ਲੰਡਨ ,(ਮਨਦੀਪ ਖੁਰਮੀ ਹਿੰਮਤਪੁਰਾ)- ਬੇਸ਼ੱਕ ਪੰਜਾਬੀ ਫਿਲਮ ਇੰਡਸਟਰੀ ਦੇ ਪੁਨਰ ਸੁਰਜੀਤ ਹੋਣ ਜਾਂ ਸੁਨਹਿਰੀ ਯੁਗ ਸ਼ੁਰੂ ਹੋਣ ਦੇ ਕਿਆਫੇ ਲਗਾਏ ਜਾ ਰਹੇ ਹਨ ਪਰ ਪੰਜਾਬੀ ਸਿਨੇਮਾ ਅਜੇ ਵੀ ਆਮ ਜਨਜੀਵਨ ਤੋਂ ਕੋਹਾਂ ਦੂਰ ਰਹਿ ਕੇ ਕਾਲਜ਼ਾਂ ਵਿੱਚ ਮੁੰਡਿਆਂ ਕੁੜੀਆਂ ਨੂੰ ਆਸ਼ਕੀ ਦੇ ਪਾਠ ਪੜਾਉਣ, ਅਧਿਆਪਕਾਂ ਨੂੰ ਮਜ਼ਾਕ ਦੇ ਪਾਤਰ ਬਨਾਉਣ ਜਾ ਫਿਰ ਦੋਹਰੀ ਭੱਦੀ ਸ਼ਬਦਾਵਲੀ ਵਾਲੇ ਸੰਵਾਦ ਘੜ੍ਹਨ ਵਿੱਚ ਹੀ ਬੁਰੀ ਤਰ੍ਹਾਂ ਉਲਝਿਆ ਹੋਇਆ ਹੈ। ਪੰਜਾਬੀ ਫਿਲਮਾਂ ਦੇ ਨਾਂ ‘ਤੇ ਪਰੋਸੀ ਜਾਂਦੀ ਹਲਕੇ ਪੱਧਰ ਦੀ ਸ਼ਬਦਾਵਲੀ ਤੋਂ ਤੰਗ ਆ ਕੇ ਲੋਕਾਂ ਨੇ ਆਪਣੇ ਪੱਧਰ ‘ਤੇ ਹੀ ਮੋਰਚੇ ਖੋਲ੍ਹਣੇ ਸ਼ੁਰੂ ਕਰ ਲਏ ਹਨ। ਜਿਸ ਦੇ ਨਤੀਜੇ ਵਜੋਂ ਪਰਿਵਾਰਕ ਫਿਲਮ ਵਜੋਂ ਪ੍ਰਚਾਰੀ ਗਈ ਫਿਲਮ ਸਿਰਫਿਰੇ ਦੇ ਨਾਇਕ ਪ੍ਰੀਤ ਹਰਪਾਲ ਨੂੰ ਮਾਫੀ ਮੰਗਣੀ ਪਈ। ਕੈਨੇਡਾ ਤੋਂ ਪ੍ਰਸਾਰਿਤ ਹੁੰਦੇ ਇਕ ਰੇਡੀਓ ਹੋਸਟ ਵੱਲੋਂ ਇਸ ਫਿਲਮ ਵਿੱਚ ਅਸ਼ਲੀਲ ਸ਼ਬਦਾਵਲੀ ਸੰਬੰਧੀ ਉਠਾਏ ਸਵਾਲਾਂ ਤੋਂ ਬਾਦ ਪ੍ਰੀਤ ਹਰਪਾਲ ਨੂੰ ਫਿਲਮ ਵਿੱਚ ਭੱਦੀ ਸ਼ਬਦਾਵਲੀ ਦੇ ਵਰਤੇ ਜਾਣ ਸੰਬੰਧੀ ਸਪਸ਼ਟੀਕਰਨ ਦੇਣ ਲਈ ਲੋਕਾਂ ਅੱਗੇ ਜਵਾਬਦੇਹ ਹੋਣਾ ਪਿਆ। ਉਹਨਾਂ ਕਿਹਾ ਕਿ ਬੇਸ਼ੱਕ ਉਹ ਫਿਲਮ ਦੀ ਟੀਮ ਦਾ ਇੱਕ ਹਿੱਸਾ ਮਾਤਰ ਸਨ ਪਰ ਫਿਰ ਵੀ ਇਸ ਫਿਲਮ ਰਾਹੀਂ ਆਪਣੇ ਕਿਰਦਾਰ ‘ਤੇ ਲੱਗੇ ਦਾਗ ਨੂੰ ਮਿਟਾਉਣ ਲਈ ਪੰਜਾਬੀ ਭਾਈਚਾਰੇ ਤੋਂ ਮਾਫੀ ਮੰਗਦੇ ਹਨ। ਉਹਨਾਂ ਕਿਹਾ ਕਿ ਇਸ ਬੱਜਰ ਗਲਤੀ ਨੂੰ ਦਰੁਸਤ ਕਰਨ ਲਈ ਉਹ ਨੇੜ ਭਵਿੱਖ ਵਿੱਚ ਆਪਣੀ ਫਿਲਮ ਜਰੂਰ ਬਣਾਉਣਗੇ। ਲਗਭਗ ਅੱਧਾ ਘੰਟਾ ਚੱਲੀ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਉਹਨਾਂ ਨੂੰ ਫਿਲਮੀ ਖੇਤਰ ਦਾ ਤਜ਼ਰਬਾ ਨਾ ਹੋਣ ਕਾਰਨ ਉਹਨਾਂ ਨੇ ਹੀ ਫਿਲਮ ਦੀ ਬਿਨਾਂ ਪੜ੍ਹੇ ਹੀ ਸਮਝੌਤੇ ‘ਤੇ ਦਸਤਖਤ ਕਰ ਦਿੱਤੇ ਸਨ। ਜਿੱਥੇ ਇਸ ਫਿਲਮ ਸੰਬੰਧੀ ਪਰਿਵਾਰਾਂ ਸਮੇਤ ਫਿਲਮ ਦੇਖਣ ਪਹੁੰਚ ਕੇ ਸ਼ਰਮਸ਼ਾਰ ਹੋਏ ਲੋਕਾਂ ਵਿੱਚ ਰੋਹ ਪਾਇਆ ਜਾ ਰਿਹਾ ਹੈ ਉੱਥੇ ਸੁਹਿਰਦ ਪੰਜਾਬੀਆਂ ਨੇ ਪ੍ਰੀਤ ਹਰਪਾਲ ਵੱਲੋਂ ਰੇਡੀਓ ਪ੍ਰੋਗ੍ਰਾਮ ਵਿੱਚ ਸ਼ਾਮਿਲ ਹੋ ਕੇ ਜਨਤਕ ਤੌਰ ‘ਤੇ ਮਾਫੀ ਮੰਗਣ ਦੇ ਕਦਮ ਦੀ ਸ਼ਲਾਘਾ ਵੀ ਕੀਤੀ।
ਫਿਲਮ ਸਿਰਫਿਰੇ ਦੀ ‘ਤੋਏ ਤੋਏ’ ਹੋਣ ਤੋਂ ਬਾਦ ਪ੍ਰੀਤ ਹਰਪਾਲ ਨੇ ਮੰਗੀ ਮੁਆਫ਼ੀ
This entry was posted in ਅੰਤਰਰਾਸ਼ਟਰੀ.