ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ।ਕੌਮਾਂ ਦੀਆਂ ਨੀਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਹੀ ਖੜ੍ਹੀਆਂ ਹੁੰਦੀਆਂ ਹਨ। ਉਹ ਕੌਮਾਂ ਜਿਹੜੀਆਂ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਪਹਿਰਾ ਨਹੀਂ ਦਿੰਦੀਆਂ ਉਹ ਬਹੁਤੀ ਦੇ ਜਿੰਦਾ ਨਹੀਂ ਰਹਿੰਦੀਆਂ।ਸਿੱਖ ਕੌਮ ਦਾ ਵਿਰਸਾ ਤਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਸਿੱਖਾਂ ਦਾ ਤਾਂ ਵਿਰਸਾ ਹੀ ਬਹੁਤ ਅਮੀਰ ਹੈ। ਸ਼ਹੀਦ ਤਾਂ ਸ਼ਹੀਦ ਹੀ ਹੁੰਦਾ ਹੈ ਪ੍ਰੰਤੂ ਸਿਆਸਤਦਾਨਾ ਨੇ ਸ਼ਹੀਦਾਂ ਨੂੰ ਵੀ ਵੰਡ ਦਿੱਤਾ ਹੈ। 5 ਅਗਸਤ 2012 ਨੂੰ ਅਮਰੀਕਾ ਦੀ ਵਿਸਕਾਨਸਿਨ ਸਟੇਟ ਦੇ ਸ਼ਹਿਰ ਮਿਲਵਾਕੀ ਵਿੱਚ ਓਕ ਕਰੀਕ ਗੁਰੂ ਘਰ ਵਿੱਚ ਸ਼ਹੀਦ ਹੋਏ ਸਿੱਖ ਪਰਿਵਾਰਾਂ ਦੇ 6 ਸ਼ਹੀਦਾਂ ਨਾਲ ਵੀ ਪੰਜਾਬ ਸਰਕਾਰ ਤੇ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਤਕਰਾ ਕਰ ਰਹੀ ਹੈ। ਸ਼ਹੀਦ ਹੋਣ ਵਾਲੇ ਅਮੀਰ ਵਿਅਕਤੀਆਂ ਜਾਂ ਜਿਹਨਾਂ ਪਿੱਛੇ ਪੰਜਾਬ ਵਿੱਚ ਵਧੇਰੇ ਵੋਟਾਂ ਹਨ, ਉਹਨਾ ਦੇ ਪਰਿਵਾਰਾਂ ਜਾਂ ਵਾਰਸਾਂ ਨਾਲ ਤਾਂ ਪੰਜਾਬ ਸਰਕਾਰ ਪੱਬਾਂ ਭਾਰ ਹੋਕੇ ਦੁੱਖ ਵਿੱਚ ਸ਼ਾਮਲ ਹੋ ਰਹੀ ਹੈ। ਮੁੱਖ ਮੰਤਰੀ ,ਮੰਤਰੀ ਸਾਹਿਬਾਨ, ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਧਿਕਾਰੀ ਉਹਨਾ ਦੇ ਪਰਿਵਾਰਾਂ ਕੋਲ ਜਾਕੇ ਹਮਦਰਦੀ ਦਾ ਇਜਹਾਰ ਕਰ ਰਹੇ ਹਨ ਪ੍ਰੰਤੂ ਉਹਨਾ ਦੇ ਮੁਕਾਬਲੇ ਜਿਹੜੇ ਸ਼ਹੀਦਾਂ ਦੇ ਪਰਿਵਾਰ ਗਰੀਬ ਹਨ ਜਾਂ ਜਿਹਨਾ ਮਗਰ ਵੋਟਾਂ ਦੀ ਫੌਜ ਨਹੀਂ ਹੈ ,ਉਹਨਾ ਨਾਲ ਤਾਂ ਮੁੱਖ ਮੰਤਰੀ, ਮੰਤਰੀ ,ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਰੇ ਤਾਂ ਸੋਚਿਆ ਵੀ ਨਹੀਂ ਜਾ ਸਕਦਾ ਸਰਕਾਰੀ ਅਧਿਕਾਰੀ ਵੀ ਹਮਦਰਦੀ ਕਰਨ ਲਈ ਤਿਆਰ ਨਹੀਂ ਹਨ। ਪੰਜਾਬ ਵਿੱਚ ਪਟਿਆਲਾ ਇੱਕ ਅਜਿਹਾ ਸ਼ਹਿਰ ਹੈ ਜਿਹੜਾ ਨਸਲੀ ਵਿਤਕਰੇ ਦੀਆਂ ਘਟਨਾਵਾਂ ਹੋਣ ਕਰਕੇ ਸਭ ਤੋਂ ਵੱਧ ਪ੍ਰਭਾਵਤ ਹੋਇਆ ਹੈ। ਹੁਣ ਤੱਕ ਪਟਿਆਲਾ ਜਿਲ੍ਹੇ ਵਿੱਚ ਅਜਿਹੀਆਂ ਘਟਨਾਵਾਂ ਦੇ ਛੇ ਪਰਿਵਾਰ ਪ੍ਰਭਾਵਤ ਹੋ ਚੁੱਕੇ ਹਨ। ਉਹਨਾ ਵਿੱਚ ਓਕ ਕਰੀਕ ਗੁਰੂ ਘਰ ਦੀ ਘਟਨਾ ਵਿੱਚ ਪਟਿਆਲਾ ਤੋਂ ਦੋ ਵਿਅਕਤੀ ਸ਼ਹੀਦ ਹੋ ਚੁੱਕੇ ਹਨ। ਉਹ ਹਨ ਸ੍ਰ ਸਤਵੰਤ ਸਿੰਘ ਕਾਲੇਕਾ ਅਤੇ ਸ੍ਰ ਸ਼ੁਬੇਗ ਸਿੰਘ। ਸ੍ਰ ਕਾਲੇਕਾ ਅਤੇ ਸ਼ੁਬੇਗ ਸਿੰਘ ਨੇ ਰਲਕੇ ਆਪਸੀ ਸਹਿਯੋਗ ਨਾਲ ਓਕ ਕਰੀਕ ਗੁਰੂ ਘਰ ਦੀ ਉਸਾਰੀ ਕਰਵਾਈ ਸੀ ਅਤੇ ਦੋਵੇਂ ਅਖੀਰੀ ਦਮ ਤੱਕ ਪਿਛਲੇ ਪੰਦਰਾਂ ਸਾਲਾਂ ਤੋਂ ਇਕੱਠੇ ਕੰਮ ਕਰਦੇ ਰਹੇ ਹਨ। ਉਸ ਘਟਨਾ ਦੇ ਮੌਕੇ ਦੋਹਾਂ ਦਾ ਰੋਲ ਵੀ ਬਹੁਤ ਹੀ ਵਿਲੱਖਣ ਸੀ। ਸ੍ਰੀ ਕਾਲੇਕਾ ਨੇ ਤਾਂ ਕਾਤਲ ਨੂੰ ਜੱਫਾ ਮਾਰਕੇ ਪਕੜਿਆ ਵੀ ਸੀ। ਸ੍ਰ ਸੁਬੇਗ ਸਿੰਘ 84 ਸਾਲ ਦੀ ਉਮਰ ਦੇ ਸਨ ,ਉਹਨਾ ਆਪਣੀ ਨੂੰਹ ਦੇ ਭੱਜ ਕੇ ੇ ਲੁਕਣ ਲਈ ਕਹਿਣ ਤੇ ਵੀ ਭੱੰਜਣ ਤੋਂ ਸਾਫ ਇਨਕਾਰ ਕਰਦਿਆਂ ਕਿਹਾ ਸੀ ਕਿ ਉਹ ਗੁਰੂ ਘਰ ਵਿੱਚ ਸ਼ਹੀਦ ਹੋਣ ਨੂੰ ਤਰਜੀਹ ਦੇਵੇਗਾ, ਜਿਸਦੇ ਸਿੱਟੇ ਵਜੋਂ ਉਹ ਉਥੇ ਹੀ ਸ਼ਹੀਦੀ ਪਾ ਗਿਆ ਸੀ,ਇਸ ਤੋਂ ਇੱਕ ਸੱਚੇ ਸਿੱਖ ਵਿੱਚ ਸ੍ਰੀ ਗੁਰੂ ਪ੍ਰੰਥ ਸਾਹਿਬ ਵਿੱਚ ਅਟੁੱਟ ਵਿਸ਼ਵਾਸ਼ ਦਾ ਪਤਾ ਲਗਦਾ ਹੈ। ਪ੍ਰੰਤੂ ਬੜੇ ਦੁੱਖ ਦੀ ਗੱਲ ਹੈ ਕਿ ਸਿੱਖ ਇਤਿਹਾਸ ਹਮੇਸ਼ਾ ਸਿੱਖ ਸਹੀਦਾਂ ਦਾ ਸਤਿਕਾਰ ਹੀ ਨਹੀਂ ਕਰਦਾ ਸਗੋਂ ਉਹਨਾ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਪ੍ਰੇਰਨਾ ਵੀ ਦਿੰਦਾ ਹੈ, ਇਸ ਦੇ ਬਾਵਜੂਦ ਵੀ ਸ਼ਹੀਦ ਸ਼ੁਬੇਗ ਸਿੰਘ ਦੇ ਲੜਕੇ ਦੇ ਪਟਿਆਲਾ ਸ਼ਹਿਰ ਵਿੱਚ ਰਹਿਣ ਦੇ ਬਾਵਜੂਦ ਵੀ ਕਿਸੇ ਵੀ ਮੁੱਖ ਮੰਤਰੀ, ਮੰਤਰੀ ,ਸ਼ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਾਂ ਸਰਕਾਰੀ ਅਧਿਕਾਰੀ ਨੇ ਉਸਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਦੀ ਖੇਚਲ ਨਹੀਂ ਕੀਤੀ ਕਿਉਂਕਿ ਉਸਦਾ ਪਰਿਵਾਰ ਗਰੀਬ ਹੈ ਤੇ ਆਪਣੀ ਰੋਜੀ ਰੋਟੀ ਲਈ ਮਿਹਨਤ ਕਰ ਰਿਹਾ ਹੈ। ਸ੍ਰ ਸ਼ੁਬੇਗ ਸਿੰਘ ਦਾ ਪਿੰਡ ਫਤਿਹਗੜ੍ਹ ਜਿਲ੍ਹੇ ਵਿੱਚ ਰਤਨਗੜ੍ਹ ਹੈ, ਉਥੇ ਵੀ ਉਸਦੀ ਅੰਤਮ ਅਰਦਾਸ ਉਸਦੇ ਸੰਬਧੀਆਂ ਅਤੇ ਪਿੰਡ ਦੀ ਪੰਚਾਇਤ ਕਰਵਾਈ ਸੀ ਉਸ ਵਿੱਚ ਵੀ ਕੋਈ ਮੰਤਰੀ,ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਨੁਮਾਇੰਦਾ ਜਾਂ ਸੀਨੀਅਰ ਅਧਿਕਾਰੀ ਨੇ ਪਹੁੰਚਣ ਦੀ ਤਕਲੀਫ ਨਹੀਂ ਕੀਤੀ ਅਤੇ ਨਾ ਸਰਕਾਰ ਚਲਾ ਰਹੀ ਪਾਰਟੀ ਦਾ ਕੋਈ ਸੀਨੀਅਰ ਮੈਂਬਰ ਪਹੁੰਚਿਆ ਹੈ। ਕਾਂਗਰਸ ਦੇ ਦੋ ਐਮ ਐਲ ਏ ਪਟਿਆਲਾ ਦਿਹਾਤੀ ਤੋਂ ਸ੍ਰੀ ਬਰਹਮ ਮੋਹਿੰਦਰਾ ਅਤੇ ਸਰਹੰਦ ਤੋਂ ਐਮ ਐਲ ਏ ਸ੍ਰ ਕੁਲਜੀਤ ਸਿੰਘ ਨਾਗਰਾ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰੰਤੂ ਪਿੰਡ ਅਤੇ ਇਲਾਕੇ ਦੇ ਲੋਕ ਸਰਕਾਰ ਦੇ ਮੰਤਰੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਆਸ ਲਾਈ ਬੈਠੇ ਸਨ। ਪਿੰਡ ਅਤੇ ਇਲਾਕੇ ਦੇ ਲੋਕ ਸਰਕਾਰ ਦੀ ਸ਼ਹੀਦਾਂ ਪ੍ਰਤੀ ਬੇਰੁਖੀ ਤੋਂ ਦੁੱਖੀ ਹਨ,ਉਹਨਾ ਵਿੱਚ ਰੋਸ ਹੈ। ਸਰਕਾਰ ਦੇ ਜਾਣ ਨਾਲ ਸ਼ੁਬੇਗ ਸਿੰਘ ਨੇ ਤਾਂ ਮੁੜ ਨਹੀਂ ਆਉਣਾ ਸੀ ਪ੍ਰੰਤੂ ਦੁੱਖ ਤਾਂ ਘੱਟ ਸਕਦਾ ਸੀ। ਸਿਰਫ ਫਤਿਹਗੜ੍ਹ ਤੋਂ ਇੱਕ ਤਹਿਸੀਲਦਾਰ ਪਹੁੰਚਿਆ ਸੀ ,ਉਸਨੇ ਵੀ ਪਰਿਵਾਰ ਦੇ ਕਿਸੇ ਮੈਂਬਰ ਨਾਲ ਕੋਈ ਗੱਲ ਨਹੀਂ ਕੀਤੀ।ਸ਼ਹੀਦਾਂ ਦੇ ਪਰਿਵਾਰਾਂ ਨਾਲ ਇਸ ਵਿਤਕਰੇ ਨੂੰ ਪਿੰਡ ਅਤੇ ਇਲਾਕੇ ਦੇ ਲੋਕਾਂ ਨੇ ਬੁਰਾ ਮਨਾਇਆ ਹੈ।ਲੋਕ ਇਹਨਾ ਸ਼ਹੀਦਾਂ ਦੀ ਕਿਸੇ ਢੁਕਵੀਂ ਯਾਦਗਾਰ ਦੀ ਮੰਗ ਕਰਦੇ ਹਨ।ਮਗਰਮੱਛ ਦੇ ਹੰਝੂ ਵਹਾਉਣ ਲਈ ਮੁੱਖ ਮੰਤਰੀ ਜੋਕਿ ਇੱਕ ਸਮਾਜਕ ਸਮਾਗਮ ਵਿੱਚ ਅਮਰੀਕਾ, ਮਿਲਵਾਕੀ ਗਏ ਹੋਏ ਸਨ ,ਉਥੇ ਤਾਂ ਸਾਂਝੀ ਸ਼ੋਕ ਸਭਾ ਵਿੱਚ ਤਾਂ ਸ਼ਾਮਲ ਹੋ ਗਏ ਪ੍ਰੰਤੂ ਪੰਜਾਬ ਵਿੱਚ ਪਟਿਆਲੇ ਉਹ ਆਜਾਦੀ ਦਿਵਸ ਦੇ ਸਮਾਗਮ ਵਿੱਚ ਗਏ ਵੀ ਸਨ ਪ੍ਰੰਤੂ ਸ਼ੁਬੇਗ ਸਿੰਘ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਦਾ ਸਮਾ ਨਹੀਂ ਕੱਢ ਸਕੇ। ਇਸੇ ਤਰ੍ਹਾਂ ਮਿਲਵਾਕੀ ਵਿੱਚ ਹੀ 16 ਅਗਸਤ ਨੂੰ ਇਕ ਸਟੋਰ ਵਿੱਚ ਸ੍ਰ ਦਲਬੀਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਉਸਦੀ ਮਿਰਤਕ ਦੇਹ ਅਮਰੀਕਾ ਤੋਂ ਲਿਅਕੇ ਦਾ ਉਸਦੇ ਪਿੰਡ ਸਸਕਾਰ ਕੀਤਾ ਗਿਆ ਤਾਂ ਕੋਈ ਵੀ ਪੰਜਾਬ ਸਰਕਾਰ ਦਾ ਮੰਤਰੀ ਨਹੀਂ ਪਹੁੰਚਿਆ। ਇਸਤੋਂ ਇਲਾਵਾ ਅਖਬਾਰਾਂ ਵਿੱਚ ਖਬਰਾਂ ਦੇਣ ਲਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਵੀ ਸੋਗ ਦਾ ਮਤਾ ਪਾਸ ਕਰ ਦਿੱਤਾ ਅਤੇ ਦੋ ਮਿੰਟ ਦਾ ਮੋਨ ਰੱਖ ਲਿਆ।ਜੇਕਰ ਇਸੇ ਤਰ੍ਹਾਂ ਸਿੱਖ ਆਪਣੇ ਸ਼ਹੀਦਾਂ ਤੋਂ ਮੁਨਕਰ ਹੁੰਦੇ ਰਹੇ ਤਾਂ ਹੀ ਅੱਜ ਉਹਨਾ ਨੂੰ ਅਨੇਕਾਂ ਅਣਕਿਆਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਅਮਰੀਕਾ ਸਰਕਾਰ ਨੇ ਤਾਂ ਸਿੱਖ ਭਾਈਚਾਰੇ ਦਾ ਦੁੱਖ ਵੰਡਾਉਣ ਲਈ ਆਪਣੇ ਝੰਡੇ ਵੀ ਕੁਝ ਦਿਨਾ ਲਈ ਸ਼ਹੀਦਾਂ ਦੇ ਸਤਿਕਾਰ ਵਜੋਂ ਅੱਧੇ ਨੀਵੇਂ ਵੀ ਕਰ ਦਿੱਤੇ ਸਨ ਅਤੇ ਉਥੋਂ ਦੇ ਰਾਸ਼ਟਰਪਤੀ ਸ੍ਰੀ ਬਰਾਕ ਓਬਾਮਾ ਦੀ ਪਤਨੀ ਸ੍ਰਮਤੀ ਮਿਸ਼ੇਲ ਓਬਾਮਾ ਵੀ ਪੀੜਤ ਪਰਿਵਾਰਾਂ ਦਾ ਦੁੱਖ ਵੰਡਾਉਣ ਲਈ ਮਿਲਵਾਕੀ ਗਈ ਸੀ ਪ੍ਰੰਤੂ ਸਾਡੀ ਸਰਕਾਰ ਕੋਲ ਮਗਰਮੱਛ ਦੇ ਹੰਝੂ ਬਹਾਉਣ ਤੋਂ ਬਿਨਾ ਹੋਰ ਕੋਈ ਹਮਦਰਦੀ ਨਹੀਂ।