ਵਾਸਿੰਗਟਨ- ਅਮਰੀਕਾ ਦੀ ਰੀਪਬਲੀਕਨ ਪਾਰਟੀ ਦੇ ਉਮੀਦਵਾਰ ਮਿਟ ਰੋਮਨੀ ਦੀ ਪ੍ਰਚਾਰ ਮੁਹਿੰਮ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਬਰਾਕ ਓਬਾਮਾ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਮਾਮਲੇ ਵਿੱਚ ਆਯੋਗ ਸਾਬਿਤ ਹੋਇਆ ਹੈ। ਪਾਰਟੀ ਵੱਲੋਂ ਕੀਤੇ ਜਾ ਰਹੇ ਚੋਣ ਪਰਚਾਰ ਵਿੱਚ ਇੱਕ ਇਸ਼ਤਿਹਾਰ ਦੁਆਰਾ ਇਹ ਆਰੋਪ ਲਗਾਇਆ ਗਿਆ ਹੈ ਕਿ ਓਬਾਮਾ ਕਈ ਵਿਦੇਸ਼ ਨੀਤੀਆਂ ਦੇ ਮਸਲੇ ਤੇ ਅਸਫਲ ਰਹੇ ਹਨ ਜਿਵੇਂ ਅਫ਼ਗਾਨਿਸਤਾਨ ਵਿੱਚ ਅਮਰੀਕੀ ਮਿਸ਼ਨ ਨੂੰ ਖਤਰੇ ਵਿੱਚ ਪਾਉਣਾ, ਪਾਕਿਸਤਾਨ ਨਾਲ ਸਬੰਧ ਕਮਜੋਰ ਕਰਨਾ,ਇਸਰਾਈਲ ਨਾਲ ਵੀ ਰਿਸ਼ਤੇ ਖਰਾਬ ਕਰਨਾ ਅਤੇ ਈਰਾਨ ਦੇ ਪਰਮਾਣੂੰ ਹੱਥਿਆਰ ਪ੍ਰੋਗਰਾਮ ਨੂੰ ਰੋਕਣ ਵਿੱਚ ਨਾਕਾਮਯਾਬ ਰਹਿਣਾ ਵਰਗੇ ਮੁੱਦਿਆਂ ਤੇ ਅਸਫਲਤਾ ਮਿਲੀ ਹੈ।
ਰੋਮਨੀ ਦੁਆਰਾ ਕੀਤੇ ਜਾ ਰਹੇ ਚੋਣ ਪਰਚਾਰ ਵਿੱਚ ਕਿਹਾ ਜਾ ਰਿਹਾ ਹੈ ਕਿ ਰੂਸ ਨਾਲ ਫਿਰ ਤੋਂ ਸਬੰਧ ਸਥਾਪਿਤ ਕਰਨ ਲਈ ਵੀ ਅਮਰੀਕੀ ਹਿਤਾਂ ਨਾਲ ਸਮਝੌਤਾ ਕੀਤਾ ਗਿਆ ਹੈ ਅਤੇ ਵਪਾਰ ਦੇ ਮਾਮਲੇ ਵਿੱਚ ਵੀ ਚੀਨ ਤੋਂ ਪਿੱਛੇ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਓਬਾਮਾ ਦੀਆਂ ਗਲਤ ਨੀਤੀਆਂ ਕਰਕੇ ਸਾਡੇ ਅਫਗਾਨ ਸਹਿਯੋਗੀਆਂ ਅਤੇ ਪਾਕਿਸਤਾਨੀ ਅਧਿਕਾਰੀਆਂ ਨਾਲ ਰਿਸ਼ਤੇ ਖਰਾਬ ਹੋਏ ਹਨ। ਡੈਮੋਕਰੇਟ ਪਾਰਟੀ ਵੱਲੋਂ ਕੀਤੀ ਗਈ ਕਨਵੈਂਸ਼ਨ ਦੇ ਆਖਰੀ ਦਿਨ ਓਬਾਮਾ ਦੇ ਭਾਸ਼ਣ ਤੋਂ ਕੁਝ ਘੰਟੇ ਪਹਿਲਾਂ ਹੀ ਇਹ ਇਸ਼ਤਿਹਾਰ ਰਲੀਜ਼ ਕੀਤਾ ਗਿਆ।
ਬੇਰੁਜਗਾਰੀ ਦੇ ਮੁੱਦੇ ਤੇ ਵੀ ਓਬਾਮਾ ਨੂੰ ਘੇਰਿਆ ਜਾ ਰਿਹਾ ਹੈ। ਅਰਥਵਿਵਸਥਾ ਦੇ ਅੰਕੜਿਆਂ ਅਨੁਸਾਰ ਅਗੱਸਤ ਵਿੱਚ 96,000 ਜੌਬਸ ਆਈਆਂ ਹਨ ਪਰ ਜੁਲਾਈ ਵਿੱਚ 141,000 ਜੌਬਸ ਘੱਟ ਹੋਈਆਂ ਹਨ। ਇਸ ਤਰ੍ਹਾਂ ਬੇਰੁਜਗਾਰੀ ਦੀ ਦਰ ਜੁਲਾਈ ਵਿੱਚ 8.1% ਤੋਂ 8.3% ਤੇ ਪਹੁੰਚ ਗਈ ਹੈ।