ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਬਾਰੇ ਵਿਗਿਆਨਕ ਜਾਣਕਾਰੀ ਪਸਾਰਨ ਲਈ ਕੰਢੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਆਯੋਜਿਤ ਕੀਤਾ ਗਿਆ। ਇਸ ਕਿਸਾਨ ਮੇਲੇ ਵਿੱਚ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਅਮਰਜੀਤ ਸਿੰਘ ਖਹਿਰਾ ਮੁੱਖ ਮਹਿਮਾਨ ਵਜੋਂ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਤਨੂ ਕਸ਼ਅਪ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੇਲੇ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕੀਤੀ। ਬਲਾਚੌਰ ਦੇ ਐਸ ਡੀ ਐਮ ਸ਼੍ਰੀ ਐਚ ਐਸ ਧਾਲੀਵਾਲ ਵੀ ਇਸ ਮੌਕੇ ਹਾਜ਼ਰ ਸਨ।
ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਡਾ: ਖਹਿਰਾ ਨੇ ਦੱਸਿਆ ਕਿ ਦੇਸ਼ ਦੀ ਭੋਜਨ ਸੁਰੱਖਿਆ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਇਕ ਅਹਿਮ ਯੋਗਦਾਨ ਪਾ ਰਹੀ ਹੈ। ਉਨ੍ਹਾਂ ਇਸ ਮੌਕੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੁੱਖ ਫ਼ਸਲਾਂ ਦੀਆਂ ਸਿਫਾਰਸ਼ਾਂ ਸੰਬੰਧੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਕਿਤਾਬ ਜ਼ਰੂਰ ਖਰੀਦਣ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਤਰੱਕੀ ਦੇ ਰਾਹ ਤੋਰਨ ਲਈ ਵਿਦਿਅਕ ਖੇਤਰ ਵਿੱਚ ਹੋਰ ਹੰਭਲੇ ਮਾਰਨ ਦੀ ਜ਼ਰੂਰਤ ਹੈ। ਕਿਰਸਾਨੀ ਸਨਮੁੱਖ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਤਕਨਾਲੋਜੀ ਵਿਕਸਤ ਕੀਤੀ ਜਾਂਦੀ ਰਹੀ ਹੈ। ਯੂਨੀਵਰਸਿਟੀ ਦੇ ਗੋਲਡਨ ਜੁਬਲੀ ਵਰ੍ਹੇ ਦੌਰਾਨ ਯੂਨੀਵਰਸਿਟੀ ਵੱਲੋਂ ਵਿਕਾਸ ਅਤੇ ਖੋਜ ਕਾਰਜ ਆਰੰਭ ਕੀਤੇ ਗਏ ਹਨ।
ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਤਨੂ ਕਸ਼ਅਪ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕਿਸਾਨਾਂ ਦਾ ਇਸ ਖੋਜ ਕੇਂਦਰ ਪ੍ਰਤੀ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਪ੍ਰਤੀ ਵਿਸ਼ਵਾਸ ਕਿਸਾਨਾਂ ਦਾ ਇਹ ਭਰਵਾਂ ਇਕੱਠ ਬਿਆਨ ਕਰਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਭੋਜਨ ਸੁਰੱਖਿਆ ਲਈ ਯੂਨੀਵਰਸਿਟੀ ਨੇ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਖ ਵੱਖ ਕੇਂਦਰਾਂ ਵਿੱਚ ਪ੍ਰਦਾਨ ਕੀਤੀ ਜਾ ਰਹੀ ਸਹਾਇਕ ਕਿੱਤਿਆਂ ਸੰਬੰਧੀ ਸਿਖਲਾਈ ਜ਼ਰੂਰ ਪ੍ਰਾਪਤ ਕਰਨ।
ਡਾ: ਢਿਲੋਂ ਨੇ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਇਲਾਕੇ ਦੀ ਖੇਤੀ ਨੂੰ ਸੇਧ ਦੇਣ ਲਈ 1982 ਵਿੱਚ ਕੰਢੀ ਖੋਜ ਕੇਂਦਰ ਬਣਾਇਆ ਗਿਆ ਸੀ ਜਿਸ ਵਿੱਚ ਵੱਖ ਵੱਖ ਵਿਸ਼ਿਆਂ ਦੇ ਵਿਗਿਆਨੀ ਕੰਮ ਕਰ ਰਹੇ ਹਨ। ਇਸ ਸਮੇਂ ਦੌਰਾਨ ਸ਼ਲਾਘਾਯੋਗ ਖੋਜ ਪ੍ਰਾਪਤੀਆਂ ਹੋਈਆਂ ਹਨ ਜਿਨ੍ਹਾਂ ਤੋਂ ਇਲਾਕੇ ਦੀ ਖੇਤੀ ਨੂੰ ਸੇਧਾਂ ਮਿਲੀਆਂ ਹਨ। ਉਨ੍ਹਾਂ ਆਖਿਆ ਕਿ ਕੰਢੀ ਖੇਤਰ ਦੇ ਵਿਕਾਸ ਲਈ ਸਾਨੂੰ ਬਰਸਾਤੀ ਪਾਣੀ ਸੰਭਾਲਣ ਲਈ ਵਿਕਸਤ ਤਕਨਾਲੋਜੀ ਦਾ ਲਾਭ ਉਠਾਉਣਾ ਚਾਹੀਦਾ ਹੈ। ਡਾ: ਢਿੱਲੋਂ ਨੇ ਆਖਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਗਿਆਨੀ ਇਸ ਇਲਾਕੇ ਲਈ ਢੁੱਕਵੀਆਂ ਫ਼ਸਲਾਂ ਤੋਂ ਇਲਾਵਾ ਇਸ ਖੇਤਰ ਦੇ ਅਨੁਕੂਲ ਢੁੱਕਵੇਂ ਫ਼ਲਾਂ, ਅੰਬ, ਗਲਗਲ, ਨਿੰਬੂ ਜਾਤੀ ਦੇ ਫ਼ਲ, ਅਮਰੂਦ, ਬੇਰ ਅਤੇ ਆਂਵਲਾ ਤੇ ਵੀ ਨਿਰੰਤਰ ਖੋਜ ਕਰ ਰਹੇ ਹਨ ਅਤੇ ਇਨ੍ਹਾਂ ਫ਼ਲਾਂ ਲਈ ਵਿਸ਼ੇਸ਼ ਤਕਨੀਕਾਂ ਵੀ ਸਿਫਾਰਸ਼ ਕੀਤੀਆਂ ਗਈਆਂ ਹਨ। ਡਾ: ਢਿੱਲੋਂ ਨੇ ਦੱਸਿਆ ਕਿ ਇਸ ਵਾਰ ਮੇਲੇ ਦਾ ਉਦੇਸ਼ ‘‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’’ ਹੈ। ਸਾਨੂੰ ਉਤਪਾਦਨ ਵਧਾਉਣ ਦੇ ਨਾਲ ਨਾਲ ਕੁਦਰਤੀ ਸੋਮਿਆਂ ਦੀ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਸਫ਼ਲ ਸੈਲਫ਼ ਹੈਲਪ ਗਰੁੱਪਾਂ ਦਾ ਹਵਾਲਾ ਦਿੰਦਿਆਂ ਕਿ ਸਾਨੂੰ ਸਹਿਕਾਰੀ ਅਤੇ ਸਹਾਇਕ ਧੰਦਿਆਂ ਵੱਲ ਤੁਰਨਾ ਚਾਹੀਦਾ ਹੈ ਅਤੇ ਜ਼ਰੂਰਤ ਹੈ ਕਿ ਅਸੀਂ ਅੱਜ ਡੱਬਾਬੰਦੀ ਅਤੇ ਵੈਲਿਊ ਐਡੀਸ਼ਨ ਵਾਲੇ ਪਾਸੇ ਇਕ ਜੁਟ ਹੋ ਕੇ ਹੰਭਲਾ ਮਾਰੀਏ। ਡਾ: ਢਿੱਲੋਂ ਨੇ ਇਸ ਮੌਕੇ ਕਿਹਾ ਕਿ ਕਿਸਾਨਾਂ ਵਾਂਗ ਪੀ ਏ ਯੂ ਸਾਇੰਸਦਾਨ ਵੀ ਇਨ੍ਹਾਂ ਮੇਲਿਆਂ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੇ ਹਨ। ਜੇਕਰ ਕਿਸਾਨਾਂ ਨੂੰ ਨਵਾਂ ਗਿਆਨ ਇਨ੍ਹਾਂ ਮੇਲਿਆਂ ਤੋਂ ਪ੍ਰਾਪਤ ਹੋਣਾ ਹੈ ਤਾਂ ਸਾਇੰਸਦਾਨਾਂ ਨੂੰ ਕਿਸਾਨਾਂ ਵੱਲੋਂ ਦਿੱਤੀ ਪਰਤਵੀਂ ਸੂਚਨਾ ਨਵੀਆਂ ਖੋਜਾਂ ਲਈ ਲਾਭਕਾਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਗੱਲ ਹਮੇਸ਼ਾਂ ਯਾਦ ਰੱਖਣੀ ਚਾਹੀਦੀ ਹੈ ਕਿ ਪਾਣੀ ਨਾਲ ਹੀ ਸਾਡਾ ਕੱਲ੍ਹ ਸੀ ਤੇ ਅੱਜ ਹੈ। ਇਸੇ ਤਰ੍ਹਾਂ ਧੀਆਂ ਨਾਲ ਹੀ ਸਾਡਾ ਕੱਲ੍ਹ ਸੀ ਤੇ ਅੱਜ ਹੈ। ਸਾਨੂੰ ਸਮਾਜਿਕ ਕੁਰੀਤੀਆਂ ਨੂੰ ਇਕ ਜੁਟ ਹੋ ਕੇ ਠੱਲ੍ਹ ਪਾਉਣੀ ਚਾਹੀਦੀ ਹੈ।
ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਵਿਕਸਤ ਤਕਨਾਲੋਜੀ ਨੂੰ ਕਿਸਾਨਾਂ ਤਕ ਪਹੁੰਚਾਉਣ ਲਈ ਹਰ ਜ਼ਿਲ੍ਹੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਖੋਲੇ ਗਏ ਹਨ । ਇਨ੍ਹਾਂ ਕੇਂਦਰਾਂ ਦੇ ਨਾਲ ਸੰਪਰਕ ਰੱਖ ਕੇ ਕਿਸਾਨ ਨਵੀਨਤਮ ਵਿਕਸਤ ਤਕਨਾਲੋਜੀ ਨਾਲ ਆਪਣੇ ਆਪ ਨੂੰ ਸੁਚੇਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਮੇਲੇ ਤੋਂ ਕਿਸਾਨ ਨਵੀਨਤਮ ਬੀਜ, ਬੂਟੇ ਅਤੇ ਪ੍ਰਕਾਸ਼ਨਾਵਾਂ ਪ੍ਰਾਪਤ ਕਰ ਸਕਦੇ ਹਨ। ਡਾ: ਗਿੱਲ ਨੇ ਦੱਸਿਆ ਕਿ ਪਿੰਡਾਂ ਵਿੱਚ ਸੂਚਨਾ ਪਹੁੰਚਾਉਣ ਲਈ ਪੰਜਾਬ ਵਿੱਚ ਹਰ ਪਿੰਡ ਵਿੱਚ ਇਕ ਸੂਚਨਾ ਦੂਤ ਤਿਆਰ ਕੀਤਾ ਗਿਆ ਹੈ ਜਿਸ ਰਾਹੀਂ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਸੂਚਨਾ ਉਹ ਕਿਸਾਨਾਂ ਨਾਲ ਸਾਂਝੀ ਕਰ ਸਕਦੇ ਹਨ। ਡਾ: ਗਿੱਲ ਨੇ ਇਸ ਮੌਕੇ ਦੱਸਿਆ ਕਿ ਮੇਲੇ ਦੌਰਾਨ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨੀ ਪਲਾਟ ਅਤੇ ਸਟਾਲ ਲਗਾਏ ਗਏ ਹਨ ਜਿਨ੍ਹਾਂ ਤੋਂ ਉਹ ਨਵੀਨਤਮ ਜਾਣਕਾਰੀ ਹਾਸਿਲ ਕਰ ਸਕਦੇ ਹਨ।
ਯੂਨੀਵਰਸਿਟੀ ਦੇ ਸਹਿਯੋਗੀ ਨਿਰਦੇਸ਼ਕ ਖੋਜ ਡਾ: ਪਿਆਰਾ ਸਿੰਘ ਚਾਹਲ ਨੇ ਦੱਸਿਆ ਕਿ ਪਿਛਲੇ 50 ਵਰ੍ਹਿਆਂ ਦੌਰਾਨ ਯੂਨੀਵਰਸਿਟੀ ਵੱਲੋਂ ਵਿਭਿੰਨ ਫ਼ਸਲਾਂ ਦੀਆਂ 707 ਕਿਸਮਾਂ ਖੇਤਰੀ ਅਤੇ ਰਾਸ਼ਟਰੀ ਪੱਧਰ ਤੇ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਪਿਛਲੇ ਵਰ੍ਹੇ ਦੌਰਾਨ ਯੂਨੀਵਰਸਿਟੀ ਵੱਲੋਂ ਜਾਰੀ ਕੀਤੀਆਂ ਕਿਸਮਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਣਕ ਦੀਆਂ ਖੋਜਾਂ ਕਰਨ ਵਿੱਚ ਪੀ ਏ ਯੂ ਦੇਸ਼ ਦੀ ਇਕ ਮੋਹਰੀ ਯੂਨੀਵਰਸਿਟੀ ਹੈ ਅਤੇ ਭਵਿੱਖ ਵਿੱਚ ਸੋਕਾ, ਗਰਮੀ ਅਤੇ ਠੰਡ ਦਾ ਟਾਕਰਾ ਕਰਨ ਦੇ ਸਮਰੱਥ, ਕੀੜੇ ਮਕੌੜਿਆਂ ਅਤੇ ਬੀਮਾਰੀਆਂ ਤੋਂ ਬਚਾਅ ਸੰਬੰਧੀ ਨਵੀਆਂ ਖੋਜਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਇਸ ਮੌਕੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹੀ ਅਪਣਾਉਣ ਤਾਂ ਜੋ ਖੇਤੀ ਨੂੰ ਹੋਰ ਲਾਹੇਵੰਦ ਧੰਦਾ ਬਣਾਇਆ ਜਾ ਸਕੇ। ਡਾ: ਚਾਹਲ ਨੇ ਕਿਹਾ ਕਿ ਇਸ ਖੇਤਰ ਵਿੱਚ ਖੇਤੀ ਵਿਭਿੰਨਤਾ ਅਤੇ ਖੁਰਾਕੀ ਸੁਰੱਖਿਆ ਲਈ ਕਈ ਖੋਜ ਕਾਰਜ ਆਰੰਭ ਕੀਤੇ ਗਏ ਹਨ।
ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਕਸ਼ਅਪ ਨੂੰ ਪੀ ਏ ਯੂ ਦੀਆਂ ਪ੍ਰਕਾਸ਼ਨਾਵਾਂ ਵਿਸ਼ੇਸ਼ ਤੌਰ ਤੇ ਭੇਂਟ ਕੀਤੀਆਂ ਗਈਆਂ। ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਦੇ ਨਿਰਦੇਸ਼ਕ ਡਾ: ਸੁਭਾਸ਼ ਚੰਦਰ ਸ਼ਰਮਾ ਨੇ ਕੇਂਦਰ ਵੱਲੋਂ ਉਲੀਕੀਆਂ ਗਈਆਂ ਵੱਖ ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਅਤੇ ਧੰਨਵਾਦ ਦੇ ਸ਼ਬਦ ਕਹੇ। ਇਸ ਮੌਕੇ ਚੌਧਰੀ ਰਾਮ ਪ੍ਰਕਾਸ਼ ਅਤੇ ਇਸ ਇਲਾਕੇ ਦੇ ਉਘੇ ਕਿਸਾਨ ਸ: ਮਹਿੰਦਰ ਸਿੰਘ ਦੁਸਾਂਝ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨੀ ਪਲਾਟ ਅਤੇ ਸਟਾਲ ਵੀ ਲਗਾਏ ਗਏ ਸਨ। ਵੱਖ ਵੱਖ ਵਿਸ਼ਾ ਵਸਤੂ ਮਾਹਿਰਾਂ ਵੱਲੋਂ ਕਿਸਾਨਾਂ ਦੇ ਸੁਆਲਾਂ ਦੇ ਜਵਾਬ ਮੌਕੇ ਤੇ ਹੀ ਦਿੱਤੇ ਗਏ।