ਲੁਧਿਆਣਾ- ਪੰਜਾਬ ਵਿੱਚ ਸਰਕਾਰ ਦੁਆਰਾ ਮੈਰਿਜ ਪੈਲਸਾਂ ਅਤੇ ਰੀਜਾਰਟ ਮਾਲਿਕਾਂ ਨੂੰ ਸ਼ਰਤਾਂ ਪੂਰੀਆਂ ਕਰਨ ਲਈ ਮਿਲੇ ਨੋਟਿਸ ਕਰਕੇ ਬੇਚੈਨੀ ਪਾਈ ਜਾ ਰਹੀ ਹੈ। ਇਨ੍ਹਾਂ ਨੋਟਿਸਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜੇ ਸ਼ਰਤਾਂ ਪੂਰੀਆਂ ਨਾਂ ਕੀਤੀਆਂ ਗਈਆਂ ਤਾਂ ਪੈਲਸਾਂ ਨੂੰ ਬੰਦ ਕਰਵਾ ਦਿੱਤਾ ਜਾਵੇਗਾ। ਵਿਆਹਾਂ ਦਾ ਸੀਜਨ ਹੋਣ ਕਰਕੇ ਬਿਜਨਸਮੈਨਾਂ ਨੂੰ ਬੁਕਿੰਗ ਕੈਂਸਲ ਹੋਣ ਦਾ ਡਰ ਸਤਾ ਰਿਹਾ ਹੈ। ਇਸ ਨਾਲ ਆਮ ਲੋਕ ਜੋ ਆਪਣੇ ਵਿਆਹਾਂ ਦੇ ਫੰਕਸ਼ਨ ਪੈਲਸ ਵਿੱਚ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਵੀ ਸੰਕਟ ਪੈਦਾ ਹੋ ਜਾਵੇਗਾ।
ਪੰਜਾਬ ਮੈਰਿਜ ਪੈਲਸ ਐਨਡ ਰੀਜਾਰਟ ਐਸੋਸੀਏਸ਼ਨ ਨੇ ਵੀ ਮੀਟਿੰਗ ਕਰਕੇ ਇਸ ਮੁੱਦੇ ਤੇ ਚਰਚਾ ਕੀਤੀ ਹੈ। ਇਸ ਮੀਟਿੰਗ ਵਿੱਚ ਸਰਕਾਰੀ ਨੀਤੀਆਂ ਦੀ ਸਖਤ ਅਲੋਚਨਾ ਕੀਤੀ ਗਈ। ਸਰਕਾਰ ਤੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਮੈਰਿਜ ਪੈਲਸਾਂ ਅਤੇ ਰੀਜਾਰਟ ਨੂੰ ਚੇਂਜ ਆਫ ਲੈਂਡ ਯੂਜ ਤੋਂ ਪਾਸੇ ਰੱਖਿਆ ਜਾਵੇ ਤੇ ਪੈਲਸਾਂ ਲਈ ਠੋਸ ਨੀਤੀ ਬਣਾਈ ਜਾਵੇ। ਲਗਜਰੀ ਟੈਕਸ ਵੀ ਦੁਗਣਾ ਕਰ ਦਿੱਤਾ ਗਿਆ ਹੈ ਅਤੇ ਖਾਣੇ ਤੇ ਵੀ ਵੈਟ ਦੀ ਦਰ ਵਿੱਚ ਅੱਧਾ ਫੀਸਦੀ ਵਾਧਾ ਕਰ ਦਿੱਤਾ ਗਿਆ ਹੈ।