂੰ ਭਾਰੀ ਠੇਸ ਪਹੁੰਚੀ ਹੈ।
ਉਨ੍ਹਾਂ ਕਿਹਾ ਕਿ ਉਕਤ ਸਾਰੇ ਮਸਲਿਆਂ ਪ੍ਰਤੀ ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਨਰਿੰਦਰਾ ਦਮੋਦਰ ਦਾਸ ਮੋਦੀ ਨੂੰ ਪੱਤਰ ਲਿਖ ਕੇ ਸਾਰੀ ਸਥਿਤੀ ਤੋਂ ਜਾਣੂੰ ਕਰਵਾਉਂਦਿਆਂ ਪਹਿਲ ਦੇ ਅਧਾਰ ਤੇ ਮਸਲੇ ਹੱਲ ਕਰਨ ਲਈ ਕਿਹਾ ਹੈ।