ਬੇਨਗਾਜੀ- ਲੀਬੀਆ ਵਿੱਚ ਅਮਰੀਕੀ ਵਣਿਜ ਦੂਤਾਵਾਸ ਤੇ ਹੋਏ ਹਮਲੇ ਦੇ ਸਬੰਧ ਵਿੱਚ ਜਾਂਚ ਚੱਲ ਰਹੀ ਹੈ ਅਤੇ ਕੁਝ ਗ੍ਰਿਫ਼ਤਾਰੀਆਂ ਵੀ ਹੋਈਆਂ ਹਨ। ਮੰਗਲਵਾਰ ਨੂੰ ਲੀਬੀਆ ਵਿੱਚ ਅਮਰੀਕੀ ਦੂਤਾਵਾਸ ਤੇ ਹੋਏ ਹਮਲੇ ਵਿੱਚ ਅਮਰੀਕੀ ਰਾਜਦੂਤ ਜੇ ਕ੍ਰਿਸਟੋਫ ਸਟੀਵੰਸ ਸਮੇਤ ਚਾਰ ਅਮਰੀਕੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਇਹ ਹਮਲਾ ਭੜਕੀ ਹੋਈ ਜਨਤਾ ਦੀ ਬਜਾਏ ਅਲਕਾਇਦਾ ਵਤਲੋਂ ਕੀਤਾ ਗਿਆ ਹੈ।
ਅਮਰੀਕੀ ਸੈਨਾ ਨੇ ਲੀਬੀਆ ਵਿੱਚ ਮੋਰਚਾ ਖੋਲ੍ਹਣ ਦੇ ਸੰਕੇਤ ਦੇ ਦਿੱਤੇ ਹਨ। ਅਮਰੀਕੀ ਸੈਨਾ ਦੇ ਦੋ ਲੜਾਕੂ ਹਜਾਜ਼ ਅਤੇ 50 ਤੋਂ ਵੱਧ ਸੈਨਿਕ ਲੀਬੀਆ ਵਿੱਚ ਪਹੁੰਚ ਗਏ ਹਨ। ਸੈਨਾ ਵੱਲੋਂ ਕਟੜਪੰਥੀ ਗਰੁੱਪਾਂ ਅਤੇ ਗਦਾਫ਼ੀ ਸਮਰਥੱਕਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ।
ਲੀਬੀਆ ਦੇ ਉਪ ਗ੍ਰਹਿਮੰਤਰੀ ਸ਼ਰੀਫ਼ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸਬੂਤ ਖੋਜੇ ਜਾ ਰਹੇ ਹਨ। ਇਸ ਸਬੰਧ ਵਿੱਚ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਕਿੰਨੇ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਤੇ ਊਨ੍ਹਾਂ ਦੀ ਬੈਕਗਰਾਂਊਡ ਕੀ ਹੈ ਕਿਉਂਕਿ ਇਸ ਨਾਲ ਜਾਂਚ ਤੇ ਅਸਰ ਪੈ ਸਕਦਾ ਹੈ। ਇਸ ਸਮੇਂ ਇਸਲਾਮ ਵਿਰੋਧੀ ਫਿਲਮ ਦੇ ਵਿਰੁੱਧ ਪ੍ਰਦਰਸ਼ਨ ਈਰਾਨ ਅਤੇ ਅਰਬ ਦੇਸ਼ਾਂ ਵਿੱਚ ਵੀ ਫੈਲ ਗਿਆ ਹੈ। ਇਸ ਫਿਲਮ ਦੇ ਵਿਰੋਧ ਵਿੱਚ ਹੀ ਅਮਰੀਕੀ ਦੁਤਾਵਾਸ ਤੇ ਹਮਲਾ ਹੋਇਆ ਸੀ।
ਫਿਲਮ ‘ਇਨੋਸੈਂਸ ਆਫ਼ ਮੁਸਲਿਮ’ ਦੇ ਖਿਲਾਫ਼ ਪੂਰੇ ਅਰਬ ਜਗਤ ਵਿੱਚ ਪ੍ਰਦਰਸ਼ਨ ਹੋ ਰਹੇ ਹਨ। ਯਮਨ ਵਿੱਚ ਵੀ ਸੈਂਕੜੇ ਲੋਕਾਂ ਨੇ ਅਮਰੀਕੀ ਦੂਤਾਵਾਸ ਅੰਦਰ ਵੜ ਕੇ ਜਮ ਕੇ ਹੁਲੜਬਾਜ਼ੀ ਕੀਤੀ। ਵਿਖਾਵਾਕਾਰੀਆਂ ਨੇ ਦੂਤਾਵਾਸ ਵਿੱਚ ਤੋੜਫੋੜ ਕੀਤੀ ਅਤੇ ਗੱਡੀਆਂ ਨੂੰ ਅੱਗ ਲਗਾਈ।ਸੁਰੱਖਿਆ ਕਰਮਚਾਰੀਆਂ ਨਾਲ ਹੋਈ ਝੜਪ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਲੋਕ ਜਖਮੀ ਹੋਏ। ਮਿਸਰ ਵਿੱਚ ਵੀ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿੱਚ ਹਿੰਸਕ ਘਟਨਾਵਾਂ ਦੌਰਾਨ 30 ਲੋਕ ਜਖਮੀ ਹੋਏ।