ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਇੰਗਲੈਂਡ ਦੇ ਸੁਹਿਰਦ ਪੰਜਾਬੀਆਂ ਦੇ ਜੱਥੇ ਵੱਲੋਂ ਐਂਗਲੋ ਸਿੱਖ ਹੈਰੀਟੇਜ ਟਰਾਇਲ ਅਤੇ ਸਿੱਖ ਸੁਸਾਇਟੀ ਯੂ ਕੇ (ਲਿਮ) ਦੇ ਸਾਂਝੇ ਉੱਦਮਾਂ ਨਾਲ ਸਕਾਟਲੈਂਡ ਦੀਆਂ ਪਹਾੜੀ ਵਾਦੀਆਂ ‘ਚ ਕੈਨਮੋਰ ਪਿੰਡ ਦਾ ਦੌਰਾ ਕੀਤਾ ਗਿਆ ਜਿੱਥੇ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਅਤੇ ਸਿੱਖ ਰਾਜ ਦੇ ਆਖਰੀ ਚਿਰਾਗ ਮਹਾਰਾਜਾ ਦਲੀਪ ਸਿੰਘ ਦੇ ਇੱਕ ਦਿਨਾ ਬੇਟੇ ਦੀ ਸਮਾਧ ਬਣੀ ਹੋਈ ਹੈ, ਜਿਸਦਾ ਅਜੇ ਨਾਮਕਰਨ ਵੀ ਨਹੀਂ ਸੀ ਹੋਇਆ। ਐਂਗਲੋ ਸਿੱਖ ਯੁੱਧ ਦੌਰਾਨ ਬ੍ਰਿਟਸ਼ ਸਰਕਾਰ ਵੱਲੋਂ ਮਹਾਰਾਜਾ ਦਲੀਪ ਸਿੰਘ ਨੂੰ ਸਕਾਟਲੈਂਡ ਪਹੁੰਚਾ ਦਿੱਤਾ ਗਿਆ ਸੀ ਅਤੇ ਉਹਨਾਂ ਨੂੰ ‘ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ’ ਦੇ ਖਿ਼ਤਾਬ ਨਾਲ ਵੀ ਨਿਵਾਜ਼ ਦਿੱਤਾ ਸੀ। ਜਿਕਰਯੋਗ ਹੈ ਕਿ ਮਹਾਰਾਜਾ ਦਲੀਪ ਸਿੰਘ ਜੀ ਦੀ ਮਹਾਰਾਣੀ ਨੇ ਇਸ ਇੱਕ ਦਿਨਾ ਬੱਚੇ ਨੂੰ 4 ਅਗਸਤ 1865 ਨੂੰ ਜਨਮ ਦਿੱਤਾ ਸੀ ਤੇ ਉਹ 5 ਅਗਸਤ ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ। ਇਤਿਹਾਸਕਾਰ ਅਤੇ ਮਹਾਰਾਜਾ ਦਲੀਪ ਸਿੰਘ ਜੀ ਦੇ ਜੀਵਨੀਕਾਰ ਭੁਪਿੰਦਰ ਪੀਟਰ ਸਿੰਘ ਬੈਂਸ ਨੇ ਹਾਜਰੀਨ ਨੂੰ ਇਸ ਅਸਾਧਾਰਨ ਘਟਨਾ ਦੀਆਂ ਤਹਿਆਂ ਖੋਲ੍ਹ ਕੇ ਸੁਣਾਈਆਂ। ਇਸ ਸਮੇਂ ਕੈਨਮੋਰ ਚਰਚ ਦੇ ਐਨ ਬਰੈਨਨ ਵੱਲੋਂ ਕੀਤੀ ਦੁਆ ਤੋਂ ਬਾਦ ਸਕਾਟਲੈਂਡ ਦੀ ਰਵਾਇਤੀ ਪੁਸ਼ਾਕ ‘ਚ ਸਜੇ ਬੈਂਡ ਵਾਦਕ ਵੱਲੋਂ ਇਸ ਸਦਾ ਦੀ ਨੀਂਦ ਸੌਂ ਚੁੱਕੇ ਸ਼ਹਿਜ਼ਾਦੇ ਨੂੰ ਸ਼ਰਧਾਂਜਲੀ ਦੇਣ ਹਿੱਤ ਸੁਰਾਂ ਅਲਾਪੀਆਂ ਗਈਆਂ ਤਾਂ ਹਾਜ਼ਰ ਸਿੱਖਾਂ ਵੱਲੋਂ ਬੁਲਾਏ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰੇ ਨਾਲ ਸਕਾਟਲੈਂਡ ਦੀਆਂ ਵਾਦੀਆਂ ਗੂੰਜ਼ ਉੱਠੀਆਂ। ਬੇਸ਼ੱਕ ਕਿਸੇ ਨੂੰ ਯਾਦ ਚੇਤੇ ਨਹੀਂ ਸੀ ਪਰ ਇਹ ਸਮਾਧ 1977 ਵਿੱਚ ਮੁੜ ਚਰਚਾ ਦਾ ਵਿਸ਼ਾ ਬਣੀ। ਇੱਥੇ ਇਹ ਵੀ ਜਿਕਰਯੋਗ ਹੈ ਕਿ ਇਹ ਸਮਾਧ ਇਤਿਹਾਸ ਦੇ ਪੰਨਿਆਂ ਵਿੱਚੋਂ ਸ਼ਾਇਦ ਅਲੋਪ ਹੋ ਗਈ ਹੋਣੀ ਸੀ ਜੇਕਰ ‘ਮਹਾਰਾਜ਼ ਦਾ ਬੌਕਸ’ ਦੇ ਲੇਖਕ ਕਰਿਸਟੀ ਕੈਂਪਬੈੱਲ ਵੱਲੋਂ ਮਹਾਰਾਜਾ ਦਲੀਪ ਸਿੰਘ ਬਾਰੇ ਲੇਖ ਨਾ ਲਿਖਿਆ ਹੁੰਦਾ। ਇਸ ਸਮੇਂ ਬੋਲਦਿਆਂ ਗਲਾਸਗੋ ਦੇ ਕੌਂਸਲਰ ਸੋਹਣ ਸਿੰਘ, ਅਣਛੋਹੇ ਮੁੱਦਿਆਂ ਨੂੰ ਪ੍ਰੈੱਸ ਰਾਹੀਂ ਉਜਾਗਰ ਕਰਨ ਲਈ ਚਰਚਿਤ ਅਜੈਬ ਸਿੰਘ ਗਰਚਾ, ਐਂਗਲੋ ਸਿੱਖ ਹੈਰੀਟੇਜ ਟਰਾਇਲ ਦੇ ਚੇਅਰਮੈਨ ਹਰਬਿੰਦਰ ਸਿੰਘ ਰਾਣਾ, ਰਣਜੀਤ ਸਿੰਘ ਸ਼ਾਹੀ ਸਾਊਥਹੈਂਪਟਨ, ਜਗਦੀਸ਼ ਸਿੰਘ ਸਰਪੰਚ ਅਜਟਾਣੀ, ਹਰਭਜਨ ਸਿੰਘ ਯੋਗੀ ਦੇ ਜੱਥੇ ਤੋਂ ਅੰਮ੍ਰਿਤ ਛਕ ਕੇ 40 ਸਾਲ ਪਹਿਲਾਂ ਸਿੰਘ ਸਜੇ ਗੋਰੇ ਨਿਰੰਜਣ ਸਿੰਘ (ਲਾਸ ਏਂਜਲਸ) ਆਦਿ ਨੇ ਡਾਂਡੀ ਯੂਨੀਵਰਸਿਟੀ ਦੇ ਸਿੱਖ ਵਿਦਿਆਰਥੀਆਂ ਅਤੇ ਹਾਜਰ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਸਿੱਖ ਇਤਿਹਾਸ ਦੇ ਬਿਖਰੇ ਇਤਿਹਾਸ ਨੂੰ ਸਾਂਭਣ ਲਈ ਸਕਾਟਲੈਂਡ ਵਾਸੀ ਵਧਾਈ ਦੇ ਪਾਤਰ ਹਨ ਉੱਥੇ ਪੰਜਾਬੀ ਭਾਈਚਾਰੇ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਆਪਣੀ ਇਸ ਨਿਸ਼ਾਨੀ ਦੇ ਸਤਿਕਾਰ ਲਈ ਅੱਗੇ ਆਵੇ।
ਇੰਗਲੈਂਡ ਦੇ ਸੁਹਿਰਦ ਪੰਜਾਬੀਆਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਦੀ ਸਮਾਧ ‘ਤੇ ਕੀਤੇ ਸ਼ਰਧਾ ਪੁਸ਼ਪ ਅਰਪਣ
This entry was posted in ਅੰਤਰਰਾਸ਼ਟਰੀ.