ਨਵੀਂ ਦਿੱਲੀ- ਪੈਟਰੋਲੀਅਮ ਵਿਭਾਗ ਨੇ ਡੀਜ਼ਲ ਦੇ ਰੇਟਾਂ ਵਿੱਚ ਭਾਰੀ ਵਾਧਾ ਕੀਤਾ ਹੈ। ਸਰਕਾਰ ਨੇ ਡੀਜ਼ਲ ਦੇ ਮੁੱਲ ਵਿੱਚ 5 ਰੁਪੈ ਪ੍ਰਤੀ ਲਿਟਰ ਦਾ ਵਾਧਾ ਕਰ ਦਿੱਤਾ ਹੈ। ਰਸੋਈ ਗੈਸ ਤੇ ਵੀ ਕੋਟਾ ਸਿਸਟਮ ਲਾਗੂ ਕਰ ਦਿੱਤਾ ਗਿਆ ਹੈ। ਹੁਣ ਸਾਲ ਵਿੱਚ ਸਿਰਫ਼ 6 ਸਿਲੰਡਰਾਂ ਤੇ ਹੀ ਸਬਸਿੱਡੀ ਮਿਲਿਆ ਕਰੇਗੀ। ਪੈਟਰੋਲ ਅਤੇ ਕੈਰੋਸਿਨ ਦੀ ਕੀਮਤ ਵਿੱਚ ਅਜੇ ਕੋਈ ਵਾਧਾ ਨਹੀਂ ਕੀਤਾ ਗਿਆ। ਡੀਜ਼ਲ ਦੇ ਰੇਟ ਵੱਧਣ ਨਾਲ ਮਹਿੰਗਾਈ ਹੋਰ ਵੱਧ ਸਕਦੀ ਹੈ।
ਰਾਜਨੀਤਕ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਬੈਠਕ ਵਿੱਚ ਮਨਜੂਰੀ ਮਿਲਣ ਤੋਂ ਬਾਅਦ ਪੈਟਰੋਲੀਅਮ ਵਿਭਾਗ ਨੇ ਡੀਜ਼ਲ ਦੇ ਰੇਟਾਂ ਵਿੱਚ 5 ਰੁਪੈ ਦਾ ਵਾਧਾ ਕਰ ਦਿੱਤਾ ਹੈ।ਵੱਧੇ ਹੋਏ ਰੇਟ ਅੱਜ ਤੋਂ ਹੀ ਲਾਗੂ ਹੋ ਜਾਣਗੇ। ਕੈਰੋਸਿਨ ਦੇ ਮੁੱਲ ਵਿੱਚ ਅਜੇ ਕੋਈ ਵਾਧਾ ਨਹੀਂ ਹੋਇਆ।ਸਰਕਾਰ ਨੇ ਪੈਟਰੋਲ ਤੇ ਐਕਸਾਈਜ਼ ਡਿਊਟੀ 5.50 ਰੁਪੈ ਘਟਾ ਦਿੱਤੀ ਹੈ। ਇਸ ਲਈ ਅਜੇ ਪੈਟਰੌਲ ਦੇ ਰੇਟ ਨਹੀਂ ਵੱਧਣਗੇ। ਤੇਲ ਕੰਪਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇੱਕ ਲਿਟਰ ਪੈਟਰੋਲ ਪਿੱਛੇ 6 ਰੁਪੈ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੀ ਮੰਗ ਸੀ ਕਿ ਪੈਟਰੋਲ ਦੀ ਕੀਮਤ ਵਿੱਚ ਵੀ 5 ਰੁਪੈ ਦਾ ਵਾਧਾ ਕੀਤਾ ਜਾਵੇ।
ਸਰਕਾਰ ਨੇ ਸਬਸਿੱਡੀ ਤੇ 14.2 ਕਿਲੋ ਦੇ ਐਲਪੀਜੀ ਸਿਲੰਡਰ ਦੇਣ ਤੇ ਵੀ ਲਿਮਿਟ ਲਗਾ ਦਿੱਤੀ ਹੈ। ਇਸ ਅਨੁਸਾਰ ਜੇ ਕੋਈ ਪਰੀਵਾਰ ਸਾਲ ਵਿੱਚ 6 ਤੋਂ ਵੱਧ ਸਿਲੰਡਰ ਲੈਂਦਾ ਹੈ ਤਾਂ ਉਸ ਨੂੰ ਹਰ ਵਾਧੂ ਸਿਲੰਡਰ ਤੇ 347 ਰੁਪੈ ਜਿਆਦਾ ਦੇਣੇ ਪਿਆ ਕਰਨਗੇ। ਦਿੱਲੀ ਵਿੱਚ ਰਸੋਈ ਗੈਸ ਦੀ ਕੀਮਤ ਅਜੇ 399 ਰੁਪੈ ਪ੍ਰਤੀ ਸਿਲੰਡਰ ਹੈ।ਤੇਲ ਕੰਪਨੀਆਂ ਹਰ ਮਹੀਨੇ ਇਸ ਦੇ ਰੇਟ ਤੈਅ ਕਰਨਗੀਆਂ।ਪੈਟਰੋਲੀਅਮ ਵਿਭਾਗ ਦੀ ਇੱਕ ਸੰਸਦੀ ਕਮੇਟੀ ਦੀ ਸਟੱਡੀ ਅਨੁਸਾਰ, ਇੱਕ ਪਰੀਵਾਰ ਵਿੱਚ ਸਲਾਨਾ 12 ਤੋਂ 15 ਐਲਪੀਜੀ ਸਿਲੰਡਰ ਵਰਤੇ ਜਾਂਦੇ ਹਨ। ਆਮ ਆਦਮੀ ਤੇ ਇਸ ਦਾ ਕਾਫ਼ੀ ਭਾਰ ਪਵੇਗਾ। ਸੱਬਸਿੱਡੀ ਤੇ 6 ਸਿਲੰਡਰ ਮਿਲਣ ਤੋਂ ਬਾਅਦ ਉਸ ਨੂੰ ਹਰ ਸਾਲ 6 ਤੋਂ 9 ਸਿਲੰਡਰ ਮਾਰਕਿਟ ਰੇਟ ਤੇ ਖ੍ਰੀਦਣੇ ਹੋਣਗੇ।