ਫਤਹਿਗੜ੍ਹ ਸਾਹਿਬ – “ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਗੱਲ ਦੇ ਹੱਕ ਵਿਚ ਹੈ ਕਿ ਪੁਲਿਸ ਅਤੇ ਪ੍ਰਸ਼ਾਸਨਿਕ ਅਫ਼ਸਰਸ਼ਾਹੀ ਕਾਨੂੰਨ ਦੇ ਦਾਇਰੇ ਵਿਚ ਰਹਿਕੇ ਆਪਣੇ ਫਰਜ਼ਾਂ ਦੀ ਪੂਰਤੀ ਕਰਨ ਨਾਂਅ ਕਿ ਕਾਨੂੰਨ ਨੂੰ ਹੱਥ ਵਿਚ ਲੈਕੇ ਕਿਸੇ ਅਪਰਾਧੀ ਜਾਂ ਗੈਰ ਕਾਨੂੰਨੀ ਕਾਰਵਾਈ ਕਰਨ ਵਾਲੇ ਨੂੰ ਗੋਲੀਆਂ ਦਾ ਨਿਸ਼ਾਨਾਂ ਬਣਾਕੇ ਝੂਠਾ ਪੁਲਿਸ ਮੁਕਾਬਲਾ ਬਣਾਕੇ ਮੌਤ ਦੇ ਮੂੰਹ ਵਿਚ ਧਕੇਲ ਦੇਣ । ਬੀਤੇ ਦਿਨੀ ਅਸੀਂ ਬਠਿੰਡਾ ਵਿਖੇ ਗੁਰਸ਼ੇਰ ਸਿੰਘ ਸ਼ੇਰਾ ਨਾਮ ਦੇ ਵਿਅਕਤੀ ਨੂੰ ਪੁਲਿਸ ਵੱਲੋਂ ਮੁਕਾਬਲਾ ਦਿਖਾਕੇ ਮਾਰ ਦੇਣ ਸੰਬੰਧੀ ਅਸੀਂ ਸੰਕਾ ਜ਼ਾਹਿਰ ਕੀਤੀ ਸੀ, ਜੋ ਸਪੋਕਸਮੈਨ ਅਖ਼ਬਾਰ ਦੇ ਪੰਨਾ ਨੰਬਰ 8 ਤੇ ਮਿਤੀ 10 ਸਤੰਬਰ 2012 ਦੇ ਪੇਪਰ ਵਿਚ ਪ੍ਰਕਾਸਿਤ ਹੋਈ ਖ਼ਬਰ ਸੱਚ ਨੂੰ ਜ਼ਾਹਿਰ ਕਰਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਸੁਮੇਧ ਸੈਣੀ ਡੀ.ਜੀ.ਪੀ ਪੰਜਾਬ, ਪੰਜਾਬ ਪੁਲਿਸ ਦੇ ਗੁਪਤ ਤੌਰ ਤੇ ਬਣਾਏ ਗਏ ਸਲਾਹਕਾਰ ਕੇ.ਪੀ.ਐਸ ਗਿੱਲ ਅਤੇ ਸਿੱਖ ਕੌਮ ਦੇ ਕਾਤਿਲ ਇਜ਼ਹਾਰ ਆਲਮ ਵਰਗੇ ਪੁਲਿਸ ਅਫ਼ਸਰਾਂ ਦੀ ਅਗਵਾਈ ਹੇਠ ਪੰਜਾਬ ਪੁਲਿਸ ਵੱਲੋਂ ਪੰਜਾਬ ਦੇ ਬਸਿੰਦਿਆਂ ਨਾਲ ਜ਼ਬਰ-ਜੁਲਮ ਕਰਨ ਅਤੇ ਜਸਪਾਲ ਸਿੰਘ ਚੌੜ ਸਿੱਧਵਾਂ, ਮਾਨਸਾ ਜਿਲ੍ਹੇ ਦੇ ਪਿੰਡ ਅਕਲੀਆ ਵਿਖੇ ਦੋ ਨਿਹੱਥੇ ਜਿੰਮੀਦਾਰਾਂ ਨੂੰ ਪੁਲਿਸ ਵੱਲੋਂ ਮਾਰ ਦੇਣ ਦੀ ਘਟਨਾ ਅਤੇ ਹੁਣ ਬਠਿੰਡਾ ਵਿਖੇ ਕਮਲਾ ਨਹਿਰੂ ਕਲੌਨੀ ਵਿਚ ਦਿਨ-ਦਿਹਾੜੇ ਕੁਝ ਦਿਨ ਪਹਿਲੇ ਇਕ ਪਾਸੜ ਪੁਲਿਸ ਵੱਲੋਂ ਚੱਲੀ ਗੋਲੀ ਨਾਲ ਉਪਰੋਕਤ ਗੁਰਸ਼ੇਰ ਸਿੰਘ ਸ਼ੇਰਾ ਨੂੰ ਖ਼ਤਮ ਕਰਨ ਦੀਆਂ ਦੁਖਾਂਤਿਕ ਕਾਰਵਾਈਆਂ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਪੁਲਿਸ ਵੱਲੋਂ ਦਿਖਾਏ ਮੁਕਾਬਲੇ ਵਿਚ ਨਾ ਤਾਂ ਕੋਈ ਸਿਵਲੀਅਨ ਜਖ਼ਮੀ ਹੋਇਆ ਹੈ ਅਤੇ ਨਾ ਹੀ ਕੋਈ ਪੁਲਿਸ ਮੁਲਾਜ਼ਮ ਅਤੇ ਨਾ ਹੀ ਗੁਰਸ਼ੇਰ ਸਿੰਘ ਸ਼ੇਰਾ ਦੇ ਨਾਲ ਬੈਠੀ ਇਕ ਬੀਬੀ ਜਿਸ ਨੂੰ ਉਸ ਦੀ ਪਤਨੀ ਐਲਾਨਿਆ ਗਿਆ ਹੈ ਆਦਿ ਕਿਸੇ ਦੇ ਝਰੀਟ ਤੱਕ ਨਹੀ ਆਈ । ਜਿਸ ਤੋ ਸਾਬਿਤ ਹੋ ਜਾਂਦਾ ਹੈ ਕਿ ਇਹ ਮੁਕਾਬਲਾ ਝੂਠਾ ਪੁਲਿਸ ਮੁਕਾਬਲਾ ਸੀ ।
ਸ. ਮਾਨ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਕੀਤੀ ਰੂਲਿਗ “ਸੂਔ-ਮੋਟੋ” (Suo-moto) ਦੇ ਅਨੁਸਾਰ ਸੁਪਰੀਮ ਕੋਰਟ ਤੇ ਹਾਈ ਕੋਰਟ ਸੂਔ-ਮੋਟੋ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਇਸ ਦੀ ਸੀ.ਬੀ.ਆਈ. ਤੋ ਨਿਰਪੱਖਤਾ ਨਾਲ ਜਾਂਚ ਕਰਵਾਕੇ ਦੋਸੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਨ ਵਰਨਾ ਪੰਜਾਬ ਦੇ ਹਾਲਾਤ ਬਹੁਤ ਵਿਸਫੋਟਕ ਹੋ ਜਾਣਗੇ, ਜਿਸ ਦੇ ਨਤੀਜੇ ਅੱਛੇ ਨਹੀ ਹੋਣਗੇ । ਗੁਰਸ਼ੇਰ ਸਿੰਘ ਸ਼ੇਰਾ ਨੂੰ ਮਾਰਨ ਵਾਲੇ ਪੁਲਿਸ ਅਧਿਕਾਰੀਆ ਨੇ ਸੁਪਰੀਮ ਕੋਰਟ ਦੇ ਉਪਰੋਕਤ ਸੂਔ-ਮੋਟੋ ਰੂਲਿੰਗ ਦੀ ਘੋਰ ਉਲੰਘਣਾ ਕੀਤੀ ਹੈ ਜੋ ਕਾਨੂੰਨੀ ਤੌਰ ਤੇ ਦੋਸੀ ਹਨ । ਜਿਨ੍ਹਾ ਪੁਲਿਸ ਅਫ਼ਸਰਾਂ ਤੇ ਕਰਮਚਾਰੀਆਂ ਨੇ ਗੁਰਦਾਸਪੁਰ ਵਿਖੇ ਜਸਪਾਲ ਸਿੰਘ ਚੌੜ ਸਿੱਧਵਾਂ, ਅਕਲੀਆ ਵਿਖੇ ਦੋ ਅਮਨਮਈ ਤਰੀਕੇ ਰੋਸ ਵਿਖਾਵਾ ਕਰ ਰਹੇ ਜਿੰਮੀਦਾਰਾਂ ਨੂੰ ਅਤੇ ਬੀਤੇ ਕੁਝ ਦਿਨ ਪਹਿਲੇ ਬਠਿੰਡਾ ਵਿਖੇ ਗੁਰਸੇਰ ਸਿੰਘ ਸ਼ੇਰਾ ਨੂੰ ਮਾਰਿਆ ਹੈ, ਅਜਿਹੇ ਕਾਤਿਲ ਪੁਲਿਸ ਅਧਿਕਾਰੀਆਂ ਦੀ ਨਿਰਪੱਖਤਾ ਨਾਲ ਪਹਿਚਾਣ ਕਰਕੇ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਦੇ ਹੋਏ ਕਾਨੂੰਨ ਅਨੁਸਾਰ ਸਜਾਵਾਂ ਦੇਣ ਦਾ ਪ੍ਰਬੰਧ ਤੁਰੰਤ ਕੀਤਾ ਜਾਵੇ । ਤਾਂ ਕਿ ਬੀਤੇ ਸਮੇਂ ਵਿਚ ਬੇਕਸੂਰ ਸਿੱਖ ਨੌਜ਼ਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਨ ਵਾਲੇ ਸ੍ਰੀ ਸੁਮੇਧ ਸੈਣੀ, ਕੇ.ਪੀ.ਐਸ ਗਿੱਲ ਅਤੇ ਇਜ਼ਹਾਰ ਆਲਮ ਵਰਗੇ ਜ਼ਾਬਰ ਅਫ਼ਸਰ ਪੰਜਾਬ ਨਿਵਾਸੀਆ ਦਾ ਭਵਿੱਖ ਵਿਚ ਖ਼ੂਨ ਨਾ ਵਹਾ ਸਕਣ ਅਤੇ ਪੰਜਾਬ ਦੇ ਅਮਨਮਈ ਮਾਹੌਲ ਨੂੰ ਗੰਧਲਾ ਕਰਕੇ ਇਹ ਅਫ਼ਸਰਸ਼ਾਹੀ ਅਤੇ ਇਨ੍ਹਾਂ ਦੀ ਪੁਸਤਪਨਾਹੀ ਕਰਨ ਵਾਲੇ ਸ. ਬਾਦਲ ਅਤੇ ਹੋਰ ਸਿਆਸਤਦਾਨ ਆਪਣੇ ਪਰਿਵਾਰਿਕ, ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਵਿਚ ਕਾਮਯਾਬ ਨਾ ਹੋ ਸਕਣ ਅਤੇ ਇਥੇ ਜ਼ਮਹੂਰੀਅਤ ਤੇ ਅਮਨਮਈ ਲੀਹਾਂ ਦਾ ਬੋਲਬਾਲਾ ਕਾਇਮ ਰਹਿ ਸਕੇ “ਜੰਗਲ” ਦੇ ਰਾਜ ਦਾ ਖ਼ਾਤਮਾ ਹੋ ਸਕੇ ।