ਨਵੀਂ ਦਿੱਲੀ- ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾਰੀ ਨੇ ਸੰਸਦ ਨਾਂ ਚੱਲਣ ਦੇਣ ਦੇ ਮੁੱਦੇ ਤੇ ਭਾਜਪਾ ਦੇ ਨਾਲ ਨਾਲ ਕੈਗ ਨੂੰ ਵੀ ਜਿੰਮੇਵਾਰ ਠਹਿਰਾਇਆ ਹੈ। ਤਿਵਾਰੀ ਨੇ ਇਹ ਆਰੋਪ ਲਗਾਇਆ ਹੈ ਕਿ ਇਸ ਮਾਮਲੇ ਵਿੱਚ ਕੈਗ ਅਤੇ ਭਾਜਪਾ ਆਪਸ ਵਿੱਚ ਰਲੇ ਹੋਏ ਹਨ। ਉਨ੍ਹਾਂ ਨੇ ਕੈਗ ਤੇ ਆਪਣੀ ਸੰਵਿਧਾਨਿਕ ਪੁਜੀਸ਼ਨ ਦਾ ਗਲਤ ਉਪਯੋਗ ਕਰਨ ਦਾ ਆਰੋਪ ਵੀ ਲਗਾਇਆ ਹੈ। ਅਜਿਹੇ ਤੱਤ ਸਾਹਮਣੇ ਆ ਰਹੇ ਹਨ ਕਿ ਕੈਗ ਰਿਪੋਰਟ ਜਾਰੀ ਕਰਨ ਤੋਂ ਪਹਿਲਾਂ ਭਾਜਪਾ ਦੇ ਇੱਕ ਨੇਤਾ ਨੇ ਕੈਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਸੀ।
ਕਾਂਗਰਸ ਨੇ ਨਾਂ ਸਿਰਫ਼ ਕੈਗ ਦੇ ਕੰਮ ਕਰਨ ਦੇ ਤਰੀਕਿਆਂ ਅਤੇ ਸ਼ੈਲੀ ਤੇ ਸਵਾਲ ਉਠਾਏ,ਸਗੋਂ ਦੇਸ਼ ਦੇ ਅੰਦਰ ਸਰਵਜਨਿਕ ਮਾਮਲੇ ਨੂੰ ਉਗਰ ਬਣਾਉਣ ਲਈ ਵੀ ਜਿੰਮੇਵਾਰ ਠਹਿਰਾਇਆ। ਕੈਗ ਵੱਲੋਂ ਪਿੱਛਲੇ ਕੁਝ ਮਹੀਨਿਆਂ ਤੋਂ ਜਾਰੀ ਰਿਪੋਰਟਾਂ ਵਿੱਚ ਜਿਸ ਤਰ੍ਹਾਂ ਦੇ ਅਨੁਮਾਨਿਤ ਅਤੇ ਕਾਲਪਨਿਕ ਅੰਕੜੇ ਸਾਹਮਣੇ ਆਏ ਹਨ, ਉਹ ਕੈਗ ਦੇ ਗਣਿਤ ਤਰੀਕਿਆਂ ਤੇ ਸਵਾਲ ਖੜ੍ਹੇ ਕਰਦੇ ਹਨ। ਕੈਗ ਨੇ ਸਾਲ 2009-10 ਵਿੱਚ ਉਚ ਸਿੱਖਿਆ ਵਿੱਚ ਤਕਰੀਬਨ 1.16 ਲੱਖ ਕਰੋੜ ਦਾ ਅਨੁਮਾਨਿਤ ਨੁਕਸਾਨ ਦੱਸਿਆ ਹੈ, ਜਦੋਂ ਕਿ ਉਸ ਸਾਲ ਦਾ ਉਚ ਸਿੱਖਿਆ ਦਾ ਕੁਲ ਬਜਟ ਹੀ 16 ਹਜ਼ਾਰ ਕਰੋੜ ਦਾ ਸੀ। ਸੋਚਣ ਵਾਲੀ ਗੱਲ ਹੈ ਕਿ ਬਜਟ ਤੋਂ ਜਿਆਦਾ ਨੁਕਸਾਨ ਕਿਸ ਤਰ੍ਹਾਂ ਹੋ ਸਕਦਾ ਹੈ।
ਤਿਵਾਰੀ ਦਾ ਕਹਿਣਾ ਹੈ ਕਿ ਭਾਜਪਾ ਇਸ ਮੁੱਦੇ ਤੇ ਦੋਹਰਾ ਮਾਪਦੰਡ ਅਪਨਾ ਰਹੀ ਹੈ। ਜਦੋਂ ਕਾਂਗਰਸ ਸਰਕਾਰ ਦੀ ਗੱਲ ਹੁੰਦੀ ਹੈ ਤਾਂ ਬੀਜੇਪੀ ਨੂੰ ਕੈਗ ਦੇ ਅੰਕੜੇ ਸਹੀ ਨਜ਼ਰ ਆਉਂਦੇ ਹਨ ਪਰ ਜਦੋਂ ਭਾਜਪਾ ਦੇ ਰਾਜ ਵਾਲੇ ਮੁੱਖਮੰਤਰੀਆਂ ਦੀ ਵਾਰੀ ਆਉਂਦੀ ਹੈ ਤਾਂ ਕੈਗ ਦੇ ਅੰਕੜੇ ਉਸ ਨੂੰ ਕਾਲਪਨਿਕ ਵਿਖਾਈ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਕੈਗ ਦੀ ਕਾਰਜਸ਼ੈਲੀ ਤੇ ਅਸੀਂ ਨਹੀਂ, ਸਗੋਂ ਦੇਸ਼ ਦੇ ਸਾਰੇ ਮਾਹਿਰ ਅਤੇ ਵਿਚਾਰਵਾਨ ਉਂਗਲੀ ਉਠਾ ਰਹੇ ਹਨ। ਤਿਵਾਰੀ ਨੇ ਹਾਲ ਹੀ ਵਿੱਚ ਆਈ ਅਟਾਮਿਕ ਅਨਰਜ਼ੀ ਰੇਗੂਲੇਟਰੀ ਬੋਰਡ (ਏਆਈਆਰਬੀ) ਤੇ ਕੈਗ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਏਆਈਆਰਬੀ ਤੇ ਕੈਗ ਨੇ ਟਿਪਣੀ ਕੀਤੀ, ਉਸ ਤੇ ਏਆਈਆਰਬੀ ਦੇ ਸਾਬਕਾ ਸਕੱਤਰ ਪਾਰਥਸਾਰਥੀ ਨੇ ਖੁਦ ਕਿਹਾ ਸੀ ਕਿ ਕੈਗ ਨੇ ਇਸ ਕਾਨੂੰਨ ਸਬੰਧੀ ਗਲਤ ਬਿਆਨਬਾਜ਼ੀ ਕੀਤੀ ਹੈ, ਇਸ ਲਈ ਉਸ ਨੂੰ ਰਾਸ਼ਟਰਪਤੀ, ਸੰਸਦ ਅਤੇ ਦੇਸ਼ ਦੀ ਜਨਤਾ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਕਾਂਗਰਸ ਨੇ ਕੈਗ ਤੇ ਅੰਤਰਰਾਸ਼ਟਰੀ ਪੱਧਰ ਤੇ ਦੇਸ਼ ਦਾ ਅਕਸ ਖਰਾਬ ਕਰਨ ਦਾ ਆਰੋਪ ਵੀ ਲਗਾਇਆ ਹੈ।