ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਦਹਿਸ਼ਤਗਰਦ ਭਾਰਤ ਵਿੱਚ ਦਾਖਿਲ ਹੋਣ ਲਈ ਸਮੁੰਦਰੀ ਰਸਤਿਆਂ ਦਾ ਵੀ ਇਸਤੇਮਾਲ ਕਰ ਸਕਦੇ ਹਨ। ਡਾ: ਮਨਮੋਹਨ ਸਿੰਘ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਅਰਧਸੈਨਿਕ ਬਲਾਂ, ਖੁਫ਼ੀਆ ਏਜੰਸੀਆਂ ਅਤੇ ਰਾਜ ਪੁਲਿਸ ਦੇ ਮੁੱਖੀਆਂ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਜੰਮੂ ਕਸ਼ਮੀਰ ਵਿੱਚ ਘੁਸਪੈਠ ਵੱਧਣ ਵੱਲ ਵੀ ਇਸ਼ਾਰਾ ਕੀਤਾ।
ਪ੍ਰਧਾਨਮੰਤਰੀ ਨੇ ਕਿਹਾ, “ਜੰਮੂ ਕਸ਼ਮੀਰ ਵਿੱਚ ਨਿਯੰਤਰਣ ਰੇਖਾ ਅਤੇ ਇਥੋਂ ਤੱਕ ਕਿ ਅੰਤਰਰਾਸ਼ਟਰੀ ਸੀਮਾ ਪਾਰ ਤੋਂ ਵੀ ਘੁਸਪੈਠ ਦੇ ਯਤਨਾਂ ਵਿੱਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਅਜਿਹੇ ਸੰਕੇਤ ਵੀ ਮਿਲੇ ਹਨ ਕਿ ਅੱਤਵਾਦੀ ਗਰੁੱਪ ਸਮੁੰਦਰੀ ਰਸਤੇ ਨੂੰ ਇਸਤੇਮਾਲ ਕਰਨ ਦੀ ਯੋਗਤਾ ਵੀ ਰੱਖਦੇ ਹਨ। ਇਸ ਲਈ ਨਾਂ ਕੇਵਲ ਜਮੀਨੀ ਸੀਮਾ ਸਗੋਂ ਸਮੁੰਦਰੀ ਤੱਟਾਂ ਤੇ ਵੀ ਨਿਗਰਾਨੀ ਵਧਾਉਣੀ ਹੋਵੇਗੀ।”
ਜੰਮੂ-ਕਸ਼ਮੀਰ ਵਿੱਚ ਹਾਲਾਤ ਪਹਿਲਾਂ ਨਾਲੋਂ ਬੇਹਤਰ ਹੋਣ ਦੀ ਗੱਲ ਕਰਕੇ ਪ੍ਰਧਾਨਮੰਤਰੀ ਨੇ ਪੁਲਿਸ ਅਤੇ ਸੁਰੱਖਿਆ ਦਸਤਿਆਂ ਦੀ ਤਾਰੀਫ਼ ਵੀ ਕੀਤੀ। ਉਨ੍ਹਾਂ ਨੇ ਕਿਹਾ, ‘ਰਾਜ ਵਿੱਚ ਸੁਰੱਖਿਆ ਪ੍ਰਬੰਧਾਂ ਵਿੱਚ ਸੁਧਾਰਾਂ ਦਾ ਹੀ ਨਤੀਜਾ ਹੈ ਕਿ ਇਸ ਸਾਲ ਅਮਰਨਾਥ ਯਾਤਰਾ ਸਫਲ ਰਹੀ ਅਤੇ ਇਸ ਤੋਂ ਇਲਾਵਾ ਸੂਬੇ ਵਿੱਚ ਰੀਕਾਰਡ ਸੰਖਿਆ ਵਿੱਚ ਟੂਰਿਸਟ ਪਹੁੰਚੇ ਹਨ।’
ਡਾ: ਮਨਮੋਹਨ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ ਅਤੇ ਐਸਐਮਐਸ ਦੁਆਰਾ ਹਾਲ ਹੀ ਵਿੱਚ ਕੀਤਾ ਗਿਆ ਪਰਚਾਰ ਦੇਸ਼ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਹੈ ਅਤੇ ਸਾਨੂੰ ਇਸ ਦਾ ਮੁਕਾਬਲਾ ਕਰਨਾ ਹੋਵੇਗਾ। ਸਾਨੂੰ ਅਫ਼ਵਾਹਾਂ ਨੂੰ ਕਾਰਗਰ ਢੰਗ ਨਾਲ ਕੰਟਰੋਲ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਪੁਲਿਸ ਇੱਕ ਅਜਿਹਾ ਢਾਂਚਾ ਤਿਆਰ ਕਰ ਲਵੇਗੀ ਜਿਸ ਨਾਲ ਸੋਸ਼ਲ ਮੀਡੀਆ ਦੇ ਗਲਤ ਪਰਚਾਰ ਨੂੰ ਕੰਟਰੋਲ ਕੀਤਾ ਜਾ ਸਕੇਗਾ। ਸਰਕਾਰ ਇੱਕ ਨਵਾਂ ਸੁਰੱਖਿਆ ਢਾਂਚਾ ਵੀ ਤਿਆਰ ਕਰ ਰਹੀ ਹੈ ਜਿਸ ਨਾਲ ਸਾਈਬਰ ਸੁਰੱਖਿਆ ਨੂੰ ਹੋਣ ਵਾਲੇ ਖਤਰੇ ਨਾਲ ਨਜਿਠਿਆ ਜਾ ਸਕੇ।