ਨਵੀਂ ਦਿੱਲੀ- ਕਾਂਗਰਸ ਦੇ ਮੁੱਖ ਸਕੱਤਰ ਦਿਗਵਿਜੈ ਸਿੰਘ ਵੱਲੋਂ ਸ਼ਿਵ ਸੈਨਾ ਮੁੱਖੀ ਬਾਲ ਠਾਕੁਰੇ ਅਤੇ ਉਸ ਦੇ ਪਰਿਵਾਰ ਨੂੰ ਮੂਲ ਰੂਪ ਵਿੱਚ ਬਿਹਾਰੀ ਦੱਸੇ ਜਾਣ ਤੇ ਉਹ ਬੁਰੀ ਤਰ੍ਹਾਂ ਨਾਲ ਬੁਖਲਾ ਗਏ ਹਨ। ਬਾਲ ਠਾਕੁਰੇ ਦੇ ਪੁੱਤਰ ਉਦੈ ਠਾਕੁਰੇ ਨੇ ਗੁਸੇ ਵਿੱਚ ਆਪੇ ਤੋਂ ਬਾਹਰ ਹੁੰਦਿਆਂ ਹੋਇਆਂ ਦਿਗਵਿਜੈ ਨੂੰ ਇਟੈਲੀਅਨ ਦੇ ਘਰ ਭਾਂਡੇ ਮਾਜਣ ਵਾਲਾ ਤੱਕ ਕਹਿ ਦਿੱਤਾ। ਦਿਗਵਿਜੈ ਨੇ ਵੀ ਇਸ ਸੱਭ ਦੀ ਪ੍ਰਵਾਹ ਨਾਂ ਕਰਦਿਆਂ ਹੋਇਆਂ ਕਿਹਾ ਕਿ ਠਾਕੁਰੇ ਪਰੀਵਾਰ ਨੂੰ ਆਪਣੇ ਬਿਹਾਰੀ ਹੋਣ ਤੇ ਮਾਣ ਕਰਨਾ ਚਾਹੀਦਾ ਹੈ।
ਦਿਗਵਿਜੈ ਸਿੰਘ ਨੇ ਪੁੱਖਤਾ ਸਬੂਤ ਦੇ ਕੇ ਇਹ ਸਾਬਿਤ ਕਰ ਦਿੱਤਾ ਕਿ ਠਾਕੁਰੇ ਪਰਿਵਾਰ ਦਾ ਸਬੰਧ ਬਿਹਾਰ ਨਾਲ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਠਾਕੁਰੇ ਪਰੀਵਾਰ ਨਾਲ ਕੋਈ ਸ਼ਿਕਾਇਤ ਨਹੀਂ ਹੈ, ਮੈਂ ਤਾਂ ਸਿਰਫ਼ ਉਨ੍ਹਾਂ ਨੂੰ ਇਹ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਉਹ 400 ਸਾਲ ਪਹਿਲਾਂ ਕਿਸੇ ਹੋਰ ਜਗ੍ਹਾ ਤੋਂ ਇੱਥੇ ਆਏ ਸਨ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਮਨੋਹਰ ਜੋਸ਼ੀ ਦੇ ਮੁੱਖਮੰਤਰੀ ਦੇ ਕਾਰਜਕਾਲ ਦੌਰਾਨ ਸਰਕਾਰ ਨੇ ਪ੍ਰਬੋਧਨਕਰ ਠਾਕੁਰੇ ਦਾ ‘ਸਮਗਰ ਵਾਂਗਮਯ ਕਾਂਡ’ ਛਾਪਿਆ ਸੀ। ਬਾਲ ਠਾਕੁਰੇ ਦੇ ਪਿਤਾ ਵੱਲੋਂ ਲਿਖੀ ਗਈ ਇਸ ਕਿਤਾਬ ਵਿੱਚ ਪਰੀਵਾਰ ਦੇ ਇਤਿਹਾਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਦਿਗਵਿਜੈ ਨੇ ਦਾਅਵਾ ਕੀਤਾ ਹੈ ਕਿ ਇਸ ਕਿਤਾਬ ਦੇ ਸਫ਼ਾ ਨੰਬਰ 45 ਤੇ ਲਿਖਿਆ ਹੈ ਕਿ ਠਾਕੁਰੇ ਪਰੀਵਾਰ ਮਗਧ ਜਾਣੀ ਕਿ ਬਿਹਾਰ ਤੋਂ ਭੋਪਾਲ ਗਿਆ, ਫਿਰ ਚਿਤੌੜਗੜ੍ਹ ਅਤੇ ਉਸ ਤੋਂ ਬਾਅਦ ਪੂਨੇ ਵਿੱਚ ਜਾ ਕੇ ਵਸਿਆ। ਉਨ੍ਹਾਂ ਨੇ ਕਿਹਾ ਕਿ ਇਸ ਕਿਤਾਬ ਦੇ ਆਧਾਰ ਤੇ ਹੀ ਠਾਕੁਰੇ ਪਰੀਵਾਰ ਨੂੰ ਮੂਲ਼ ਰੂਪ ਵਿੱਚ ਬਿਹਾਰੀ ਦੱਸਿਆ ਹੈ।ਦਿਗਵਿਜੈ ਨੇ ਰਾਜ ਠਾਕੁਰੇ ਅਤੇ ਉਦੈ ਠਾਕੁਰੇ ਨੂੰ ਮਸ਼ਵਰਾ ਦਿੱਤਾ ਕਿ ਉਹ ਬਿਹਾਰੀ ਹੋਣ ਤੇ ਗਰਵ ਕਰਨ ਅਤੇ ਨਫਰਤ ਦੀ ਜਗ੍ਹਾ ਦੇਸ਼ ਵਿੱਚ ਪਿਆਰ ਵੰਡਣ।